ਬਰਨਾਲਾ : ਸੂਬਾ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਜਿੱਥੇ ਬਿਨਾਂ ਮਹਿੰਗੀਆਂ ਫੀਸਾਂ ਦੇ ਮਿਆਰੀ ਸਿੱਖਿਆ ਉਪਲਬਧ ਕਰਵਾਈ ਜਾ ਰਹੀ ਹੈ, ਉੱਥੇ ਹੀ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਬਹੁਤ ਸਾਰੀਆਂ ਸਕੀਮਾਂ ਹੇਠ ਵਜੀਫ਼ੇ ਵੀ ਉਪਲਬਧ ਕਰਵਾਏ ਜਾ ਰਹੇ ਹਨ।
ਵਜੀਫ਼ਾ ਸਕੀਮਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਸਰਬਜੀਤ ਸਿੰਘ ਤੂਰ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਐਲੀਮੈਂਟਰੀ ਨੇ ਦੱਸਿਆ ਕਿਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚੋਂ ਦਸਵੀਂ ਜਮਾਤ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਸ੍ਰੀ ਹਰਗੋਬਿੰਦ ਖੁਰਾਣਾ ਸਕੀਮ ਅਧੀਨ ਵਿਸ਼ੇਸ਼ ਵਜੀਫ਼ਾ ਦਿੱਤਾ ਜਾਂਦਾ ਹੈ।ਇਸ ਸਕੀਮ ਅਧੀਨ ਦਸਵੀਂ ਜਮਾਤ ਵਿੱਚੋਂ ਅੱਸੀ ਫੀਸਦੀ ਤੋਂ ਜਿਆਦਾ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਕਾਰੀ ਸਕੂਲਾਂ ਵਿੱਚੋਂ ਗਿਆਰਵੀਂ ਅਤੇ ਬਾਰਵੀਂ ਜਮਾਤਾਂ ਦੀ ਪੜ੍ਹਾਈ ਦੌਰਾਨ 50,000 ਰੁਪਏ ਦੋ ਵਰ੍ਹਿਆਂ ਦੇ ਹਿਸਾਬ ਨਾਲ ਵਜੀਫਾ ਦਿੱਤਾ ਜਾਂਦਾ ਹੈ।ਮੌਜ਼ੂਦਾ ਸੈਸ਼ਨ ਦੌਰਾਨ ਦੋ ਕਿਸ਼ਤਾਂ ਵਿੱਚ ਜਿਲ੍ਹੇ ਦੇ 259 ਵਿਦਿਆਰਥੀਆਂ ਦੇ ਖਾਤਿਆਂ ਵਿੱਚ ਵਜੀਫਾ ਰਾਸ਼ੀ ਭੇਜੀ ਜਾ ਚੁੱਕੀ ਹੈ।ਪਹਿਲੀ ਕਿਸ਼ਤ ਦੌਰਾਨ 5051/- ਰੁਪਏ ਪ੍ਰਤੀ ਵਿਦਿਆਰਥੀ ਦੇ ਹਿਸਾਬ ਨਾਲ ਕੁੱਲ 13,08209/- ਰੁਪਏ ਅਤੇ ਦੂਜੀ ਕਿਸ਼ਤ ਦੌਰਾਨ 5140/- ਰੁਪਏ ਪ੍ਰਤੀ ਵਿਦਿਆਰਥੀ ਦੇ ਹਿਸਾਬ ਨਾਲ ਕੁੱਲ 13,31260/- ਰੁਪਏ ਵਿਦਿਆਰਥੀਆਂ ਦੇ ਖਾਤਿਆਂ ਵਿੱਚ ਜਮ੍ਹਾਂ ਕਰਵਾਏ ਗਏ ਹਨ।ਇਸ ਤਰ੍ਹਾਂ ਇਸ ਸਕੀਮ ਅਧੀਨ ਕੁੱਲ 26,39,469/- ਰੁਪਏ ਜਿਲ੍ਹੇ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਖਾਤਿਆਂ ਵਿੱਚ ਜਮ੍ਹਾਂ ਕਰਵਾਏ ਗਏ ਹਨ।ਇਸ ਦੇ ਨਾਲ ਹੀ ਜਨਰਲ ਸਕਾਲਰਸ਼ਿਪ ਸਕੀਮ ਅਧੀਨ ਪੰਜਵੀਂ ਅਤੇ ਅੱਠਵੀਂ ਜਮਾਤ ਵਧੀਆ ਅੰਕਾਂ ਨਾਲ ਪਾਸ ਕਰਨ ਵਾਲੇ ਜਿਲ੍ਹੇ ਦੇ 36 ਵਿਦਿਆਰਥੀਆਂ ਦੇ ਖਾਤਿਆਂ ਵਿੱਚ 45000/- ਰੁਪਏ ਦੀ ਰਾਸ਼ੀ ਜਮ੍ਹਾਂ ਕਰਵਾਈ ਗਈ ਹੈ।
