ਪਟਿਆਲਾ : ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਖੋਜਾਰਥੀ ਜਸਪ੍ਰੀਤ ਕੌਰ ਸਿੱਧੂ, ਜਿਸ ਨੇ ਭਾਰਤ ਸਰਕਾਰ ਦੀ ਇੱਕ ਯੋਜਨਾ ‘ਪੀ.ਐੱਮ. ਯੁਵਾ ਮੈਂਟਰਸਿ਼ਪ ਸਕੀਮ’ ਰਾਹੀਂ ਨਾਵਲ ਲਿਖਿਆ ਸੀ, ਨੂੰ ਦੇਸ ਦੀ ਮਾਣਯੋਗ ਰਾਸ਼ਟਰਪਤੀ ਦਰੋਪਦੀ ਮੁਰਮੂ ਨਾਲ਼ ਸੰਵਾਦ ਰਚਾਉਣ ਦਾ ਮੌਕਾ ਮਿਲਿਆ। ਨਵੀਂ ਦਿੱਲੀ ਵਿਖੇ ਇਨ੍ਹੀਂ ਦਿਨੀਂ ਚੱਲ ਰਹੇ ਵਿਸ਼ਵ ਪੁਸਤਕ ਮੇਲੇ ਦੌਰਾਨ ਉਨ੍ਹਾਂ ਸਾਰੇ ਨੌਜਵਾਨ ਲੇਖਕਾਂ ਨੂੰ ਰਾਸ਼ਟਰਪਤੀ ਨਾਲ਼ ਮਿਲਣੀ ਸੰਬੰਧੀ ਸੱਦਾ ਪ੍ਰਾਪਤ ਹੋਇਆ ਸੀ ਜਿਨ੍ਹਾਂ ਦੀ ‘ਪੀ.ਐੱਮ. ਯੁਵਾ ਮੈਂਟਰਸਿ਼ਪ ਸਕੀਮ’ ਤਹਿਤ ਚੋਣ ਹੋਈ ਸੀ। ਜ਼ਿਕਰਯੋਗ ਹੈ ਕਿ ਇਹ ਯੋਜਨਾ ਭਾਰਤ ਦੇ ਅਣਗੌਲ਼ੇ ਅਜ਼ਾਦੀ ਘੁਲਾਟੀਆਂ ਦੇ ਜੀਵਨ ਨੂੰ ਉਭਾਰਨ ਨਾਲ ਸੰਬੰਧਤ ਹੈ ਜਿਸ ਅਧੀਨ ਜਸਪ੍ਰੀਤ ਕੌਰ ਸਿੱਧੂ ਵੱਲੋਂ ਬੰਤਾ ਸਿੰਘ ਸੰਘਵਾਲ਼ ਦੀ ਜ਼ਿੰਦਗੀ ਉੱਤੇ ਅਧਾਰਿਤ ਨਾਵਲ 'ਗ਼ਦਰ ਦੀ ਰਾਹ 'ਤੇ' ਲਿਖਿਆ ਗਿਆ ਹੈ। ਵਰਣਨਯੋਗ ਹੈ ਕਿ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵੱਲੋਂ ਇਸ ਯੋਜਨਾ ਲਈ ਤਜਵੀਜ਼ ਤਿਆਰ ਕਰਨ ਦੀ ਸਿਖਲਾਈ ਦੇਣ ਹਿਤ ਇਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਸੀ। ਇਸ ਵਿੱਚ ਤੀਹ ਵਿਦਿਆਰਥੀਆਂ ਵੱਲੋਂ ਸਿ਼ਰਕਤ ਕੀਤੀ ਗਈ ਸੀ। ਇਨ੍ਹਾਂ ਤੀਹ ਵਿੱਚੋਂ ਚਾਰ ਵਿਦਿਆਰਥੀਆਂ ਵੱਲੋਂ ਇਹ ਤਜਵੀਜ਼ ਤਿਆਰ ਕਰ ਕੇ ਇਸ ਯੋਜਨਾ ਲਈ ਭੇਜੀ ਗਈ ਸੀ ਜਿਨ੍ਹਾਂ ਵਿੱਚੋਂ ਜਸਪ੍ਰੀਤ ਕੌਰ ਸਿੱਧੂ ਨੂੰ ਇਹ ਸਫਲਤਾ ਹਾਸਿਲ ਹੋਈ ਸੀ। ਉਪ-ਕੁਲਪਤੀ ਪ੍ਰੋ. ਅਰਵਿੰਦ ਵੱਲੋਂ ਜਸਪ੍ਰੀਤ ਕੌਰ ਨੂੰ ਵਿਸ਼ੇਸ਼ ਤੌਰ ਉੱਤੇ ਵਧਾਈ ਦਿੰਦਿਆਂ ਕਿਹਾ ਕਿ ਵਿਦਿਆਰਥੀਆਂ ਦਾ ਇਸ ਤਰ੍ਹਾਂ ਕੌਮੀ ਪੱਧਰ ਉੱਤੇ ਨਾਮਣਾ ਖੱਟਣਾ ਅਦਾਰੇ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀਆਂ ਅਜਿਹੀਆਂ ਪ੍ਰਾਪਤੀਆਂ ਯੂਨੀਵਰਸਿਟੀ ਵਿਚਲੇ ਅਕਾਦਮਿਕ ਮਾਹੌਲ ਦੇ ਮਿਆਰ ਸੰਬੰਧੀ ਵੀ ਤਸਦੀਕ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਪੇਂਡੂ, ਗਰੀਬ, ਪੱਛੜੇ ਵਰਗ ਅਤੇ ਲੜਕੀਆਂ, ਇਨ੍ਹਾਂ ਚਾਰ ਵਰਗਾਂ ਨੂੰ ਉਚੇਰੀ ਸਿੱਖਿਆ ਦੇ ਖੇਤਰ ਵਿੱਚ ਪ੍ਰਫੁੱਲਿਤ ਕਰਨ ਲਈ ਵਿਸ਼ੇਸ਼ ਕਾਰਜ ਕਰ ਰਹੀ ਹੈ। ਜਸਪ੍ਰੀਤ ਕੌਰ ਨੂੰ ਇਹ ਸਨਮਾਨ ਹਾਸਿਲ ਹੋਣਾ ਇਸ ਦਿਸ਼ਾ ਵਿੱਚ ਇੱਕ ਹੋਰ ਅਹਿਮ ਕਦਮ ਹੈ। ਜਸਪ੍ਰੀਤ ਕੌਰ ਨੇ ਅਪਣਾ ਅਨੁਭਵ ਸਾਂਝਾ ਕਰਦਿਆਂ ਦੱਸਿਆ ਕਿ ਉਸ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਲਾਇਬ੍ਰੇਰੀ ਅਤੇ ਹੋਰਨਾਂ ਸਰੋਤਾਂ ਨੂੰ ਪੂਰੀ ਤਨਦੇਹੀ ਨਾਲ ਘੋਖਿਆ ਸੀ ਤਾਂ ਕਿ ਇਤਿਹਾਸ ਵਿਚਲੇ ਅਜਿਹੇ ਨਾਇਕਾਂ ਨੂੰ ਲੱਭਿਆ ਜਾ ਸਕੇ ਜੋ ਹਾਲੇ ਤੱਕ ਅਣਗੌਲ਼ੇ ਹਨ ਅਤੇ ਆਪਣੇ ਹਿੱਸੇ ਦੀ ਬਣਦੀ ਤਵੱਜੋ ਹਾਸਿਲ ਨਹੀਂ ਕਰ ਸਕੇ। ਇਸ ਪ੍ਰਕਿਰਿਆ ਦੌਰਾਨ ਉਨ੍ਹਾਂ ਨੂੰ ਜੈਤੇਗ ਸਿੰਘ ਅਨੰਤ ਵੱਲੋਂ ਰਚਿਤ ਪੁਸਤਕ ਦੇ ਹਵਾਲੇ ਨਾਲ ਬੰਤਾ ਸਿੰਘ ਸੰਘਵਾਲ਼ ਦਾ ਨਾਮ ਮਿਲਿਆ ਜੋ ਭਾਰਤ ਦੀ ਅਜ਼ਾਦੀ ਦੀ ਲੜਾਈ ਵਿੱਚ ਗਦਰ ਲਹਿਰ ਦੇ ਨਾਇਕਾਂ ਵਿੱਚ ਸ਼ੁਮਾਰ ਹਨ। ਉਨ੍ਹਾਂ ਦੀ ਜਿ਼ੰਦਗੀ ਬਾਰੇ ਜਾਣਨ ਲਈ ਜਸਪ੍ਰੀਤ ਕੌਰ ਵੱਲੋਂ ਜੈਤੇਗ ਸਿੰਘ ਨਾਲ ਈ-ਮੇਲ ਰਾਹੀਂ ਸੰਪਰਕ ਸਾਧਿਆ ਗਿਆ ਜਿੱਥੋਂ ਉਨ੍ਹਾਂ ਨੂੰ ਹੋਰ ਵੇਰਵੇ ਹਾਸਿਲ ਹੋਏ ਅਤੇ ਉਨ੍ਹਾਂ ਰਾਹੀਂ ਹੀ ਬੰਤਾ ਸਿੰਘ ਸੰਘਾਵਾਲ਼ਾ ਦੀ ਕੈਨੇਡਾ ਰਹਿੰਦੀ ਪੋਤਰੀ ਜਸਬੀਰ ਕੌਰ ਗਿੱਲ ਦਾ ਸੰਪਰਕ ਹਾਸਿਲ ਹੋਇਆ। ਫਿਰ ਜਸਬੀਰ ਕੌਰ ਗਿੱਲ ਨਾਲ ਸੰਪਰਕ ਕਾਇਮ ਕਰ ਕੇ ਉਨ੍ਹਾਂ ਵੱਲੋਂ ਹੋਰ ਵੇਰਵੇ ਹਾਸਿਲ ਕੀਤੇ ਗਏ। ਪੂਰੀ ਖੋਜ ਉਪਰੰਤ ਜਸਪ੍ਰੀਤ ਕੌਰ ਨੇ ਵਾਚਿਆ ਕਿ ਉਨ੍ਹਾਂ ਦੀ ਜਿ਼ੰਦਗੀ ਬਾਰੇ ਸਿਰਫ਼ ਕੁੱਝ ਲੇਖ ਜਾਂ ਹਵਾਲੇ ਹੀ ਉਪਲੱਬਧ ਹਨ। ਕੋਈ ਵੀ ਨਾਵਲਨੁਮਾ ਵਿਸਤ੍ਰਿਤ ਰਚਨਾ ਮੌਜੂਦ ਨਹੀਂ ਜਿਸ ਤੋਂ ਨੌਜਵਾਨਾਂ ਨੂੰ ਸਮੁੱਚ ਵਿੱਚ ਉਨ੍ਹਾਂ ਦੀ ਜਿ਼ੰਦਗੀ ਅਤੇ ਸੰਘਰਸ਼ ਬਾਰੇ ਜਾਣਕਾਰੀ ਹਾਸਿਲ ਹੋ ਸਕੇ ਅਤੇ ਉਹ ਸੇਧ ਲੈ ਸਕਣ। ਸਿਰਫ਼ ਇੱਕ ਖੋਜ ਕਾਰਜ ਹੀ ਹਿੰਦੀ ਵਿੱਚ ਉਨ੍ਹਾਂ ਉੱਪਰ ਹੋਇਆ ਸੀ। ਇਸ ਸਾਰੀ ਪਿੱਠਭੂਮੀ ਨੂੰ ਧਿਆਨ ਵਿੱਚ ਰੱਖ ਕੇ ਜਸਪ੍ਰੀਤ ਕੌਰ ਸਿੱਧੂ ਵੱਲੋਂ ਇਹ ਨਾਵਲ ਲਿਖਿਆ ਗਿਆ।