ਪ੍ਰਸ਼ਾਸਨ ਨੂੰ ਕੀਤੀ ਗੰਦਗੀ ਦੇ ਢੇਰ ਹਟਾਉਣ ਦੀ ਅਪੀਲ ਅਤੇ ਦਿਤੀ ਸੰਘਰਸ਼ ਦੀ ਚੇਤਾਵਨੀ
ਮਾਲੇਰਕੋਟਲਾ : ਸ਼੍ਰੋਮਣੀ ਅਕਾਲੀ ਦਲ ਨੇ ਇਥੇ ਬੱਸ ਅੱਡੇ ਨੇੜੇ ਲੱਗੇ ਕੂੜੇ ਦੇ ਵੱਡੇ-ਵੱਡੇ ਢੇਰਾਂ ਨੂੰ ਹਟਾਉਣ ਦੀ ਅਪੀਲ ਕੀਤੀ ਹੈ ਅਤੇ ਨਾਲ ਹੀ ਚੇਤਾਵਨੀ ਦਿਤੀ ਹੈ ਕਿ ਜੇ ਸਰਕਾਰ, ਸੱਤਾਧਾਰੀ ਪਾਰਟੀ ਅਤੇ ਸਿਹਤ ਵਿਭਾਗ ਨੇ ਇਸ ਗੰਦ ਨੂੰ ਸ਼ਹਿਰ ਵਿਚੋਂ ਹਟਾਉਣ ਦਾ ਕੰਮ ਨਾ ਕੀਤਾ ਤਾਂ ਸੰਘਰਸ਼ ਦਾ ਰਾਹ ਅਖ਼ਤਿਆਰ ਕੀਤਾ ਜਾਵੇਗਾ। ਹਲਕਾ ਇੰਚਾਰਜ ਬੀਬਾ ਜ਼ਾਹਿਦਾ ਸੁਲੇਮਾਨ ਨੇ ਅਪਣੇ ਸੋਸ਼ਲ ਮੀਡੀਆ ਪਲੇਟ-ਫ਼ਾਰਮਾਂ ਉਤੇ ਗੰਦ ਦੇ ਵੱਡੇ-ਵੱਡੇ ਢੇਰਾਂ ਦੀਆਂ ਤਸਵੀਰਾਂ ਪੋਸਟ ਕਰਕੇ ਕਿਹਾ ਹੈ ਕਿ ਇਨ੍ਹਾਂ ਢੇਰਾਂ ਕਾਰਨ ਹੀ ਮਾਲੇਰਕੋਟਲਾ ਦੇ ਲੋਕ ਭਿਆਨਕ, ਜਾਨਲੇਵਾ ਅਤੇ ਲਾਇਲਾਜ ਬਿਮਾਰੀਆਂ ਦੇ ਪ੍ਰਕੋਪ ਵਿਚੋਂ ਬਾਹਰ ਨਹੀਂ ਨਿਕਲ ਰਹੇ। ਹਸਪਤਾਲ ਮਰੀਜ਼ਾਂ ਨਾਲ ਭਰੇ ਪਏ ਹਨ। ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਮਾਲੇਰਕੋਟਲਾ ਦੇਸ਼ ਦਾ ਪਹਿਲਾ ਅਜਿਹਾ ਸ਼ਹਿਰ ਹੈ ਜਿਸ ਨੇ ਗੰਦ ਦੇ ਢੇਰਾਂ ਨੂੰ ਸ਼ਹਿਰ ਦੇ ਬਿਲਕੁਲ ਵਿਚਾਲੇ ਅਪਣੀ ਹਿੱਕ ਉਤੇ ਸਜਾ ਕੇ ਰੱਖਿਆ ਹੋਇਆ ਹੈ। ਇਥੋਂ ਲੰਘਣ ਵਾਲਾ ਹਰ ਮਨੁੱਖ ਸਰਕਾਰ ਨੂੰ ਫਿਟੇ-ਮੂੰਹ ਆਖ ਕੇ ਲੰਘਦਾ ਹੈ। ਕਈ ਸਰਕਾਰਾਂ ਆਈਆਂ ਅਤੇ ਚਲੀਆਂ ਗਈਆਂ ਪਰ ਇਥੋਂ ਗੰਦ ਨਾ ਹਟ ਸਕਿਆ। ਹੁਣ ਝਾੜੂ ਦੀ ਸਰਕਾਰ ਹੈ ਤੇ ਝਾੜੂ ਵੀ ਇਸ ਗੰਦ ਨੂੰ ਸਾਫ਼ ਨਹੀਂ ਕਰ ਸਕੀ। ਰੰਗਲਾ ਪੰਜਾਬ ਬਣਾਉਣ ਦੇ ਦਾਅਵੇ ਕਰਨ ਵਾਲਿਆਂ ਨੂੰ ਇਹ ਗੰਦ ਨਜ਼ਰ ਕਿਉਂ ਨਹੀਂ ਆਉਂਦਾ ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਸਰਕਾਰ ਨੂੰ ਲੋਕਾਂ ਦੀਆਂ ਜ਼ਿੰਦਗੀਆਂ ਦੀ ਕੋਈ ਪ੍ਰਵਾਹ ਨਹੀਂ ਹੈ। ਸਿਹਤ ਵਿਭਾਗ ਵੀ ਅੱਖਾਂ ਬੰਦ ਕਰੀ ਬੈਠਾ ਹੈ। ਇਹ ਢੇਰ ਨਾ ਸਰਕਾਰ ਨੂੰ ਵਿਖਾਈ ਦਿੰਦੇ ਹਨ ਅਤੇ ਨਾ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਨ੍ਹਾਂ ਕਾਰਨ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇੰਝ ਜਾਪਦਾ ਹੈ ਜਿਵੇਂ ਨਗਰ ਕੌਂਸਲ ਕੋਲ ਇਸ ਗੰਦ ਨੂੰ ਹਟਾਉਣ ਦਾ ਕੋਈ ਪ੍ਰੋਗਰਾਮ ਨਹੀਂ ਹੈ। ਅਕਾਲੀ ਦਲ ਦੇ ਨੇਤਾਵਾਂ ਅਤੇ ਵਰਕਰਾਂ ਨੇ ਫ਼ੈਸਲਾ ਕੀਤਾ ਹੈ ਕਿ ਇਸ ਗੰਦ ਨੂੰ ਇਥੋਂ ਹਟਵਾਉਣ ਲਈ ਸੰਘਰਸ਼ ਕੀਤਾ ਜਾਵੇਗਾ। ਲਿਹਾਜ਼ਾ, ਅਕਾਲੀ ਦਲ ਪ੍ਰਸ਼ਾਸਨ, ਸੱਤਾਧਾਰੀ ਪਾਰਟੀ ਅਤੇ ਹੋਰ ਜ਼ਿੰਮੇਦਾਰ ਵਿਭਾਗਾਂ ਨੂੰ ਗੰਦ ਦੇ ਢੇਰ ਇਥੋਂ ਹਟਾਉਣ ਦੀ ਅਪੀਲ ਕਰਦਾ ਹੋਇਆ ਚੇਤਵਾਨੀ ਦਿੰਦਾ ਹੈ ਕਿ ਜੇ ਅਜਿਹਾ ਨਾ ਕੀਤਾ ਗਿਆ ਤਾਂ ਅਕਾਲੀ ਦਲ ਸੰਘਰਸ਼ ਆਰੰਭ ਕਰੇਗਾ।