ਸ੍ਰੀਮਤੀ ਹਰਕੰਵਲਜੀਤ ਕੌਰ ਉਪ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਸ੍ਰੀਮਤੀ ਵਸੁੰਧਰਾ ਕਪਿਲਾ ਉਪ ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਨੇ ਦੱਸਿਆ ਕਿ ਜਿੱਥੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਰਾਜ ਅਤੇ ਕੇਂਦਰੀ ਸਕੀਮਾਂ ਤਹਿਤ ਵਜੀਫ਼ੇ ਉਪਲਬਧ ਕਰਵਾਏ ਜਾ ਰਹੇ ਹਨ,ਉੱਥੇ ਹੀ ਬਹੁਤ ਸਾਰੀਆਂ ਮੁਕਾਬਲਾ ਪ੍ਰੀਖਿਆਵਾਂ ਵੀ ਕਰਵਾਈਆਂ ਜਾਂਦੀਆਂ ਹਨ ਜਿੰਨਾਂ ਦੇ ਸਫ਼ਲ ਵਿਦਿਆਰਥੀਆਂ ਨੂੰ ਵੀ ਵਜੀਫ਼ੇ ਪ੍ਰਦਾਨ ਕੀਤੇ ਜਾਂਦੇ ਹਨ।ਇਸ ਤੋਂ ਇਲਾਵਾ ਪ੍ਰੀ-ਮੈਟਿ੍ਰਕ ਅਤੇ ਪੋਸਟ ਮ੍ਰੈਟਿਕ ਸਕੀਮਾਂ ਅਧੀਨ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ,ਪ੍ਰੀ-ਮ੍ਰੈਟਿਕ ਹੋਰ ਪਛੜੀਆਂ ਸ੍ਰੇਣੀਆਂ ਸਕੀਮ ਅਧੀਨ ਹੋਰ ਪੱਛੜੀਆਂ ਸ੍ਰੇਣੀਆਂ ਦੇ ਵਿਦਿਆਰਥੀਆਂ, ਪ੍ਰੀ-ਮ੍ਰੈਟਿਕ ਘੱਟ ਗਿਣਤੀ ਸਕੀਮ ਅਧੀਨ ਪਹਿਲੀ ਤੋਂ ਦਸਵੀਂ ਜਮਾਤਾਂ ਦੇ ਘੱਟ ਗਿਣਤੀ ਪਰਿਵਾਰਾਂ ਨਾਲ ਸੰਬੰਧਿਤ ਵਿਦਿਆਰਥੀਆਂ ਨੂੰ, ਪੋਸਟ ਮ੍ਰੈਟਿਕ ਘੱਟ ਗਿਣਤੀ ਸਕੀਮ ਅਧੀਨ ਗਿਆਰਵੀਂ ਅਤੇ ਬਾਰਵੀਂ ਜਮਾਤਾਂ ਦੇ ਵਿਦਿਆਰਥੀਆਂ ਨੂੰ ਸਾਲਾਨਾ ਵਜੀਫ਼ੇ ਮੁਹੱਈਆ ਕਰਵਾਇਆ ਜਾਂਦੇ ਹਨ।ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਇਹਨਾਂ ਵਜੀਫਾ ਸਕੀਮਾਂ ਦੀ ਰਾਸ਼ੀ ਸਰਕਾਰ ਵੱਲੋਂ ਸਿੱਧੇ ਵਿਦਿਆਰਥੀਆਂ ਦੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਕਰਵਾਈ ਜਾਂਦੀ ਹੈ।ਸਿੱਖਿਆ ਅਧਿਕਾਰੀਆਂ ਨੇ ਮਾਪਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਆਪਣੇ ਬੱਚਿਆਂ ਦਾ ਦਾਖਲਾ ਕਰਵਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਜਿੱਥੇ ਸਰਕਾਰੀ ਸਕੂਲਾਂ ਵਿੱਚ ਬੱਚੇ ਪੜ੍ਹਾਉਣ ਨਾਲ ਮਹਿੰਗੀਆਂ ਫੀਸਾਂ ਤੋਂ ਬੱਚਤ ਜਰੀਏ ਆਰਥਿਕ ਰਾਹਤ ਮਿਲਦੀ ਹੈ ਉੱਥੇ ਹੀ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਨੂੰ ਪ੍ਰਦਾਨ ਕੀਤੀ ਜਾਣ ਵਾਲੀ ਵਜੀਫਾ ਰਾਸ਼ੀ ਜਰੀਏ ਵੀ ਮਾਪਿਆਂ ਨੂੰ ਆਰਥਿਕ ਲਾਹਾ ਮਿਲਦਾ ਹੈ।