ਮੋਗਾ : ਮੋਗਾ ਪੁਲਿਸ ਨੇ ਦੋਹਰੇ ਕਤਲ ਦੀ ਗੁੱਥੀ ਸੁਲਝਾਉਂਦਿਆਂ ਕਤਲ ਕੇਸ ’ਚ ਸ਼ਾਮਲ ਦੋ ਦੋਸ਼ੀਆਂ ਨੂੰ ਕਾਬੂ ਕਰਕੇ ਉਨ੍ਹਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਅਕਾਸ਼ਦੀਪ ਸਿੰਘ ਪੁੱਤਰ ਗੁਰਸੇਵਕ ਸਿੰਘ ਵਾਸੀ ਬੱਧਨੀ ਖੁਰਦ ਵੱਲੋਂ ਥਾਣਾ ਮੈਹਿਣਾ ਪੁਲਿਸ ਨੂੰ ਇਤਲਾਹ ਦਿੱਤੀ ਕਿ ਮਿਤੀ 22.02.2024 ਨੂੰ ਉਸ ਦਾ ਭਰਾ ਮਨੀਕਰਨ ਸਿੰਘ ਨੂੰ ਰਾਜੇਸ਼ ਸਿੰਘ ਪੁੱਤਰ ਸਤਪਾਲ ਸਿੰਘ ਅਤੇ ਕੁਲਵਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀਆਨ ਬੱਧਨੀ ਖੁਰਦ ਵਕਤ ਕ੍ਰੀਬ 7 ਵਜੇ ਤੇ ਘਰੋਂ ਲੈ ਗਏ ਕਿ ਮੋਗਾ ਸਿਨੇਮਾ ਵਿੱਚ ਫਿਲਮ ਦਿਖਾਉਣੀ ਹੈ। ਰਾਤ ਨੂੰ ਮਨੀਕਰਨ ਸਿੰਘ ਤੇ ਰਾਜੇਸ਼ ਕੁਮਾਰ ਤੇ ਕੁਲਵਿੰਦਰ ਸਿੰਘ ਉਕਤਾਨ ਘਰ ਨਹੀ ਆਏ। ਜਿਸ ਤੇ ਅਗਲੇ ਦਿਨ ਮੁਦੱਈ ਤੇ ਉਸਦਾ ਭਾਈ ਗਗਨਦੀਪ ਸਿੰਘ ਮੋਗਾ ਸ਼ਹਿਰ ਵਿਖੇ ਤਲਾਸ਼ ਕਰਨ ਲੱਗੇ ਤਾਂ ਉਹਨਾ ਨੂੰ ਬੁੱਘੀਪੁਰਾ ਚੋਂਕ ਵਿੱਚ ਰਾਜੇਸ਼ ਸਿੰਘ ਤੇ ਕੁਲਵਿੰਦਰ ਸਿੰਘ ਜਗਰਾਓ ਸਾਈਡ ਤੋਂ ਸੜਕ ਦੇ ਨਾਲ ਤੁਰੇ ਆਉਂਦੇ ਮਿਲੇ। ਜਿਨ੍ਹਾਂ ਮੁਦੱਈ ਹੁਰਾਂ ਮਨੀਕਰਨ ਸਿੰਘ ਬਾਰੇ ਪੁੱਛਿਆ। ਜਿਹਨਾ ਨੇ ਕੋਈ ਸਪੱਸ਼ਟ ਜਵਾਬ ਨਹੀ ਦਿੱਤਾ। ਮੁਦੱਈ ਨੂੰ ਪੂਰਾ ਯਕੀਨ ਹੋਇਆ ਕਿ ਇਨ੍ਹਾਂ ਦੋਨਾਂ ਜਾਣਿਆ ਨੇ ਮੁਦੱਈ ਦੇ ਭਰਾ ਮਨੀਕਰਨ ਸਿੰਘ ਨੂੰ ਮਾਰ ਦੇਣ ਦੀ ਨੀਅਤ ਨਾਲ ਘਰੋ ਫੁਸਲਾ ਕੇ ਲਿਆਂਦਾ ਹੈ। ਜਿਸ ਤੇ ਅਕਾਸ਼ਦੀਪ ਸਿੰਘ ਦੇ ਬਿਆਨ ਤੇ ਰਾਜੇਸ਼ ਸਿੰਘ ਅਤੇ ਕੁਲਵਿੰਦਰ ਸਿੰਘ ਉਕਤਾਨ ਖਿਲਾਫ ਮੁਕੱਦਮਾ ਨੰਬਰ 14 ਮਿਤੀ 23.02.2024 ਅ/ਧ 364 ਭ:ਦ ਥਾਣਾ ਮੈਹਿਣਾ ਦਰਜ ਰਜਿਸਟਰ ਕੀਤਾ ਗਿਆ। ਇਸੇ ਦੋਰਾਨ ਇੰਸ:ਪ੍ਰਤਾਪ ਸਿੰਘ ਮੁੱਖ ਅਫਸਰ ਥਾਣਾ ਬੱਧਨੀ ਕਲਾਂ ਸਮੇਤ ਸਾਥੀਆ ਕ੍ਰਮਚਾਰੀਆ ਦੇ ਬਰਾਏ ਗਸ਼ਤ ਨੇੜੇ ਯਾਦਗਰੀ ਗੇਟ ਨੱਛਤਰ ਸਿੰਘ ਧਾਲੀਵਾਲ ਬੱਧਨੀ ਖੁਰਦ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਪਿੰਡ ਬੱਧਨੀ ਖੁਰਦ ਦੇ ਵਸਨੀਕ ਮਨਦੀਪ ਸਿੰਘ ਉਰਫ ਤੀਰਥ ਪੁੱਤਰ ਕਰਨੈਲ ਸਿੰਘ ਪੁੱਤਰ ਚੰਦ ਸਿੰਘ ਨੂੰ ਮਨੀਕਰਨ ਸਿੰਘ ਪੁੱਤਰ ਗੁਰਸੇਵਕ ਸਿੰਘ ਵਾਸੀ ਬੱਧਨੀ ਖੁਰਦ, ਰਾਜੇਸ਼ ਸਿੰਘ, ਕੁਲਵਿੰਦਰ ਸਿੰਘ ਵਾਸੀਆਨ ਬੱਧਨੀ ਖੁਰਦ ਨੇ ਸਾਜਿਸ਼ ਬਣਾਕੇ ਕਾਫੀ ਦਿਨ ਪਹਿਲਾ ਕਤਲ ਕਰ ਦਿੱਤਾ ਸੀ ਤੇ ਕਤਲ ਕਰਨ ਤੋਂ ਬਾਅਦ ਮਨਦੀਪ ਸਿੰਘ ਦੀ ਲਾਸ਼ ਉਸਦੇ ਘਰ ਵਿੱਚ ਹੀ ਰੱਖ ਕੇ ਬੰਦ ਕਰ ਦਿੱਤੀ ਸੀ। ਜਿਸ ਤੇ ਇੰਸ: ਪ੍ਰਤਾਪ ਸਿੰਘ ਮੁੱਖ ਅਫਸਰ ਥਾਣਾ ਬੱਧਨੀ ਕਲਾਂ ਵੱਲੋਂ ਰੁੱਕਾ ਥਾਣਾ ਭੇਜ ਕੇ ਉਕਤਾਨ ਦੋਸ਼ੀਆ ਖਿਲਾਫ ਮੁਕੱਦਮਾ ਨੰਬਰ 24 ਮਿਤੀ 23.02.2024 ਅ/ਧ 302/120ਬੀ ਭ:ਦ ਥਾਣਾ ਬੱਧਨੀ ਕਲਾਂ ਮੁਕੱਦਮਾ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਦੀ। ਉਕਤ ਦੋਨੋਂ ਮੁਕੱਦਮਾ ਦੀ ਤਫਤੀਸ਼ ਦੌਰਾਨ ਪੁਲਿਸ ਦੀਆਂ ਵੱਖ-ਵੱਖ ਟੀਮਾ ਬਣਾਈਆ ਅਤੇ ਮੁਕੱਦਮਿਆਂ ਦੀ ਤਫਤੀਸ ਤੇ ਮਿਤੀ 23.02.2024 ਨੂੰ ਹੀ ਦੋਸ਼ੀ ਰਾਜੇਸ਼ ਸਿੰਘ ਅਤੇ ਕੁਲਵਿੰਦਰ ਸਿੰਘ ਵਾਸੀਆਨ ਬੱਧਨੀ ਖੁਰਦ ਨੂੰ ਗ੍ਰਿਫਤਾਰ ਕੀਤਾ। ਜਿਹਨਾ ਨੇ ਆਪਣੀ ਪੁੱਛ-ਗਿੱਛ ਦੌਰਾਨ ਮੰਨਿਆ ਕਿ ਮਿਤੀ 01,02.02.2024 ਦੀ ਦਰਮਿਆਨੀ ਰਾਤ ਨੂੰ ਅਸੀ ਅਤੇ ਮ੍ਰਿਤਕ ਮਨੀਕਰਨ ਸਿੰਘ ਨੇ ਹਮ ਮਸ਼ਵਰਾ ਹੋ ਕੇ ਪੈਸੇ ਅਤੇ ਗਹਿਣੇ ਲੁੱਟਣ ਦੀ ਨੀਯਤ ਨਾਲ ਦਾਖਲ ਹੋਏ ਤਾਂ ਤੀਰਥ ਸਿੰਘ ਨੂੰ ਜਾਗ ਆ ਗਈ ਅਤੇ ਉਸ ਵੱਲੋ ਰੌਲਾ ਪਾਉਣ ਤੇ ਰਾਜੇਸ਼ ਸਿੰਘ ਨੇ ਚਾਕੂ ਦਾ ਵਾਰ ਕੀਤਾ ਤੇ ਨਾਲ ਗਲਾ ਘੁੱਟ ਕੇ ਤੀਰਥ ਸਿੰਘ ਨੂੰ ਮਾਰ ਦਿੱਤਾ। ਵਜਾ ਰੰਜਿਸ਼ ਇਹ ਸੀ ਕਿ ਕੁਲਵਿੰਦਰ ਸਿੰਘ ਨੇ ਕੁਝ ਟਾਈਮ ਪਹਿਲਾਂ ਤੀਰਥ ਸਿੰਘ ਨੂੰ 01 ਏਕੜ ਜਮੀਨ ਵੇਚੀ ਸੀ ਤੇ ਨਾਲ ਸ਼ਰਤ ਰੱਖੀ ਸੀ ਕਿ ਤੀਰਥ ਸਿੰਘ ਉਸਨੂੰ ਲੰਘਣ ਲਈ ਰਸਤਾ ਦੇਵੇਗਾ ਪਰੰਤੂ ਤੀਰਥ ਸਿੰਘ ਕੁਲਵਿੰਦਰ ਸਿੰਘ ਨੂੰ ਜਮੀਨ ਵਿੱਚੋ ਲੰਘਣ ਲਈ ਰਸਤਾ ਨਹੀ ਦੇ ਰਿਹਾ ਸੀ। ਇਹ ਵਾਰਦਾਤ ਕਰਨ ਤੋ ਬਾਅਦ ਕਰੀਬ 20 ਦਿਨ ਤੱਕ ਕਤਲ ਸਬੰਧੀ ਕੋਈ ਪਤਾ ਨਹੀ ਲੱਗਿਆ। ਪਰੰਤੂ ਤੀਰਥ ਸਿੰਘ ਦੇ ਕਤਲ ਸਬੰਧੀ ਮ੍ਰਿਤਕ ਮਨੀਕਰਨ ਸਿੰਘ ਨੂੰ ਪੂਰਾ ਪਤਾ ਸੀ ਕਿ ਕਤਲ ਕਿਸਨੇ ਕੀਤਾ ਹੈ। ਜਿਸਤੇ ਅਸੀ ਉਸਨੂੰ ਰੇਲਵੇ ਲਾਈਨ ਪਰ ਲੈ ਗਏ ਤੇ ਬੁੱਘੀਪੁਰਾ ਪਿੰਡ ਰੇਲਵੇ ਲਾਈਨ ਦੇ ਨਾਲ ਪੈਦੇ ਸੇਮ ਨਾਲੇ ਕੋਲ ਉਸਦੇ ਗਲ ਵਿੱਚ ਪਾਏ ਮਫਲਰ ਨਾਲ ਉਸਦਾ ਗਲਾ ਘੁੱਟ ਕੇ ਉਸ ਨੂੰ ਮਾਰ ਦਿੱਤਾ। ਜਿਸਦੀ ਲਾਸ਼ ਸਕਾਈਰਿੰਗ ਪੈਲੇਸ ਦੀ ਬੈਕ ਸੁਈਡ ਰੇਲਵੇ ਲਾਈਨ ਦੇ ਨਜਦੀਕ ਬਰਾਮਦ ਕੀਤੀ ਜਾ ਚੁੱਕੀ ਹੈ ਅਤੇ ਥਾਣਾ ਬੱਧਨੀ ਕਲਾਂ ਵੱਲੋਂ ਮ੍ਰਿਤਕ ਮਨਦੀਪ ਸਿੰਘ ਉਰਫ ਤੀਰਥ ਸਿੰਘ ਦੀ ਲਾਸ਼ ਉਸਦੇ ਘਰ ਤੋਂ ਬ੍ਰਾਮਦ ਕੀਤੀ ਜਾ ਚੁੱਕੀ ਹੈ। ਮ੍ਰਿਤਕ ਮਨੀਕਰਨ ਦੀ ਲਾਸ਼ ਬ੍ਰਾਮਦ ਹੋਣ ਤੇ ਮੁਕੱਦਮਾ ਨੰਬਰ 14 ਮਿਤੀ 23.02.2024 ਅ/ਧ 364 ਭ:ਦ ਥਾਣਾ ਮਹਿਣਾ ਵਿੱਚ ਜੁਰਮ 302/34 ਭ:ਦ ਦਾ ਵਾਧਾ ਕੀਤਾ ਗਿਆ। ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕਰਕੇ ਹੋਰ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾਵੇਗੀ।