ਪਟਿਆਲਾ : ਭਾਰਤ ਸਰਕਾਰ ਵੱਲੋਂ ਪੰਜਾਬੀ ਯੂਨੀਵਰਸਿਟੀ ਲਈ 10 ਲੱਖ ਰੁਪਏ ਦੀ ਹੋਰ ਗਰਾਂਟ ਜਾਰੀ ਹੋਈ ਹੈ। ਪੰਜਾਬੀ ਯੂਨੀਵਰਸਿਟੀ ਨੇ ਇਸ ਰਾਸ਼ੀ ਨਾਲ਼ ਆਪਣੇ 100 ਮਾਨਤਾ ਪ੍ਰਾਪਤ ਕਾਲਜਾਂ ਵਿੱਚ ਈਕੋ-ਕਲੱਬ ਸ਼ੁਰੂ ਕਰ ਦਿੱਤੇ ਹਨ। ਭਾਰਤ ਸਰਕਾਰ ਦੇ ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੀ ਰਾਜ ਨੋਡਲ ਏਜੰਸੀ ਨੇ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ, ਪੰਜਾਬ ਵਿੱਚ ਵਾਤਾਵਰਣ ਸਿੱਖਿਆ ਪ੍ਰੋਗਰਾਮ ਨੂੰ ਲਾਗੂ ਕਰਨ ਲਈ ਯੂਨੀਵਰਸਿਟੀ ਦੇ ਐੱਨ. ਐੱਸ. ਐੱਸ. ਵਿਭਾਗ ਨੂੰ ਈਕੋ-ਸਥਾਪਨਾ ਹਿਤ 10 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਹੈ। ਉਪ-ਕੁਲਪਤੀ ਪ੍ਰੋ. ਅਰਵਿੰਦ ਵੱਲੋਂ ਇਸ ਪਹਿਲਕਦਮੀ ਨੂੰ ਵਾਤਾਵਰਣ ਦੇ ਹਵਾਲੇ ਨਾਲ਼ ਜ਼ਰੂਰੀ ਕਦਮ ਦਸਦਿਆਂ ਸਹੀ ਅਰਥਾਂ ਵਿੱਚ ਵਿਹਾਰਕ ਪੱਧਰ ਉੱਤੇ ਕੰਮ ਕਰਨ ਦੀ ਲੋੜ ਉੱਤੇ ਬਲ ਦਿੱਤਾ। ਉਨ੍ਹਾਂ ਕਿਹਾ ਕਿ ਇਸ ਰਾਸ਼ੀ ਦੀ ਵਰਤੋਂ ਨਾਲ਼ ਕਾਲਜਾਂ ਵਿੱਚ ਸਥਾਪਿਤ ਕੀਤੇ ਗਏ ਈਕੋ-ਕਲੱਬਾਂ ਰਾਹੀਂ ਜਮੀਨੀ ਪੱਧਰ ਉੱਤੇ ਕੰਮ ਹੋਣਾ ਸੰਭਵ ਹੋ ਸਕੇਗਾ।
ਐੱਨ. ਐੱਸ. ਕੋਆਰਡੀਨੇਟਰ ਪ੍ਰੋ. ਮਮਤਾ ਸ਼ਰਮਾ ਨੇ ਦੱਸਿਆ ਕਿ ਇਸ ਗਰਾਂਟ ਤਹਿਤ ਯੂਨੀਵਰਸਿਟੀ ਨਾਲ਼ ਸਬੰਧਤ 100 ਕਾਲਜਾਂ ਵਿੱਚ ਈਕੋ ਕਲੱਬ ਸਥਾਪਿਤ ਕੀਤੇ ਗਏ ਹਨ। ਇਸ ਗ੍ਰਾਟ ਨਾਲ਼ 10000 ਵਾਲੰਟੀਅਰਾਂ ਅਤੇ 100 ਨੋਡਲ ਅਫਸਰਾਂ ਵੱਲੋਂ ਵਰਕਸ਼ਾਪਾਂ, ਪ੍ਰਤੀਯੋਗਤਾਵਾਂ, ਪ੍ਰਦਰਸ਼ਨੀਆਂ ਅਤੇ ਜਾਗਰੂਕਤਾ ਮੁਹਿੰਮਾਂ ਜਿਹੀਆਂ ਗਤੀਵਿਧੀਆਂ ਦਾ ਆਯੋਜਨ ਕੀਤਾ ਜਾਵੇਗਾ। ਇਨ੍ਹਾਂ ਗਤੀਵਿਧੀਆਂ ਦੌਰਾਨ ਪਾਣੀ ਦੀ ਸੰਭਾਲ, ਸਾਲਿਡ ਵੇਸਟ ਮੈਨਜਮੈਂਟ , ਊਰਜਾ ਦੀ ਬੱਚਤ, ਇੱਕੋ ਵਾਰ ਵਰਤੀ ਜਾ ਸਕਣ ਵਾਲ਼ੀ ਸਿੰਗਲ ਯੂਜ਼ ਪਲਾਸਟਿਕ ਨੂੰ ਖਤਮ ਕਰਨਾ, ਉਸਾਰੂ ਭੋਜਨ ਪ੍ਰਣਾਲੀ, ਸਫਾਈ, ਸਿਹਤਮੰਦ ਜੀਵਨ ਸ਼ੈਲੀ ਅਤੇ ਈ-ਵੇਸਟ ਘਟਾਉਣ ਆਦਿ ਵਿਸਿ਼ਆਂ ਨੂੰ ਕੇਂਦਰ ਵਿੱਚ ਰੱਖਿਆ ਜਾਣਾ ਹੈ।