ਅੱਜ ਪਟਿਆਲਾ ਦੇ ਨੇੜੇ ਬਣੇ ਰਿਲਾਇੰਸ ਮਾਰਕਿਟ (ਮਾਲ) ਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਕਿਸਾਨਾਂ ਅਤੇ ਇਸਤਰੀ ਕਿਸਾਨ ਵਿੰਗ ਦੀਆਂ ਕਿਸਾਨ ਆਗੂਆਂ ਵੱਲੋਂ ਜਮ ਕੇ ਨਾਅਰੇਬਾਜੀ ਕੀਤੀ ਗਈ। ਗੱਲ ਕੁੱਝ ਇਸ ਤਰ੍ਹਾਂ ਦੀ ਹੋਈ ਕਿ ਅਚਾਨਕ ਇੱਕ ਖਬਰ ਕਿਸਾਨਾਂ ਤੱਕ ਪਹੁੰਚੀ ਕਿ ਅੱਜ ਸਵੇਰੇ 7 ਵਜੇ ਰਿਲਾਇੰਸ ਮਾਲ ਖੁੱਲ ਰਿਹਾ ਹੈ। ਜਦੋਂ ਇਹ ਖਬਰ ਫੋਨਾਂ ਰਾਹੀਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਜੰਗ ਸਿੰਘ ਭਠੇੜੀ ਤੱਕ ਪਹੁੰਚੀ ਤਾਂ ਉਨਾਂ ਇਸ ਬਾਰੇ ਅੱਗੇ ਫੋਨ ਕਰ ਦਿੱਤੇ ਤਾਂ ਉਸੇ ਵੇਲੇ 7 ਵਜੇ ਤੋਂ ਵੀ ਪਹਿਲਾਂ ਉੱਥੇ ਕਿਸਾਨ ਬੀਬੀਆਂ ਜਿਨਾਂ ਦੀ ਅਗਵਾਈ ਪ੍ਰਧਾਨ ਰਜਿੰਦਰ ਕੌਰ, ਮੀਤ ਪ੍ਰਧਾਨ ਜਸਵਿੰਦਰ ਕੌਰ, ਭੁਪਿੰਦਰ ਕੌਰ, ਮਨਜੀਤ ਕੌਰ, ਬਲਜੀਤ ਕੌਰ, ਗੁਰਨੀਤ ਕੌਰ, ਗੁਰਮੇਲ ਕੌਰ ਮੌਕੇ ਤੇ ਪਹੁੰਚ ਗਏ। ਸੂਰਜ ਚੜਨ ਸਾਰ 7:30 ਵਜੇ ਉਥੇ ਸੈਂਕੜੇ ਕਿਸਾਨ ਇਕੱਠੇ ਹੋ ਗਏ ਜਿਨਾਂ ਨੇ ਦੱਸਿਆ ਕਿ ਸਾਨੂੰ ਇਹ ਭਿਣਕ ਪਈ ਸੀ ਕਿ ਸਰਕਾਰ ਰਿਲਾਇੰਸ ਦੇ ਵੱਡੇ ਮਾਲ ਨੂੰ ਖੋਲਣ ਜਾ ਰਹੀ ਹੈ। ਜਦੋਂ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਦੋਂ ਤੱਕ ਸਰਕਾਰ ਵੱਲੋਂ ਬਣਾਏ ਕਾਲੇ ਕਾਨੂੰਨ ਰੱਦ ਕਰਵਾਉਣ ਤੱਕ ਰਿਲਾਇੰਸ ਦੇ ਪੰਪ, ਮਾਲ, ਟੋਲ ਪਲਾਜਾ ਨਹੀਂ ਖੋਲਣ ਦੇਣ ਦਾ ਐਲਾਨ ਕੀਤਾ। ਪ੍ਰਧਾਨ ਜੰਗ ਸਿੰਘ ਭਠੇੜੀ ਦੀ ਪ੍ਰਧਾਨਗੀ ਹੇਠ ਇਕ ਕਮੇਟੀ ਬਣਾ ਕੇ ਦਿਨ ਰਾਤ ਦੀਆਂ ਮਾਲ ਅੱਗੇ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਉਨਾਂ ਕਿਹਾ ਕਿ ਕਣਕ, ਤੂੜੀ, ਸਾਬਣ ਤੋਂ ਬਾਅਦ ਕਿਸਾਨਾਂ ਵੱਲੋਂ ਜਿੱਥੇ ਲਾਮਬੰਦੀ ਕਰਕੇ ਕਿਸਾਨ ਮੋਰਚੇ ਵਿੱਚ ਜਾਣ ਲਈ ਬਲਾਕਾਂ ਦੀਆਂ, ਪਿੰਡਾਂ ਦੀਆਂ ਮੀਟਿੰਗਾਂ ਜਾਰੀ ਹਨ ਉਥੇ ਮੋਰਚੇ ਵਿੱਚ ਕਣਕ, ਆਟਾ, ਦਾਣਾ ਪਾਣੀ ਲੈ ਕੇ ਜਾਣ ਲਈ ਪਿੰਡਾਂ ਵਿਚੋਂ ਫੰਡ ਰਾਸ਼ਨ ਇਕੱਠਾ ਕੀਤਾ ਜਾਵੇਗਾ। ਗੁਰਮੀਤ ਸਿੰਘ ਦਿੱਤੂਪੁਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੋਰੋਨਾ ਮਹਾਮਾਰੀ ਦਾ ਡਰ ਦੇ ਕੇ ਪਿੰਡਾਂ ਵਿੱਚ 5—6 ਵਜੇ ਕਰਫਿਊ ਲਗਾਉਣ ਦੀ ਨਿਖੇਧੀ ਕਰਦਿਆਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਸਰਕਾਰ ਆਪਣੀ ਬਣਦੀ ਜੁੰਮੇਵਾਰੀ ਸਮਝ ਕੇ ਹਸਪਤਾਲਾਂ ਵਿੱਚ ਮਰੀਜਾਂ ਲਈ ਵਧੀਆ ਇਲਾਜ, ਆਕਸੀਜਨ ਗੈਸ ਉਪਲਬੱਧ ਕਰੇ ਨਾ ਕਿ ਲੋਕਾਂ ਨੂੰ ਡਰਾ ਕੇ ਅੰਦਰ ਬੰਦ ਕਰਵਾਉਣ, ਬਜਾਰਾਂ, ਦੁਕਾਨਾਂ ਤੇ ਬਿਨਾਂ ਵਜਾਹ ਪਾਬੰਦੀ ਲਗਾਉਣ ਅਤੇ ਕਿਸਾਨਾਂ ਵਿਰੁੱਧ ਬਣਾਏ ਕਾਲੇ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਸੰਯੁਕਤ ਮੋਰਚੇ ਨੂੰ ਕਮਜੋਰ ਕਰਨ ਦੀਆਂ ਚਾਲਾਂ ਦੀ ਨਿਖੇਧੀ ਕੀਤੀ। ਇਸ ਮੋਕੇ ਅਵਤਾਰ ਸਿੰਘ ਕੋਰਜੀਵਾਲਾ, ਸ਼ੇਰ ਸਿੰਘ, ਹਰਨੇਕ ਸਿੰਘ, ਬਲਵੀਰ ਸਿੰਘ ਵਿਰਕ, ਗੁਰਪ੍ਰੀਤ ਸਿੰਘ ਮਹਿਮੂਦਪੁਰ ਰਾਈਆਂ, ਕਮਲਜੀਤ ਸਿੰਘ ਜੋਗੀਪੁਰ, ਸੁਖਵਿੰਦਰ ਸਿੰਘ ਸਪੇੜਾ ਆਦਿ ਹਾਜਰ ਸਨ।