ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਅਰਵਿੰਦ ਨੇ ਫਾਰਮਾਸਿਊਟੀਕਲ ਨਾਲ ਸੰਬੰਧਿਤ ਸਿੱਖਿਆ ਅਤੇ ਉਦਯੋਗ ਵਿੱਚ ਵਧੇਰੇ ਸਹਿਯੋਗ ਦੀ ਜ਼ਰੂਰਤ ਜ਼ੋਰ ਦਿੱਤਾ ਹੈ। ਉਹ ਅੱਜ ਫਾਰਮਾਸਿਊਟੀਕਲ ਸਾਇੰਸ ਐਂਡ ਡਰੱਗ ਰੀਸਰਚ ਵਿਭਾਗ ਵੱਲੋਂ ਆਯੋਜਿਤ ਕਰਵਾਏ ਗਏ ‘ਫਾਰਮਾ ਅਨਵੇਸ਼ਨ-2024’ ਨੂੰ ਸੰਬੋਧਨ ਕਰ ਰਹੇ ਸਨ। ਪ੍ਰੋਫੈਸਰ ਨੇ ਕਿਹਾ ਕਿ ਵਰਤਮਾਨ ਸਮੇਂ ਫਾਰਮੇਸੀ ਖੇਤਰ ਦੀ ਬਹੁਤ ਜ਼ਿਆਦਾ ਅਹਿਮੀਅਤ ਵਧ ਗਈ ਹੈ ਕਿਉਂਕਿ ਲੋਕਾਂ ਦੀ ਇਸ ਉੱਤੇ ਨਿਰਭਰਤਾ ਤੇਜ਼ੀ ਨਾਲ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਤੇਜ਼ੀ ਨਾਲ ਬਦਲ ਰਹੇ ਸੰਸਾਰ ਵਿੱਚ ਸਾਨੂੰ ਵੀ ਬਦਲਣਾ ਪਏਗਾ ਜਿਸ ਦੇ ਵਾਸਤੇ ਫਾਰਮੇਸੀ ਖੋਜ ਅਤੇ ਉਦਯੋਗ ਵਿੱਚ ਪਹਿਲਾਂ ਨਾਲੋਂ ਵਧੇਰੇ ਭਾਈਵਾਲੀ ਦੀ ਲੋੜ ਹੈ। ‘ਫਾਰਮਾ ਖੋਜ-2024’ ਫਾਰਮੇਸੀ ਕੌਂਸਲ ਆਫ਼ ਇੰਡੀਆ (ਪੀ.ਸੀ.ਆਈ.) ਦੁਆਰਾ ਸਪਾਂਸਰ ਸਮਾਗਮ ਵਿੱਚ ਅਕਾਦਮਿਕ ਅਤੇ ਉਦਯੋਗ ਦੇ ਮਾਹਰਾਂ ਵਿਚਕਾਰ ਮਹੱਤਵਪੂਰਨ ਚਰਚਾ ਹੋਈ। ਇਸ ਵਿੱਚ ਵੱਖ-ਵੱਖ ਫਾਰਮਾਸਿਊਟੀਕਲ ਕੋਰਸਾਂ (ਡੀ ਫਾਰਮ, ਬੀ ਫਾਰਮ, ਅਤੇ ਐਮ ਫਾਰਮ) ਦੇ ਸਿਲੇਬਸ ਨੂੰ ਸੁਧਾਰਨ ਦਾ ਉਦੇਸ਼ ਵੀ ਰੱਖਿਆ ਗਿਆ ਹੈ। ਇਸ ਚਰਚਾ ਵਿੱਚ 100 ਤੋਂ ਵੱਧ ਉਦਯੋਗਿਕ ਬੁੱਧੀਜੀਵੀਆਂ ਨੇ ਭਾਗ ਲਿਆ। ਸ਼੍ਰੀ ਸੰਜੀਵ ਕੁਮਾਰ ਗਰਗ, ਸੰਯੁਕਤ ਕਮਿਸ਼ਨਰ ਐਫ.ਡੀ.ਏ. ਪੰਜਾਬ, ਸ੍ਰੀ ਸੁਸ਼ੀਲ ਕੁਮਾਰ ਬਾਂਸਲ, ਪੀ.