ਬਰਨਾਲਾ : ਜ਼ਿਲਾ ਬਰਨਾਲਾ ਦੀਆਂ ਅਨਾਜ ਮੰਡੀਆਂ ਵਿਚ ਕਣਕ ਦੀ ਚੱਲ ਰਹੀ ਖਰੀਦ ਦੌਰਾਨ ਕੋਵਿਡ 19 ਸੁਰੱਖਿਆ ਇਹਤਿਆਤਾਂ ਨੂੰ ਯਕੀਨੀ ਬਣਾਉਣ ਲਈ ਢੁਕਵੇਂ ਪ੍ਰਬੰਧ ਕਰਨ ਤੋਂ ਇਲਾਵਾ ਕਿਸਾਨਾਂ, ਆੜਤੀਆਂ, ਮਜ਼ਦੂਰਾਂ ਤੇ ਹੋਰ ਧਿਰਾਂ ਲਈ ਵਿਸ਼ੇਸ਼ ਕੈਂਪ ਲਾਉਣ ਦਾ ਸਿਲਸਿਲਾ ਸ਼ੁਰੂ ਕੀਤਾ ਹੋਇਆ ਹੈ।
ਇਹ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਮੰਡੀਆਂ ਵਿਚ ਸੈਨੇਟਾਈਜੇਸ਼ਨ ਅਤੇ ਸਮਾਜਿਕ ਦੂਰੀ ਲਈ ਮਾਰਕਿੰਗ ਤੋਂ ਇਲਾਵਾ ਮੰਡੀਆਂ ਵਿਚ ਟੀਕਾਕਰਨ ਕੈਂਪਾਂ ਦਾ ਸਿਲਸਿਲਾ ਵੀ ਸ਼ੁਰੂ ਕੀਤਾ ਹੋਇਆ ਹੈ ਤਾਂ ਜੋ ਕਰੋਨਾ ਮਹਾਮਾਰੀ ਦਾ ਟਾਕਰਾ ਕੀਤਾ ਜਾ ਸਕੇ।
ਉਨਾਂ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਵੱਲੋਂ ਪੰਜ ਮਾਰਕੀਟ ਕਮੇਟੀਆਂ ਅਧੀਨ ਮੰਡੀਆਂ ਵਿਚ ਟੀਕਾਕਰਨ ਕੈਂਪ ਲਾਏ ਜਾ ਚੁੱਕੇ ਹਨ। ਇਨਾਂ ਵਿਚ ਬਰਨਾਲਾ, ਤਪਾ, ਧਨੌਲਾ, ਭਦੌੜ ਤੇ ਮਹਿਲ ਕਲਾਂ ਦੀਆਂ ਅਨਾਜ ਮੰਡੀਆਂ ਸ਼ਾਮਲ ਹਨ। ਇਸ ਤੋਂ ਇਲਾਵਾ ਮਾਰਕੀਟ ਕਮੇਟੀ ਦਫਤਰ ਬਰਨਾਲਾ ਅਤੇ ਸਬਜ਼ੀ ਮੰਡੀ ਬਰਨਾਲਾ ਸਮੇਤ 7 ਕੈਂਪ ਲਾਏ ਜਾ ਚੁੱਕੇ ਹਨ। ਇਨਾਂ ਕੈਂਪਾਂ ਵਿਚ ਕਿਸਾਨਾਂ, ਆੜਤੀਆਂ ਤੇ ਮਜ਼ਦੂਰਾਂ ਵੱਲੋਂ ਟੀਕਾਕਰਨ ਕਰਵਾਇਆ ਗਿਆ ਹੈ। ਉਨਾਂ ਕਿਹਾ ਕਿ ਆਉਦੇ ਦਿਨੀਂ ਵੀ ਅਜਿਹੇ ਕੈਂਪ ਲਾਏ ਜਾਣਗੇ ਤਾਂ ਜੋ ਕਰੋਨਾ ਮਹਾਮਾਰੀ ਤੋਂ ਬਚਾਅ ਕੀਤਾ ਜਾ ਸਕੇ।