ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਅਧਿਆਪਕ ਡਾ. ਏ. ਐੱਲ. ਜੇ. ਰਾਓ ਨੂੰ ਇੱਕ ਚੈਰੀਟੇਬਲ ਟਰੱਸਟ ਵੱਲੋਂ 'ਕਿਰਤ ਕਮਾਈ ਐਵਾਰਡ' ਦੇ ਕੇ ਸਨਮਾਨਿਆ ਗਿਆ। ਜ਼ਿਕਰਯੋਗ ਹੈ ਕਿ ਡਾ. ਰਾਓ ਪੰਜਾਬੀ ਯੂਨੀਵਰਸਿਟੀ ਦੇ ਰਸਾਇਣ ਵਿਗਿਆਨ ਵਿਭਾਗ ਦੇ ਮੋਢੀ ਅਧਿਆਪਕਾਂ ਵਿੱਚੋਂ ਇੱਕ ਸਨ। ਉਨ੍ਹਾਂ ਨੂੰ ਇਹ ਐਵਾਰਡ 'ਗ੍ਰੇਅ ਸ਼ੇਡਜ਼' ਨਾਮ ਦੇ ਚੈਰੀਟੇਬਲ ਟਰੱਸਟ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਮਾਜ ਵਿਗਿਆਨ ਸਕੂਲ ਅਤੇ ਕਲਗੀਧਰ ਟਰੱਸਟ ਬੜੂ ਸਾਹਿਬ ਦੇ ਸਹਿਯੋਗ ਨਾਲ਼ ਦਿੱਤਾ ਗਿਆ ਹੈ।
ਇਸ ਮਕਸਦ ਲਈ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟ੍ਰੇਸ਼ਨ (ਮਗਸੀਪਾ) ਸੈਕਟਰ 26 ਚੰਡੀਗੜ੍ਹ ਵਿਖੇ ਰੱਖੇ ਗਏ ਸਮਾਗਮ ਵਿੱਚ ਇਹ ਐਵਾਰਡ ਪ੍ਰਦਾਨ ਕੀਤਾ ਗਿਆ।
ਚੈਰੀਟੇਬਲ ਟਰੱਸਟ 'ਗ੍ਰੇਅ ਸ਼ੇਡਜ਼' ਦੇ ਮੋਢੀ ਅਤੇ ਕਾਰਜਕਾਰੀ ਨਿਰਦੇਸ਼ਕ ਇੰਦਰਪ੍ਰੀਤ ਸਿੰਘ ਨੇ ਦੱਸਿਆ ਕਿ ਡਾ. ਰਾਓ ਨੂੰ ਇਹ ਐਵਾਰਡ ਉਨ੍ਹਾਂ ਵੱਲੋਂ ਰਸਾਇਣ ਵਿਗਿਆਨ ਦੇ ਖੇਤਰ ਵਿੱਚ ਪਾਏ ਗਏ ਯੋਗਦਾਨ ਬਦਲੇ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਵੱਲੋਂ ਦਿੱਤਾ ਗਿਆ ਇਹ ਪਹਿਲਾ ਐਵਾਰਡ ਹੈ। ਇਸ ਐਵਾਰਡ ਦੀ ਸ਼ੁਰੂਆਤ ਇਸ ਸਾਲ ਤੋਂ ਹੀ ਕੀਤੀ ਗਈ ਹੈ। ਡਾ. ਰਾਓ ਇਸ ਪਹਿਲੇ ਸਾਲ ਐਵਾਰਡ ਲਈ ਚੁਣੀਆਂ ਗਈਆਂ 31 ਸ਼ਖ਼ਸੀਅਤਾਂ ਵਿੱਚ ਸ਼ਾਮਿਲ ਸਨ। ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀਆਂ ਸਿੱਖਿਆਵਾਂ ਤੋਂ ਪ੍ਰੇਰਿਤ ਹੋ ਕੇ, ਕਿਰਤ ਕਮਾਈ ਦੀ ਭਾਵਨਾ ਨੂੰ ਧਾਰਨ ਕਰਦਿਆਂ ਰਾਜ ਨੂੰ ਅਮੀਰ ਕਰਨ ਵਾਲੇ ਕੁੱਲ 31 ਬਜ਼ੁਰਗ ਲੋਕਾਂ ਨੂੰ ਸਨਮਾਨਿਤ ਕੀਤਾ ਗਿਆ ਹੈ। ਕਿਰਤ ਕਮਾਈ ਅਵਾਰਡਾਂ ਦਾ ਉਦੇਸ਼ ਉਨ੍ਹਾਂ ਬਜ਼ੁਰਗਾਂ ਦੇ ਅਣਥੱਕ ਯਤਨਾਂ ਨੂੰ ਮਾਨਤਾ ਦੇਣਾ ਅਤੇ ਉਨ੍ਹਾਂ ਦਾ ਸਨਮਾਨ ਕਰਨਾ ਹੈ ਜਿਨ੍ਹਾਂ ਨੇ ਸਖ਼ਤ ਮਿਹਨਤ, ਤਜਰਬੇ ਅਤੇ ਕਦਰਾਂ-ਕੀਮਤਾਂ ਵਾਲੇ ਜੀਵਨ ਨਾਲ਼ ਸਮਾਜ ਵਿੱਚ ਯੋਗਦਾਨ ਪਾਇਆ।