ਹਰਿਆਣਾ : ਹਰਿਆਣਾ ਦੇ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਮਨੋਹਰ ਲਾਲ ਨੇ ਅੱਜ ਬਜਟ ਪੇਸ਼ ਕੀਤਾ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਸ ਬਜਟ (Budegt) ਵਿੱਚ ਬਹੁਤ ਵੱਡੇ ਐਲਾਨ ਕੀਤੇ ਗਏ ਹਨ। ਹਰਿਆਣਾ ਦੀਆਂ ਸੜਕਾਂ ’ਤੇ ਹੁਣ ਸਲੀਪਰ ਬੱਸਾਂ ਦੌੜਨਗੀਆਂ ਅਤੇ ਹਰਿਆਣਾ ਰੋਡਵੇਜ਼ (Haryana Roadways) ਨੂੰ 650 ਨਵੀਆਂ ਬਸਾਂ ਵੀ ਮਿਲਣਗੀਆਂ। ਇਸ ਤੋਂ ਇਲਾਵਾ ਇਸ ਬਜਟ ਵਿੱਚ ਸਰਕਾਰ ਵੱਲੋਂ ਯਾਤਰੀਆਂ ਨੂੰ ਵੀ ਵੱਡੀਆਂ ਸਹੂਲਤਾਂ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਜਿਥੇ ਸਰਕਾਰ ਵੱਲੋਂ ਹਰਿਆਣਾ ਵਿੱਚ ਸਲੀਪਰ ਬਸਾਂ ਚਲਾਉਣ ਦਾ ਫ਼ੈਸਲਾ ਲਿਆ ਗਿਆ ਹੈ ਉਥੇ ਹੀ 100 ਨਵੇਂ ਬਸ ਸ਼ੈਲਟਰ ਬਣਾਉਣ ਦਾ ਫ਼ੈਸਲਾ ਲਿਆ ਗਿਆ ਹੈ। ਬਜਟ ਵਿੱਚ ਸਰਕਾਰ ਵੱਲੋਂ ਯਾਤਰੀਆਂ ਦੀਆਂ ਸਹੁੂਲਤਾਂ ਨੂੰ ਮੁੱਖ ਰਖਦਿਆਂ 650 ਬਸਾਂ ਨਵੀਆਂ ਖ਼ਰੀਦਣ ਦਾ ਵੀ ਫ਼ੈਸਲਾ ਲਿਆ ਹੈ। ਹਰਿਆਣਾ ਵਿੱਚ ਸਰਕਾਰ ਵੱਲੋਂ ਅੰਤੋਦਿਆ ਪਰਿਵਾਰ ਪਰਿਵਾਹਨ ਯੋਜਨਾ ਤਹਿਤ ਯਾਤਰੀਆਂ ਨੂੰ ਮੁਫ਼ਤ ਸਫ਼ਰ ਕਰਨ ਦੀ ਸਹੂਲਤਾਂ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਤਹਿਤ ਜਿਹੜੇ ਪਰਿਵਾਰ ਦੀ ਆਮਦਨ 1 ਲੱਖ ਰੁਪਏ ਸਾਲਾਨਾ ਤੋਂ ਘੱਟ ਹੈ ਨੂੰ ਸਾਲਾਨਾ 1000 ਕਿਲੋਮੀਟਰ ਮੁਫ਼ਤ ਸਫ਼ਰ ਕਰਨ ਦੀ ਸਹੂਲਤ ਦਿੱਤੀ ਜਾਵੇਗੀ। ਸਰਕਾਰ ਦਾ ਅਨੁਮਾਨ ਹੈ ਕਿ ਇਸ ਯੋਜਨਾ ਨਾਲ ਕੁੱਲ 84 ਲੱਖ ਦੇ ਕਰੀਬ ਲੋਕਾਂ ਨੂੰ ਇਸ ਦਾ ਫ਼ਾਇਦਾ ਹੋਵੇਗਾ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਵੀ ਔਰਤਾਂ ਨੂੰ ਮੁਫ਼ਤ ਸਫ਼ਰ ਕਰਨ ਦੀ ਸਹੂਲਤ ਦਿੱਤੀ ਹੋਈ ਹੈ।