ਸੀ.ਆਈ ਮੈਂਬਰ, ਪ੍ਰੋ: ਓ.ਪੀ. ਕਟਾਰਾ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਅਤੇ ਪ੍ਰੋ: ਸਰਨਜੀਤ ਸਿੰਘ ਇਸ ਚਰਚਾ ਵਿੱਚ ਵਿਸ਼ੇਸ਼ ਤੌਰ ’ਤੇ ਸ਼ਾਮਲ ਸਨ। ਉਦਘਾਟਨੀ ਸਮਾਗਮ ਦੌਰਾਨ ਸ੍ਰੀ ਸੰਜੀਵ ਕੁਮਾਰ ਗਰਗ ਨੇ ਆਧੁਨਿਕ ਯੁੱਗ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਫਾਰਮੇਸੀ ਕਿੱਤੇ ਦੇ ਪਾਠਕ੍ਰਮ ਨੂੰ ਅੱਪਡੇਟ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹ ਕਿਹਾ ਕਿ ਅਜਿਹਾ ਅੱਪਡੇਟ ਨਾ ਸਿਰਫ਼ ਭਾਰਤ ਵਿੱਚ ਸਗੋਂ ਵਿਦੇਸ਼ਾਂ ਵਿੱਚ ਵੀ ਫਾਰਮੇਸੀ ਪੇਸ਼ੇਵਰਾਂ ਦੀ ਮੰਗ ਨੂੰ ਵਧਾ ਸਕੇਗਾ। ਇਸ ਚਰਚਾ ਵਿੱਚ ਇੰਦਰਪ੍ਰੀਤ ਸਿੰਘ, ਸੋਨਲ ਗੋਇਲ, ਹਰਦੀਪ ਸਿੰਘ, ਅਮਨਿੰਦਰ ਢਿੱਲੋਂ, ਜੈਕਾਰ ਸਿੰਘ, ਸੰਦੀਪ ਅਰੋੜਾ ਅਤੇ ਜਤਿੰਦਰ ਚੋਪੜਾ ਨੇ ਹਿੱਸਾ ਲਿਆ। ਉਨ੍ਹਾਂ ਨੇ ਫਾਰਮਾਸਿਸਟਾਂ ਦੇ ਪੇਸ਼ੇਵਰ ਹੁਨਰ ਨੂੰ ਵਧਾਉਣ ਦੇ ਨਾਲ-ਨਾਲ ਵਿਦਿਆਰਥੀਆਂ ਦੀਆਂ ਕਮਜ਼ੋਰੀਆਂ ਨੂੰ ਉਜਾਗਰ ਕੀਤਾ ਜਿਨ੍ਹਾਂ ਨੂੰ ਦੂਰ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ ਗਿਆ। ਸਮਾਗਮ ਦੇ ਕਨਵੀਨਰ ਪ੍ਰੋਫ਼ੈਸਰ ਗੁਲਸ਼ਨ ਬਾਂਸਲ ਨੇ ਸਾਰੇ ਮਹਿਮਾਨਾਂ ਅਤੇ ਭਾਗੀਦਾਰਾਂ ਦਾ ਸੁਆਗਤ ਕੀਤਾ ਅਤੇ ਇਸ ਸਮਾਗਮ ਵਿੱਚ ਸਹਿਯੋਗ ਦੇਣ ਲਈ ਫਾਰਮੇਸੀ ਕੌਂਸਲ ਆਫ਼ ਇੰਡੀਆ, ਵੱਖ-ਵੱਖ ਅਕਾਦਮਿਕ ਅਤੇ ਉਦਯੋਗਿਕ ਭਾਈਵਾਲਾਂ ਦਾ ਧੰਨਵਾਦ ਕੀਤਾ।