ਜੇ ਸੇਵਾ ਦਾ ਇਹ ਮੁੱਲ ਮਿਲਦਾ ਹੈ ਤਾਂ ਲੋਕ ਸੇਵਾ ਕਰਨ ਲਈ ਕਈ ਵਾਰ ਸੋਚਣਗੇ : ਸਮਾਜ ਸੇਵੀ
ਪਟਿਆਲਾ : ਪਟਿਆਲਾ ਦੇ ਉੱਘੇ ਸਮਾਜ ਸੇਵੀ ਸੌਰਵ ਜੈਨ ਨਾਲ ਬੀਤੇ ਦਿਨੀਂ ਵਾਪਰੀ ਘਟਨਾ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਮੁਫ਼ਤ ਮੈਡੀਕਲ ਕੈਂਪ, ਬਲੱਡ ਕੈਂਪ, ਮੁਫ਼ਤ ਦਵਾਈਆਂ ਦੇ ਕੈਂਪ ਆਦਿ ਲਗਾਉਣ ਵਾਲੇ ਵਰਧਮਾਨ ਹਸਪਤਾਲ ਦੇ ਮੁਖੀ ਸੌਰਵ ਜੈਨ ਵਲੋਂ ਲੋੜਵੰਦ ਲੋਕਾਂ ਦਾ ਢਿੱਡ ਭਰਨ ਦੀ ਮਨਸ਼ਾ ਨਾਲ ਸ਼ੁਰੂ ਕੀਤੀ 10 ਰੁਪਏ ਥਾਲੀ ਕਾਰਨ ਐਫ਼.ਆਈ.ਆਰ. ਦਾ ਸਾਹਮਣਾ ਕਰਨਾ ਪੈ ਗਿਆ। ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਅਖ਼ਬਾਰਾਂ ਵਿਚ ਛਪੀਆਂ ਖ਼ਬਰਾਂ ਮੁਤਾਬਿਕ ਸੌਰਵ ਜੈਨ ਵੱਲੋਂ ਸੇਵਾ ਦੇ ਨਾਲ ਨਾਲ ਰਾਜਨੀਤੀ ਵਿੱਚ ਪੈਰ ਧਰਨ ਦੇ ਅੰਦਾਜ਼ੇ ਲਗਾਏ ਜਾ ਰਹੇ ਸਨ। ਸੌਰਵ ਜੈਨ ਵੱਲੋਂ ਲਾਕਡਾਊਨ ਦੇ ਚਲਦਿਆਂ ਐਤਵਾਰ ਵਾਲੇ ਦਿਨ 10 ਰੁਪਏ ਥਾਲੀ ਦੇ ਸ਼ੁਰੂਆਤ ਲਈ ਕਰਵਾਏ ਇੱਕ ਛੋਟੇ ਜਿਹੇ ਸਮਾਗਮ ਕਾਰਨ ਪੁਲਿਸ ਵੱਲੋਂ ਸੌਰਵ ਜੈਨ ਵਿਰੁਧ ਐਫ ਆਈ ਆਰ ਕੱਟ ਦਿੱਤੀ ਗਈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸੌਰਵ ਜੈਨ ਨੇ ਕਿਹਾ ਕਿ ਮੈਂ ਕੋਈ ਵੱਡਾ ਇੱਕਠ ਨਹੀਂ ਕੀਤਾ ਸੀ ਸਗੋਂ ਮਹਾਂਵੀਰ ਜੈਅੰਤੀ ਅਤੇ ਐਤਵਾਰ ਦਾ ਦਿਨ ਹੋਣ ਕਾਰਨ ਨੇੜੇ ਦੇ ਰਹਿੰਦੇ ਲੋੜਵੰਦ ਤਬਕਿਆਂ ਦੇ ਲੋਕ ਸਸਤੀ ਅਤੇ ਚੰਗੀ ਰੋਟੀ ਖਾਣ ਲਈ ਵੱਡੀ ਗਿਣਤੀ ਇਕੱਤਰ ਹੋਏ ਗਏ ਸਨ।
ਅੱਜ ਤੱਕ ਕਿਸੇ ਸਮਾਜ ਸੇਵੀ ਨਾਲ ਇਸ ਤਰ੍ਹਾਂ ਨਹੀਂ ਹੋਇਆ : ਜੁਗਰਾਜ ਸਿੰਘ ਚਾਹਲ
ਉੱਘੇ ਸਮਾਜ ਸੇਵੀ ਜੁਗਰਾਜ ਸਿੰਘ ਚਾਹਲ ਮੁਤਾਬਿਕ ਉਨ੍ਹਾਂ ਨੂੰ ਸੇਵਾ ਕਰਦਿਆਂ 20 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਪਰ ਪ੍ਰਸ਼ਾਸਨ ਵਲੋਂ ਇਸ ਤਰ੍ਹਾਂ ਦਾ ਵਤੀਰਾ ਪਹਿਲੀ ਵਾਰ ਵੇਖਣ ਨੂੰ ਮਿਲਿਆ ਹੈ। ਚਾਹਲ ਨੇ ਕਿਹਾ ਕਿ ਉਹ ਚੰਗੀਆਂ ਸੇਵਾਵਾਂ ਦੀ ਕਦਰ ਕਰਦੇ ਹਨ। ਪਰ ਇਸ ਦੇ ਨਾਲ ਹੀ ਜੇਕਰ ਸੌਰਵ ਜੈਨ ਰਾਜਨੀਤੀ ਵਿੱਚ ਆਉਣਾ ਚਾਹੁੰਦੇ ਹਨ ਤਾਂ ਇਹ ਉਹਨਾਂ ਦਾ ਅਲੱਗ ਮਸਲਾ ਹੈ ਪਰ ਇਸ ਨੂੰ ਉਨ੍ਹਾਂ ਦੀ ਸਮਾਜ ਸੇਵੀ ਭਾਵਨਾ ਨਾਲ ਜੋੜ ਕੇ ਦੇਖਣਾ ਅਤੇ ਐਫ ਆਈ ਆਰ ਕੱਟਣਾ ਕੁਝ ਠੀਕ ਨਹੀਂ ਲਗਦਾ।
ਜੇ ਸੇਵਾ ਦਾ ਇਹ ਮੁੱਲ ਮਿਲਦਾ ਹੈ ਤਾਂ ਲੋਕ ਸੇਵਾ ਕਰਨ ਲਈ ਕਈ ਵਾਰ ਸੋਚਣਗੇ : ਹਰਮੀਤ ਸਿੰਘ
ਜੇਕਰ ਸਮਾਜ ਸੇਵਾ ਦਾ ਇਹ ਮੁੱਲ ਮਿਲਦਾ ਹੈ ਤਾਂ ਲੋਕ ਸਮਾਜ ਸੇਵਾ ਕਰਨ ਵੇਲੇ ਕਈ ਵਾਰ ਸੋਚਿਆ ਕਰਨਗੇ। ਹੋਰ ਬੋਲਦਿਆ ਹਜਾਰਾ ਯੂਨਿਟ ਬਲੱਡ ਇਕੱਠ ਕਰ ਕੇ ਸਰਕਾਰੀ ਹਸਪਤਾਲਾਂ ਨੂੰ ਦੇਣ ਵਾਲੇ ਅਤੇ ਪਟਿਆਲਾ ਦੀ ਸਿਰਮੌਰ ਸੰਸਥਾ ਦੇ ਆਗੂ ਹਰਮੀਤ ਸਿੰਘ ਨੇ ਕਿਹਾ ਕਿ ਇਸ ਦੁਨੀਆਂ ਵਿੱਚ ਅਮੀਰਾਂ ਦੀ ਕਮੀ ਨਹੀਂ ਹੈ ਪਰ ਗੱਲ ਚੰਗੀ ਨੀਅਤ ਨਾਲ ਸੇਵਾ ਕਰਨ ਦੀ ਹੈ ਜਿਸ ਲਈ ਉਹ ਗ਼ਰੀਬ ਅਤੇ ਲੋੜਵੰਦ ਲੋਕਾਂ ਦੇ ਢਿੱਡ ਭਰਨ ਲਈ ਸ਼ੁਰੂ ਕੀਤੀ 10 ਰੁਪਏ ਰੋਟੀ ਦੀ ਥਾਲੀ ਦੀ ਸ਼ਾਲਾਘਾ ਕਰਦੇ ਹਨ। ਪਰ ਪ੍ਰਸ਼ਾਸਨ ਵੱਲੋਂ ਇਸ ਤਰ੍ਹਾਂ ਦੇ ਸਮਾਜ ਸੇਵੀਆਂ ਨੂੰ ਐਵਾਰਡ ਦੇਣ ਦੀ ਬਜਾਏ ਐਫ ਆਈ ਆਰ ਕੱਟਣਾ ਨਹੀਂ ਬਣਦਾ ਸੀ।
ਪ੍ਰਸ਼ਾਸਨ ਵੀ ਸਮਾਜ ਸੇਵਾ ਵਿੱਚ ਪਹਿਲਕਦਮੀ ਕਰੇ : ਡਿੰਪਲ ਬੱਤਾ
ਸਮਾਜ ਸੇਵੀ ਡਿੰਪਲ ਬੱਤਾ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਵੀ ਸਮਾਜ ਸੇਵਾ ਦੇ ਕੰਮ ਵਿੱਚ ਪਹਿਲ ਕਦਮੀ ਕਰੇ। ਡਿੰਪਲ ਬੱਤਾ ਨੇ ਕਿਹਾ ਕਿ ਸੌਰਵ ਜੈਨ ਵਲੋਂ ਨਿਰਸਵਾਰਥ ਕੈਂਪ ਅਤੇ ਲੰਗਰ ਦੀ ਸੇਵਾ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਰਾਜਨੀਤਿਕ ਪਾਰਟੀਆਂ ਨੂੰ ਅਪੀਲ ਕੀਤੀ ਕਿ ਕੋਈ ਵੀ ਪਾਰਟੀ ਸਮਾਜ ਸੇਵਾ ਨੂੰ ਮੋਹਰਾ ਬਣਾ ਕੇ ਸਿਆਸੀ ਲੜਾਈਆਂ ਨਾ ਲੜਨ। ਜੇਕਰ ਸਿਆਸੀ ਪਾਰਟੀਆਂ ਸਮਾਜ ਸੇਵਾ ਦੇ ਕੰਮਾਂ ਦੀ ਜਾਣਕਾਰੀ ਗ਼ਲਤ ਤਰੀਕੇ ਨਾਲ ਪ੍ਰਸ਼ਾਸਨ ਤੱਕ ਪਹੁੰਚਾ ਕੇ ਅਪਣੇ ਰਸੂਖ ਵਰਤਦੀਆਂ ਰਹੀਆਂ ਤਾਂ ਲੋੜਵੰਦਾਂ ਨੂੰ ਜਲਦੀ ਹੀ ਭੁਖਮਰੀ ਦਾ ਸ਼ਿਕਾਰ ਹੋਣਾ ਪੈ ਸਕਦਾ ਹੈ।
ਅੱਜ ਤੱਕ ਕਿਸੇ ਨੂੰ ਵੀ ਗਰੀਬਾਂ ਦੀ ਭੁੱਖ ਦੀ ਕੋਈ ਚਿੰਤਾ ਨਹੀਂ-- ਗੁਰਮੁੱਖ ਗੁਰੂ ਉੱਘੇ ਸਮਾਜ ਸੇਵੀ
ਪਟਿਆਲਾ ਤੋਂ ਇਕ ਹੋਰ ਸਮਾਜ ਸੇਵੀ ਗੁਰਮੁੱਖ ਗੁਰੂ ਨੇ ਸੌਰਵ ਜੈਨ ’ਤੇ ਪੁਲਿਸ ਵੱਲੋਂ ਕੀਤੀ ਕਾਰਵਾਈ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਿਆਂ ਕਰਦਿਆਂ ਕਿਹਾ ਕਿ ਪ੍ਰਭਾਵਸ਼ਾਲੀ ਅਤੇ ਸਿਆਸੀ ਵਿਅਕਤੀਆਂ ਨੂੰ ਗ਼ਰੀਬਾਂ ਅਤੇ ਲੋੜਵੰਦਾਂ ਦੇ ਢਿੱਡ ਦੀ ਕੋਈ ਫ਼ਿਕਰ ਨਹੀਂ। ਜੇਕਰ ਸਮਾਜ ਸੇਵੀ ਸੌਰਵ ਜੈਨ ਨੇ ਆਪਣੀ ਮਿਹਨਤ ਨਾਲ 10 ਰੁਪਏ ਭੇਟ ਭਰ ਭੋਜਨ ਦੇਣ ਦਾ ਉਪਰਾਲਾ ਕੀਤਾ ਹੈ ਤਾਂ ਇਸ ਦੀ ਸ਼ਲਾਘਾ ਤਾਂ ਕੀ ਕਰਨੀ ਸੀ ਸਗੋਂ ਉਨ੍ਹਾਂ ਵਿਰੁਧ ਐਫ਼.ਆਈ.ਆਰ. ਦਰਜ ਕਰ ਕੇ ਬਹੁਤ ਹੀ ਨਿਰਾਸ਼ਾਵਾਦੀ ਕੰਮ ਕੀਤਾ ਹੈ। ਗੁਰਮੁੱਖ ਗੁਰੂ ਨੇ ਕਿਹਾ ਕਿ ਸੌਰਵ ਜੈਨ ਪੇਸ਼ੇ ਵਜੋਂ ਮੈਡੀਕਲ ਰੀਪਰਜੈਂਟੀਟਿਵ ਸਨ। ਉਹ ਆਪਣੇ ਹਸਪਤਾਲ ਜਿਸ ਦਾ ਨਾਮ ਵਰਧਮਾਨ ਮਹਾਵੀਰ ਹਸਪਤਾਲ ਹੈ, ਵਿੱਚ ਵੀ ਸਸਤਾ ਇਲਾਜ ਮੁਹਈਆ ਕਰਵਾ ਰਹੇ ਹਨ। ਪਰ ਪਟਿਆਲਾ ਪ੍ਰਸ਼ਾਸਨ ਅਤੇ ਪੁਲਿਸ ਨੇ ਸਮਾਜਿਕ ਦੂਰੀਆਂ ਦੀ ਪਾਲਣਾ ਨਾ ਕਰਨ ਬਾਰੇ ਕਹਿ ਕੇ ਐਫ ਆਈ ਆਰ ਦਰਜ ਕਰਨਾ ਨਮੋਸ਼ੀ ਭਰਿਆ ਕੰਮ ਕੀਤਾ ਹੈ। ਗੁਰੂ ਨੇ ਕਿਹਾ ਕਿ 10 ਰੁਪਏ ਵਿਚ ਭੇਟ ਭਰ ਭੋਜਨ ਦੀ ਸ਼ੁਰੂਆਤ ਸੋਮਵਾਰ ਤੋਂ ਕਰਨੀ ਸੀ ਪਰ ਭੀੜ ਪਹਿਲਾਂ ਹੀ ਉਮੜ ਪਈ।