ਮਾਲੇਰਕੋਟਲਾ : ਤਾਮਿਲਨਾਡੂ ਦੇ ਤਰੁਣਵੈਲੀ ਵਿਖੇ ਆਯੋਜਿਤ 43ਵੀਂ ਨੈਸ਼ਨਲ ਵੈਟਰਨ ਐਥਲੈਟਿਕ ਚੈਂਪੀਅਨਸ਼ਿਪ-2024 'ਚ ਜਿਲ੍ਹਾ ਮਾਲੇਰਕੋਟਲਾ ਦੇ 74 ਸਾਲਾ ਸ਼ਫੀਕ ਖਾਂ (ਰਿਟਾਇਰਡ ਸੁਪਰਡੈਂਟ ਇਨਕਮ ਟੈਕਸ ਵਿਭਾਗ) ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ ਅਤੇ ਆਪਣੇ ਸੂਬੇ ਪੰਜਾਬ ਅਤੇ ਜਿਲ੍ਹਾ ਮਾਲੇਰਕੋਟਲਾ ਦਾ ਨਾਮ ਨੈਸ਼ਨਲ ਪੱਧਰ 'ਤੇ ਚਮਕਾਇਆ ਗਿਆ ਹੈ। ਅੱਜ ਮਾਲੇਰਕੋਟਲਾ ਪਹੁੰਚਣ 'ਤੇ ਸ਼ਫੀਕ ਖਾਂ ਦਾ ਮਾਲੇਰਕੋਟਲਾ ਦੇ ਨਿਵਾਸੀਆਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ਼੍ਰੀ ਸ਼ਫੀਕ ਖਾਂ ਨੇ ਕਿਹਾ ਕਿ 43ਵੀਂ ਨੈਸ਼ਨਲ ਵੈਟਰਨ ਐਥਲੈਟਿਕ ਚੈਂਪੀਅਨਸ਼ਿਪ-2024 ਦਾ ਆਯੋਜਨ ਤਾਮਿਲਨਾਡੂ ਦੇ ਤਰੁਣਵੈਲੀ ਵਿਖੇ ਹੋਇਆ ਸੀ, ਜਿਸ ਵਿੱਚ ਦੇਸ਼ ਭਰ ਦੇ ਵੱਖ-ਵੱਖ ਸੂਬਿਆਂ ਤੋਂ 90 ਸਾਲ ਤੱਕ ਦੇ 800 ਦੇ ਕਰੀਬ ਖਿਡਾਰੀਆਂ ਨੇ ਭਾਗ ਲਿਆ। ਜਿਸ ਵਿੱਚ ਉਨ੍ਹਾਂ ਵੱਲੋਂ ਰਿਲੈ ਦੋੜ 'ਚ ਦੋ ਸਿਲਵਰ ਮੈਡਲ ਤੇ ਹਰਲਡ (ਰੁਕਾਵਟ) ਦੋੜ 'ਚ ਦੋ ਕਾਂਸੀ ਦੇ ਮੈਡਲ ਜਿੱਤੇ। ਉਨ੍ਹਾਂ ਕਿਹਾ ਕਿ ਹੁਣ ਤੱਕ ਮੇਰੇ ਵੱਲੋਂ ਸੋਨੇ, ਸਿਲਵਰ ਤੇ ਕਾਂਸੀ ਦੇ 250 ਤੋਂ ਵੱਧ ਮੈਡਲ ਜਿੱਤੇ ਹਨ। ਉਨ੍ਹਾਂ ਨੇ ਨੌਜਵਾਨ ਪੀੜੀ ਨੂੰ ਨਸ਼ੇ ਦੀ ਦਲਦਲ ਤੋਂ ਬਾਹਰ ਆ ਕੇ ਖੇਡਾਂ ਦੇ ਮੈਦਾਨ 'ਚ ਆਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਬੜੇ ਹੀ ਚਿੰਤਾਂ ਦੀ ਗੱਲ ਹੈ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਨਸ਼ੇ ਦੀ ਦਲਦਲ 'ਚ ਧੱਸਦੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਨੌਜਵਾਨਾਂ ਨੂੰ ਹਮੇਸ਼ਾਂ ਹੀ ਕੋਈ ਨਾ ਕੋਈ ਟੀਚਾ ਮਿੱਥਣਾ ਚਾਹੀਦਾ ਹੈ। ਜਿਸ ਨੂੰ ਉਸ ਨੇ ਹਾਸਿਲ ਕਰਨਾ ਹੈ। ਉਹਨਾਂ ਨੇ ਨੌਜਵਾਨ ਪੀੜੀ ਨੂੰ ਮਿਹਨਤ ਕਰਨ ਲਈ ਵੀ ਪ੍ਰੇਰਿਤ ਕੀਤਾ।