ਪਟਿਆਲਾ : ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਦਿਸ਼ਾ ਨਿਰਦੇਸ਼ਾਂ ’ਤੇ ਹਲਕਾ ਸਨੌਰ ਦੀ ਸੰਗਤ ਵੱਲੋਂ ਕੀਤੀ ਮੰਗ ਦੇ ਆਧਾਰ ’ਤੇ ਪਿੰਡ ਸ਼ਾਦੀਪੁਰ ਵਿਚ ਸਾਹਿਬਜ਼ਾਦਿਆਂ ਦੀ ਯਾਦਗਾਰ ਬਣਾਉਣ ਲਈ ਸਹਾਇਤਾ ਰਾਸ਼ੀ ਭੇਜੀ ਗਈ ਹੈ। ਇਸ ਸਬੰਧੀ ਜਾਣਕਾਰੀ ਸ਼ੋ੍ਰਮਣੀ ਕਮੇਟੀ ਮੈਂਬਰ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ ਨੇ ਸਾਂਝਾ ਕੀਤਾ। ਜਥੇਦਾਰ ਕਰਤਾਰਪੁਰ ਨੇ ਦੱਸਿਆ ਕਿ ਪਿੰਡ ਸ਼ਾਦੀਪੁਰ ਵਿਚ ਸਬੰਧਤ ਜੋਗਾ ਸਿੰਘ ਦੇ ਪਰਿਵਾਰ ਵੱਲੋਂ ਸਾਹਿਬਜ਼ਾਦਿਆਂ ਦੀ ਯਾਦਗਾਰ ਸਥਾਪਤ ਕਰਨ ਲਈ ਜ਼ਮੀਨ ਦਾਨ ਦਿੱਤੀ ਗਈ, ਜਿਥੇ ਨਵ ਨਿਰਮਾਣ ਉਸਾਰੀ ਲਈ ਬਾਬਾ ਅਮਰੀਕ ਸਿੰਘ ਕਾਰ ਸੇਵਾ ਵਾਲਿਆਂ ਨੂੰ ਸੇਵਾ ਦੀ ਜ਼ਿੰਮੇਵਾਰੀ ਸੌਂਪੀ ਗਈ। ਸਾਹਿਬਜ਼ਾਦਿਆਂ ਦੀ ਯਾਦਗਾਰ ਸਥਾਪਤ ਕਰਨ ਲਈ ਸ਼ੋ੍ਮਣੀ ਕਮੇਟੀ ਕੋਲ ਇਲਾਕੇ ਦੀ ਸੰਗਤ ਦੀ ਪਹੁੰਚ ਕੀਤੀ ਸੀ, ਜਿਸ ਨੂੰ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਨਾਂ ਨੇ ਪ੍ਰਵਾਨ ਕਰਦਿਆਂ ਧਰਮ ਪ੍ਰਚਾਰ ਕਮੇਟੀ ਵੱਲੋਂ ਪੰਜਾਹ ਹਜ਼ਾਰ ਰੁਪਏ ਰਾਸ਼ੀ ਦਾ ਚੈਕ ਭੇਜਿਆ ਅਤੇ ਪ੍ਰਬੰਧਕਾਂ ਨੂੰ ਸਹਾਇਤਾ ਰਾਸ਼ੀ ਪਹੁੰਚਾ ਦਿੱਤਾ ਗਈ ਹੈ। ਜਥੇਦਾਰ ਕਰਤਾਰਪੁਰ ਨੇ ਕਿਹਾ ਕਿ ਸਿੱਖ ਇਤਿਹਾਸ ਅੰਦਰ ਸਾਹਿਬਜਾਦਿਆਂ ਦੀ ਅਦੁੱਤੀ ਸ਼ਹਾਦਤ ਹੋਈ, ਜਿਸ ਨੂੰ ਸਮੁੱਚੀ ਲੋਕਾਈ ਸਿਜਦਾ ਕਰਦੀ ਹੈ ਅੱਜ ਉਨ੍ਹਾਂ ਦੀਆਂ ਵੱਡਮੁੱਲੀਆਂ ਕੁਰਬਾਨੀਆਂ ਦੀ ਯਾਦ ਵਿਚ ਯਾਦਗਾਰ ਸਥਾਪਤ ਕਰਨ ਲਈ ਜੋਗਾ ਸਿੰਘ ਦੇ ਪਰਿਵਾਰ ਨੇ ਜ਼ਮੀਨ ਦਾਨ ਕੀਤੀ ਤਾਂ ਸ਼ੋ੍ਮਣੀ ਕਮੇਟੀ ਵੀ ਆਪਣਾ ਵੱਡਮੁੱਲਾ ਯੋਗਦਾਨ ਪਾ ਰਹੀ ਹੈ। ਜਥੇਦਾਰ ਕਰਤਾਰਪੁਰ ਨੇ ਦੱਸਿਆ ਕਿ ਯਾਦਗਾਰ ਨੂੰ ਮੁਕੰਮਲ ਕਰਨ ਦੀ ਸੇਵਾ ਬਾਬਾ ਅਮਰੀਕ ਸਿੰਘ ਕਾਰ ਸੇਵਾ ਵਾਲਿਆਂ ਨੇ ਸੰਭਾਲੀ ਹੋਈ ਹੈ, ਜੋ ਜਲਦ ਹੀ ਇਤਿਹਾਸਕ ਯਾਦਗਾਰ ਸੰਗਤਾਂ ਨੂੰ ਸਮਰਪਿਤ ਕਰਨਗੇ। ਇਸ ਮੌਕੇ ਸ੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਜਥੇਦਾਰ ਗੁਰਜੀਤ ਸਿੰਘ ਉਪਲੀ, ਚੇਅਰਮੈਨ ਪਰਮਜੀਤ ਸਿੰਘ ਮਹਿਮੂਦਪੁਰ, ਜਸਪ੍ਰੀਤ ਸਿੰਘ ਬਾਬਾ ਪਿੱਪਲ, ਪ੍ਰੀਤਮ ਸਿੰਘ ਸਾਦੀਪੁਰ, ਮਨਜੀਤ ਸਿੰਘ , ਗੁਰਬਾਜ ਸਿੰਘ ਦੌਲਤਪੁਰ ਆਦਿ ਮੌਜੂਦ ਸਨ।