ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਡੀਨ ਵਿਦਿਆਰਥੀ ਭਲਾਈ ਦਫ਼ਤਰ ਵੱਲੋਂ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਤੰਦਰੁਸਤੀ ਲਈ ਸ਼ੁਰੂ ਕੀਤੀ ਗਈ ਜਾਗਰੂਕਤਾ ਲੜੀ ਵਿੱਚ ਪ੍ਰੋ. ਵੰਦਨਾ ਸ਼ਰਮਾ ਦਾ ਭਾਸ਼ਣ ਕਰਵਾਇਆ ਗਿਆ। ਉਨ੍ਹਾਂ ਭਾਵਨਾਵਾਂ ਉੱਤੇ ਨਿਯੰਤਰਣ ਪਾਉਣ ਸੰਬੰਧੀ ਵੱਖ-ਵੱਖ ਮਨੋਵਿਗਿਆਨਕ ਤਕਨੀਕਾਂ ਦੇ ਹਵਾਲੇ ਨਾਲ਼ ਗੱਲ ਕੀਤੀ। ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਉਪ-ਕੁਲਪਤੀ ਪ੍ਰੋ. ਅਰਵਿੰਦ ਨੇ ਇੱਕ ਅਹਿਮ ਟਿੱਪਣੀ ਕਰਦਿਆਂ ਕਿਹਾ ਕਿ ਕਿਰਤ ਅਤੇ ਮਿਹਨਤ ਕਰਨ ਨਾਲ਼ ਸਿਰਫ਼ ਸਰੀਰਿਕ ਸਿਹਤ ਹੀ ਤੰਦਰੁਸਤ ਨਹੀਂ ਰਹਿੰਦੀ ਬਲਕਿ ਮਾਨਸਿਕ ਸਿਹਤ ਵੀ ਦਰੁਸਤ ਰਹਿੰਦੀ ਹੈ।
ਉਨ੍ਹਾਂ ਕਿਹਾ ਕਿ ਸਾਨੂੰ ਸੱਚੇ ਮਨੋਂ ਆਪਣੇ ਕੰਮ ਅਤੇ ਰੁਝੇਵਿਆਂ ਵਿੱਚ ਜੁਟ ਕੇ ਰਹਿਣਾ ਚਾਹੀਦਾ ਹੈ ਜਿਸ ਨਾਲ਼ ਮਾਨਸਿਕ ਸਿਹਤ ਤੰਦਰੁਸਤ ਰਹਿੰਦੀ ਹੈ। ਪ੍ਰੋ. ਵੰਦਨਾ ਸ਼ਰਮਾ ਨੇ ਆਪਣੇ ਭਾਸ਼ਣ ਵਿੱਚ ਬਹੁਤ ਸਾਰੀਆਂ ਮਨੋਵਿਗਿਆਨਕ ਵਿਧੀਆਂ ਅਤੇ ਜੁਗਤਾਂ ਦੱਸੀਆਂ ਜਿਨ੍ਹਾਂ ਰਾਹੀਂ ਵੱਖ-ਵੱਖ ਤਰ੍ਹਾਂ ਦੀਆਂ ਭਾਵਨਾਵਾਂ ਉੱਤੇ ਨਿਯੰਤਰਣ ਪਾ ਕੇ ਇੱਕ ਸੁੰਤਲਿਤ ਅਤੇ ਬਿਹਤਰ ਸ਼ਖ਼ਸੀਅਤ ਦਾ ਵਿਕਾਸ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਆਪਣੀਆਂ ਭਾਵਨਾਵਾਂ ਉੱਤੇ ਨਿਯੰਤਰਣ ਰੱਖਣ ਵਾਲੀ ਸ਼ਖ਼ਸੀਅਤ ਜਿ਼ੰਦਗੀ ਵਿੱਚ ਵਧੇਰੇ ਸਫਲ ਹੁੰਦੀ ਹੈ। ਆਪਣੇ ਭਾਸ਼ਣ ਦੌਰਾਨ ਕੁੱਝ ਅੰਕੜੇ ਸਾਂਝੇ ਕਰਦਿਆਂ ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਹਰੇਕ ਅੱਠ ਪਿੱਛੇ ਇੱਕ ਵਿਅਕਤੀ ਦੀ ਮਾਨਸਿਕ ਸਿਹਤ ਠੀਕ ਨਹੀਂ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਅਜਿਹੇ ਲੋਕਾਂ ਵਿੱਚੋਂ 80 ਫ਼ੀਸਦੀ ਲੋਕ ਉਹ ਹਨ ਜਿਨ੍ਹਾਂ ਕੋਲ਼ ਮਾਨਸਿਕ ਸਿਹਤ ਮਾਹਿਰਾਂ ਤੱਕ ਕੋਈ ਪਹੁੰਚ ਉਪਲਬਧ ਨਹੀਂ ਹੁੰਦੀ। ਡੀਨ ਵਿਦਿਆਰਥੀ ਭਲਾਈ ਪ੍ਰੋ. ਹਰਵਿੰਦਰ ਕੌਰ ਵੱਲੋਂ ਸਵਾਗਤੀ ਭਾਸ਼ਣ ਦਿੰਦਿਆਂ ਆਪਣੇ ਨਿੱਜੀ ਅਨੁਭਵਾਂ ਦੇ ਹਵਾਲੇ ਨਾਲ਼ ਦੱਸਿਆ ਕਿ ਕਿਸ ਤਰ੍ਹਾਂ ਭਾਵਨਾਵਾਂ ਉੱਤੇ ਨਿਯੰਤਰਣ ਪਾ ਕੇ ਰੱਖਣਾ ਸਾਡੀ ਮਾਨਸਿਕ ਸਿਹਤ ਦੀ ਬਿਹਤਰੀ ਲਈ ਕਾਰਗਰ ਸਾਬਿਤ ਹੁੰਦਾ ਹੈ। ਵਧੀਕ ਡੀਨ ਵਿਦਿਆਰਥੀ ਭਲਾਈ ਡਾ. ਡੀ. ਪੀ. ਸਿੰਘ, ਪ੍ਰੋਵੋਸਟ ਡਾ. ਇੰਦਰਜੀਤ ਸਿੰਘ ਅਤੇ ਡਾ. ਨੈਨਾ ਸ਼ਰਮਾ ਵੱਲੋਂ ਵੀ ਆਪਣੇ ਵਿਚਾਰ ਪ੍ਰਗਟਾਏ ਗਏ। ਪ੍ਰੋਗਰਾਮ ਦਾ ਸੰਚਾਲਨ ਡਾ. ਰੂਬੀ ਗੁਪਤਾ ਨੇ ਕੀਤਾ।