ਕਰਨਾਲ : ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਸਨਿੱਚਰਕਾਰ ਨੂੰ ਕਰਨਾਲ ਦਾ ਦੌਰਾ ਕਰਨਗੇ ਅਤੇ ਇਸ ਦੌਰਾਨ ਉਹ ਛੇ ਯੋਜਨਾਵਾਂ ਦਾ ਨੀਂਹ ਪੱਥਰ ਵੀ ਰੱਖਣਗੇ ਅਤੇ ਇਕ ਦਾ ਉਦਘਾਟਨ ਕਰਨਗੇ। ਇਸ ਤੋਂ ਇਲਾਵਾ ਕਲਪਨਾ ਚਾਵਲਾ ਮੈਡੀਕਲ ਕਾਲਜ ਦੇ ਆਡੀਟੋਰੀਅਮ ਤੋਂ ਪੰਜ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ ਜਾਵੇਗਾ। ਇਸ ਮੌਕੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਹਨ। ਜ਼ਿਕਰਯੋਗ ਹੈ ਕਿ ਕਲਪਨਾ ਚਾਵਲਾ ਮੈਡੀਕਲ ਕਾਲਜ ਦੇ ਫੇਜ 2 ਦਾ ਨਿਰਮਾਣ ਲਈ ਜੋਕਿ 169.58 ਕਰੋੜ ਰੁਪਏ ਨਾਲ ਤਿਆਰ ਹੋਵੇਗਾ, ਨੂੰ ਪ੍ਰਵਾਨਗੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਪਿੰਡ ਕੰਬੋਪੁਰਾ ਨੇੜੇ ਐਲਪੀਯੂਪੀ ਦਾ ਨਿਰਮਾਣ ਜਿਸ ’ਤੇ 14.88 ਕਰੋੜ ਰੁਪਏ ਦੀ ਲਾਗਤ ਆਵੇਗੀ ਅਤੇ ਨੈਸ਼ਨਲ ਹਾਈਵੇਅ-44 ਸਣੇ ਹੋਰ ਸਬੰਧਤ ਕੰਮ ਸ਼ਾਮਲ ਹਨ। ਕੁਟੇਲ ਸਥਿਤ ਪੰਡਿਤ ਦੀਨ ਦਿਆਲ ਉਪਾਧਿਆਏ ਹੈਲਥ ਸਾਇੰਸਿਜ਼ ਯੂਨੀਵਰਸਿਟੀ ਵਿੱਚ 33.41 ਕਰੋੜ ਰੁਪਏ ਦੀ ਲਾਗਤ ਨਾਲ ਇਕ ਪ੍ਰਾਈਵੇਟ ਵਾਰਡ ਬਣਾਇਆ ਜਾਵੇਗਾ। ਹਲਕਾ ਗੋਹਾਣਾ ਦੇ ਪਿੰਡ ਖ਼ਾਨਪੁਰ ਕਲਾਂ ਵਿੱਚ ਸਥਿਤ ਭਗਤ ਫ਼ੂਲ ਸਿੰਘ ਸਰਕਾਰੀ ਮੈਡੀਕਲ ਕਾਲਜ ਵਿੱਚ 419.13 ਕਰੋੜ ਰੁਪਏ ਦੀ ਲਾਗਤ ਨਾਲ 3 ਚਰਨ ਦੀ ਉਸਾਰੀ ਅਤੇ ਪੰਡਿਤ ਭਾਗਵਤ ਦਿਆਲ ਸ਼ਰਮਾ ਪੀਜੀਆਈਐਮਐਸ ਰੋਹਤਕ ਵਿੱਚ 155.36 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਪ੍ਰਾਈਵੇਟ ਵਾਰਡ ਅਤੇ 43.44 ਕਰੋੜ ਰੁਪਏ ਜੀਂਦ ਜ਼ਿਲ੍ਹੇ ਦੇ ਸਫ਼ੀਦੋਂ ਵਿੱਚ ਕਰੋੜਾਂ ਰੁਪਏ ਦੀ ਲਾਗਤ ਨਾਲ ਸਰਕਾਰੀ ਨਰਸਿੰਗ ਕਾਲਜ ਦੀ ਉਸਾਰੀ ਦਾ ਕੰਮ ਸ਼ਾਮਲ ਹੋਵੇਗਾ।