ਦਾਦਰੀ (ਹਰਿਆਣਾ) : ਹਰਿਆਣਾ ਦੇ ਖੇਤਰ ਦਾਦਰੀ ਵਿੱਚ ਇਕ ਨੌਜਵਾਨ ਨੂੰ ਹਨੀਟਰੇਪ ਵਿੱਚ ਫ਼ਸਾ ਕੇ ਉਸ ਨਾਲ ਮਾਰਕੁਟਾਈ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਗਈ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਕਰਨ ਵਿੱਚ ਲੱਗ ਗਈ ਹੈ।
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਹਰਿਆਣਾ ਦੇ ਚਰਖ਼ੀ ਦਾਦਰੀ ਖੇਤਰ ਵਿੱਚ ਰਾਜਸਥਾਨ ਦੇ ਝੂੰਝਨੂ ਜ਼ਿਲ੍ਹੇ ਦੇ ਪਿੰਡ ਕਾਸਨੀ ਦੇ ਨੌਜਵਾਨ ਜਿਸ ਦੀ ਪਛਾਣ ਸੰਜੈ ਵਜੋਂ ਹੋਈ ਹੈ, ਨੂੰ ਇਕ ਨੈਨਸੀ ਨਾਮ ਦੀ ਲੜਕੀ ਨੇ ਵਟਸਐੱਪ ਮੈਸੇਜ਼ ਰਾਹੀਂ ਦੋਸਤ ਬਣਾ ਲਿਆ। ਸੰਜੈ ਨੇ ਪੁਲਿਸ ਨੂੰ ਦਸਿਆ ਹੈ ਕਿ ਲੜਕੀ ਰੂੜਡੌਲ ਦੀ ਰਹਿਣ ਵਾਲੀ ਹੈ। ਸੰਜੈ ਦਾ ਵਿਆਹ ਵੀ ਰੂੜਡੌਲ ਵਿੱਚ ਹੋਇਆ ਹੈ। ਜਦੋਂ ਉਹ 19 ਫ਼ਰਵਰੀ ਨੂੰ ਆਪਣੀ ਪਤਨੀ ਨੂੰ ਪੇਕੇ ਛੱਡਣ ਲਈ ਗਿਆ ਤਾਂ ਉਸ ਸਮੇਂ ਨੈਨਸੀ ਨੇ ਉਸਨੂੰ ਮੈਸੇਜ਼ ਕਰ ਕੇ ਉਥੇ ਦੇ ਕਾਲਜ ਜਿਸ ਦਾ ਨਾਮ ਝੋਝੂਕਲਾਂ ਮਹਿਲਾ ਕਾਲਜ ਦੇ ਨੇੜੇ ਮਿਲਣ ਲਈ ਬੁਲਾ ਲਿਆ। ਜਦੋਂ ਉਹ ਉਥੇ ਗਿਆ ਤਾਂ ਉਸ ਲੜਕੀ ਨੇ ਉਸ ਨੂੰ ਇੰਤਜ਼ਾਰ ਕਰਨ ਲਈ ਕਿਹਾ। ਸੰਜੈ ਨੇ ਦਸਿਆ ਕਿ ਲੜਕੀ ਦਾ ਆਈ ਨਹੀਂ ਪਰ ਇਕ ਮੋਟਰ ਸਾਈਕਲ ’ਤੇ ਸਵਾਰ ਤਿੰਨ ਨੌਜਵਾਨ ਉਥੇ ਪਹੁੰਚ ਗਏ। ਉਨ੍ਹਾਂ ਵਿਚੋਂ ਇਕ ਨੇ ਉਕਤ ਲੜਕੀ ਦਾ ਦੋਸਤ ਹੋਣ ਦੀ ਗੱਲ ਆਖੀ ਅਤੇ ਨਾਲ ਹੀ ਕਿਹਾ ਕਿ ਉਸ ਲੜਕੀ ਨੇ ਹੀ ਤੈਨੂੰ ਮਾਰਨ ਲਈ ਭੇਜਿਆ ਹੈ। ਇਸੇ ਦੌਰਾਨ ਤਿੰਨਾਂ ਨੌਜਵਾਨਾਂ ਨੇ ਸੰਜੈ ਦੀ ਮਾਰ ਕੁੱਟ ਕਰਨੀ ਸ਼ੁਰੂ ਕਰ ਦਿੱਤੀ। ਸੰਜੈ ਨੇ ਪੁਲਿਸ ਕੋਲ ਆਪਣੇ ਬਿਆਨਾਂ ਵਿੱਚ ਇਹ ਵੀ ਆਖਿਆ ਹੈ ਕਿ ਇਕ ਨੌਜਵਾਨ ਨੇ ਉਸ ਸਮੇਂ ਹਵਾਈ ਫ਼ਾਇਰ ਵੀ ਕੀਤਾ। ਸੰਜੈ ਨੇ ਕਿਹਾ ਕਿ ਉਸਨੂੰ ਨੇੜੇ ਖੜ੍ਹੇ ਲੋਕਾਂ ਨੇ ਹਸਪਤਾਲ ਭਰਤੀ ਕਰਵਾਇਆ। ਸੰਜੈ ਨੇ ਪੁਲਿਸ ਕੋਲ ਉਕਤ ਨੌਜਵਾਨਾਂ ਅਤੇ ਲੜਕੀ ਵਿਰੁਧ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।