ਬਰਨਾਲਾ : ਸੂਬੇ ਦੇ ਸਿੱਖਿਆ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਦੀ ਅਗਵਾਈ ਅਤੇ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਦੀ ਰਹਿਨੁਮਾਈ ਹੇਠ ਸਕੂਲ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ 'ਚ ਪੜ੍ਹਦੇ ਵਿਦਿਆਰਥੀਆਂ ਦੇ ਮਾਪਿਆਂ ਨਾਲ14 ਤੋਂ 19 ਸਤੰਬਰ ਤੱਕ ਆਲਾਈਨ ਮਿਲਣੀ ਕਰਕੇ ਮਨਾਏ ਜਾ ਰਹੇ ਮਾਪੇ ਅਧਿਆਪਕ ਹਫਤੇ ਪ੍ਰਤੀ ਵਿਦਿਆਰਥੀਆਂ ਅਤੇ ਮਾਪਿਆਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।
ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸ੍ਰ ਸਰਬਜੀਤ ਸਿੰਘ ਤੂਰ,ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸ੍ਰੀਮਤੀ ਹਰਕੰਵਲਜੀਤ ਕੌਰ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸ੍ਰੀਮਤੀ ਵਸੁੰਧਰਾ ਕਪਿਲਾ ਨੇ ਦੱਸਿਆ ਕਿ ਸਮੂਹ ਸਕੂਲ ਮੁਖੀਆਂ ਅਤੇ ਅਧਿਆਪਕਾਂ ਵੱਲੋਂ ਪ੍ਰੀ-ਪ੍ਰਾਇਮਰੀ ਤੋਂ ਲੈ ਕੇ ਬਾਰਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੇ ਵਟਸਐਪ ਗਰੁੱਪਾਂ ਅਤੇ ਫੋਨ ਕਾਲ ਜਰੀਏ ਮਾਪਿਆਂ ਨੂੰ ਆਨਲਾਈਨ ਮਿਲਣੀ ਦੇ ਅਗਾਊਂ ਦਿੱਤੇ ਸ਼ਡਿਊਲ ਅਨੁਸਾਰ ਮੀਟਿੰਗਾਂ ਕਰਨ ਦਾ ਸਿਲਸਿਲਾ ਜਾਰੀ ਹੈ।ਉਹਨਾਂ ਦੱਸਿਆ ਕਿ ਜਮਾਤਵਾਰ ਕੀਤੀਆਂ ਜਾ ਰਹੀਆਂ ਮੀਟਿੰਗਾਂ ਵਿੱਚ ਵਿਦਿਆਰਥੀਆਂ ਦੇ ਮਾਪੇ ਉਤਸ਼ਾਹ ਨਾਲ ਭਾਗ ਲੈ ਕੇ ਜਿੱਥੇ ਅਧਿਆਪਕਾਂ ਪਾਸੋਂ ਵਿਦਿਆਰਥੀਆਂ ਨੂੰ ਆਨਲਾਈਨ ਤਰੀਕੇ ਨਾਲ ਕਰਵਾਈ ਜਾ ਰਹੀ ਪੜ੍ਹਾਈ ਅਤੇ ਕਰਵਾਏ ਜਾ ਰਹੇ ਪੰਜਾਬ ਅਚੀਵਮੈਂਟ ਸਰਵੇ ਦੇ ਮੁਲਾਂਕਣ ਸਮੇਤ ਵਿਭਾਗ ਦੀਆਂ ਸਮੁੱਚੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਹਾਸਿਲ ਕਰ ਰਹੇ ਹਨ,ਉੱਥੇ ਹੀ ਮੁਲਾਂਕਣ ਦੌਰਾਨ ਆਪੋ ਆਪਣੇ ਬੱਚਿਆਂ ਦੀਆਂ ਪ੍ਰਾਪਤੀਆਂ ਤੋਂ ਵੀ ਜਾਣੂ ਹੋ ਰਹੇ ਹਨ।ਸ੍ਰੀਮਤੀ ਇਕਬਾਲ ਕੌਰ ਪ੍ਰਿੰਸੀਪਲ,ਸ੍ਰੀਮਤੀ ਅਰੁਣ ਗਰਗ ਪ੍ਰਿੰਸੀਪਲ,ਸ੍ਰ ਰਜਿੰਦਰਪਾਲ ਸਿੰਘ ਪ੍ਰਿੰਸੀਪਲ,ਸ੍ਰੀਮਤੀ ਸੁਰੇਸ਼ਟਾ ਰਾਣੀ ਹੈਡਮਿਸਟ੍ਰੈਸ, ਸ੍ਰੀਮਤੀ ਹਰਪ੍ਰੀਤ ਕੌਰ ਹੈਡਮਿਸਟ੍ਰੈਸ,ਸ੍ਰੀ ਕਮਲਜੀਤ ਸ਼ਰਮਾ ਹੈਡਮਾਸਟਰ, ਸ੍ਰੀ ਰਾਜੇਸ਼ ਕੁਮਾਰ ਹੈਡਮਾਸਟਰ,ਸ੍ਰੀ ਪੁਨੀਤ ਕੁਮਾਰ ਹੈਡਮਾਸਟਰ ਅਤੇ ਸ੍ਰ ਦਰਸ਼ਨ ਸਿੰਘ ਖੇੜੀ ਇੰਚਾਰਜ ਸਮੇਤ ਬਹੁਤ ਸਾਰੇ ਸਕੂਲ ਮੁਖੀਆਂ ਨੇ ਦੱਸਿਆ ਕਿ ਮਿਲਣੀ ਹਫਤੇ ਦੌਰਾਨ ਸਕੂਲ 'ਚ ਪੜ੍ਹਦੇ ਹਰ ਵਿਦਿਆਰਥੀ ਦੇ ਮਾਪਿਆਂ ਨਾਲ ਲਾਜ਼ਮੀ ਤੌਰ 'ਤੇ ਰਾਬਤਾ ਬਣਾਇਆ ਜਾਵੇਗਾ।ਉਹਨਾਂ ਅੱਗੇ ਦੱਸਿਆ ਕਿ ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਮਿਲਣੀ ਦੌਰਾਨ ਸਿੱਖਿਆ ਵਿਭਾਗ ਵੱਲੋਂ ਤਾਲਾਬੰਦੀ ਦੇ ਸਮੇਂ ਵਿਦਿਆਰਥੀਆਂ ਦੀ ਪੜ੍ਹਾਈ ਲਈ ਉਠਾਏ ਕਦਮਾਂ ਨੂੰ ਸਲਾਹੁਣ ਦੇ ਨਾਲ ਨਾਲ ਸਹਿਯੋਗ ਦਾ ਵੀ ਵਿਸ਼ਵਾਸ਼ ਦਿਵਾਇਆ ਜਾ ਰਿਹਾ ਹੈ।ਉਹਨਾਂ ਦੱਸਿਆ ਕਿ ਮਿਲਣੀ ਦੌਰਾਨ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਕੋਰੋਨਾ ਮਹਾਂਮਾਰੀ ਬਾਰੇ ਸਰਕਾਰ ਦੀਆਂ ਹਦਾਇਤਾਂ ਦਾ ਪਾਲਣ ਕਰਦਿਆਂ ਕੋਰੋਨਾ ਵਾਇਰਸ ਦੇ ਖਤਰੇ ਤੋਂ ਬਚਾਅ ਲਈ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ।ਵਿਭਾਗ ਦੇ ਜਿਲ੍ਹਾ ਮੀਡੀਆ ਕੋਆਰਡੀਨੇਟਰ ਨੇ ਦੱਸਿਆ ਕਿ ਸਿੱਖਿਆ ਵਿਭਾਗ ਦਾ ਆਨਲਾਈਨ ਮਿਲਣੀਆਂ ਦਾ ਉਪਰਾਲਾ ਯਕੀਨੀ ਤੌਰ 'ਤੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਪੜ੍ਹਾਈ ਅਤੇ ਸਿਹਤ ਲਈ ਵਰਦਾਨ ਸਿੱਧ ਹੋਵੇਗਾ।