ਫਤਹਿਗੜ੍ਹ ਸਾਹਿਬ : ਪੰਜਾਬ ਵਿੱਚ ਗਾਵਾਂ ਨੂੰ ਲੰਪੀ ਸਕਿੰਨ ਦੀ ਬਿਮਾਰੀ ਤੋਂ ਬਚਾਉਣ ਲਈ ਸੂਬੇ ਭਰ ਵਿੱਚ ਮੁਫਤ ਟੀਕਾਕਰਨ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਲੜੀ ਤਹਿਤ ਜਿਲ੍ਹਾ ਫਤਹਿਗੜ੍ਹ ਸਾਹਿਬ ਵਿੱਚ ਵੀ ਪਸ਼ੂਆ ਦਾ ਟੀਕਾਕਰਨ ਸੁਰੂ ਕੀਤਾ ਗਿਆ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਸ੍ਰੀ ਰਵਿੰਦਰ ਸਿੰਘ ਨੇ ਦੱਸਿਆ ਕਿ ਪੂਸ਼ ਪਾਲਣ ਵਿਭਾਗ ਵੱਲੋਂ ਘਰ ਘਰ ਜਾ ਕੇ ਗਾਵਾਂ ਨੂੰ ਲੰਪੀ ਸਕਿੰਨ ਬਿਮਾਰੀ ਤੋਂ ਬਚਾਉਣ ਲਈ ਮੁਫਤ ਟੀਕੇ ਲਗਾਏ ਜਾ ਰਹੇ ਹਨ । ਸ੍ਰੀ ਰਵਿੰਦਰ ਸਿੰਘ ਨੇ ਜਿਲ੍ਹੇ ਦੇ ਸਮੂਹ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਗਾਵਾਂ ਦਾ ਟੀਕਾਕਰਨ ਜਰੂਰ ਕਰਾਉਣ ਤਾਂ ਜੋ ਇਸ ਬਿਮਾਰੀ ਨੂੰ ਫੈਲਣ ਤੋਂ ਪਹਿਲਾ ਹੀ ਰੋਕ ਲਿਆ ਜਾਵੇ। ਉਨ੍ਹਾਂ ਦੱਸਿਆ ਕਿ ਸਾਲ 2022 ਵਿੱਚ ਆਈ ਲੰਪੀ ਸਕਿੰਨ ਨਾਂ ਦੀ ਭਿਆਨਕ ਬਿਮਾਰੀ ਨਾਲ ਪਸ਼ੂਆਂ ਦਾ ਬਹੁਤ ਹੀ ਨੁਕਸਾਨ ਹੋਇਆ ਸੀ। ਜਿਸ ਕਾਰਨ ਪਸ਼ੂ ਪਾਲਕਾਂ ਨੂੰ ਕਾਫੀ ਆਰਥਿਕ ਘਾਟਾ ਝੱਲਣਾ ਪਿਆ। ਉਨ੍ਹਾਂ ਜਿਲ੍ਹਾ ਵਾਸੀਆਂ ਨੂੰ ਕਿਹਾ ਕਿ ਜਦੋਂ ਵੀ ਵਿਭਾਗ ਦਾ ਨੁਮਾਇਂਦਾ ਤੁਹਾਡੇ ਘਰ ਟੀਕਾਕਰਨ ਲਈ ਆਊਂਦਾ ਹੈ ਤਾਂ ਪਸ਼ੂਆਂ ਦੇ ਟੀਕੇ ਲਾਜਮੀ ਲਗਾਉਣ ਵਿੱਚ ਉਨ੍ਹਾਂ ਦਾ ਸਹਿਯੋਗ ਦਿੱਤਾ ਜਾਵੇ। ਉਨ੍ਹਾਂ ਹੋਰ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਪੰਜਾਬ ਸਰਕਾਰ ਦੀ ਪਸ਼ੂਆਂ ਵਿੱਚ ਫਰੀ ਡੀਵਰਮਿੰਗ ਮੁਹਿੰਮ ਤਹਿਤ ਪੇਟ ਦੇ ਕੀੜਿਆਂ ਦੀ ਮੁਫਤ ਦਵਾਈ ਘਰ ਘਰ ਜਾ ਕੇ ਪਸ਼ੂ ਪਾਲਣ ਵਿਭਾਗ ਵੱਲੋਂ ਦਿੱਤੀ ਜਾ ਰਹੀ ਹੈ ਜੇਕਰ ਫਿਰ ਵੀ ਕੋਈ ਪਸ਼ੂ ਇਸ ਦਵਾਈ ਤੋਂ ਵਾਂਝਾ ਰਹਿ ਗਿਆ ਹੋਵੇ ਤਾਂ ਉਹ ਆਪਣੇ ਨੇੜੇ ਦੀ ਪਸ਼ੂ ਸੰਸਥਾ ਵਿੱਚ ਜਾ ਕੇ ਆਪਣੇ ਪਸ਼ੂਆਂ ਲਈ ਪੇਟ ਦੇ ਕੀੜਿਆਂ ਦੀ ਮੁਫਤ ਦਵਾਈ ਪ੍ਰਾਪਤ ਕਰ ਸਕਦਾ ਹੈ।