ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਪੱਤਰਕਾਰੀ ਅਤੇ ਜਨੑਸੰਚਾਰ ਵਿਭਾਗ ਵਿਖੇ ਵਿਭਾਗ ਦੀਆਂ ਐਮ.ਏ ਭਾਗ ਪਹਿਲਾ ਅਤੇ ਦੂਜਾ ਦੀਆਂ ਵਿਦਿਆਰਥਣਾਂ ਵੱਲੋਂ ਯੂਨੀਵਰਸਿਟੀ ਕੈਂਪਸ ਵਿਖੇ ਕੌਮਾਂਤਰੀ ਨਾਰੀ ਦਿਹਾੜੇ ਨੂੰ ਸਮਰਪਿਤ ਇੱਕ ਨੁੱਕੜ ਨਾਟਕ ਪੇਸ਼ ਕੀਤਾ ਗਿਆ। ਮੁੱਢ ਤੋਂ ਲੈ ਕੇ ਹੁਣ ਤੱਕ ਵੱਖ-ਵੱਖ ਖੇਤਰਾਂ ਵਿੱਚ ਆਪਣਾ ਅਹਿਮ ਯੋਗਦਾਨ ਪਾਉਣ ਵਾਲੀਆਂ ਔਰਤਾਂ ਅਤੇ ਉਨ੍ਹਾਂ ਵੱਲੋਂ ਪਾਏ ਯੋਗਦਾਨ ਨੂੰ ਇਸ ਨਾਟਕ ਰਾਹੀਂ ਉਜਾਗਰ ਕੀਤਾ ਗਿਆ। ਹਰੇਕ ਘਰ ਵਿੱਚ ਇੱਕ ਮਾਂ ਦੇ ਤੌਰ ਉੱਤੇ ਔਰਤ ਵੱਲੋਂ ਨਿਭਾਈਆਂ ਜਾਂਦੀਆਂ ਜ਼ਿੰਮੇਵਾਰੀਆਂ ਨੂੰ ਵੀ ਇਸ ਨਾਟਕ ਵਿੱਚ ਦਰਸਾਇਆ ਗਿਆ। ਇਸ ਤੋਂ ਪਹਿਲਾਂ ਵਿਭਾਗ ਵਿੱਚ ਇੱਕ ਖਾਸ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਉਭਰ ਰਹੀ ਕਵਿਤਰੀ ਸੰਦੀਪ ਕੌਰ ਵਿਦਿਆਰਥੀਆਂ ਦੇ ਰੂਬਰੂ ਹੋਏ। ਉਨ੍ਹਾਂ ਵਿਦਿਆਰਥੀਆਂ ਨੂੰ ਕੌਮਾਂਤਰੀ ਨਾਰੀ ਦਿਹਾੜੇ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਅੱਜ ਨਾਰੀ ਸ਼ਕਤੀਕਰਨ ਦੀਆਂ ਗੱਲਾਂ ਹੁੰਦੀਆਂ ਹਨ, ਪਰ ਅਜੇ ਵੀ ਔਰਤਾਂ ਨੂੰ ਅਸਲ ਆਜ਼ਾਦੀ ਦੀ ਉਡੀਕ ਹੈ, ਖਾਸ ਕਰਕੇ ਆਰਥਿਕ ਪੱਖੋਂ ਕਮਜ਼ੋਰ ਔਰਤਾਂ ਨੂੰ। ਉਨ੍ਹਾਂ ਇਸ ਬਜ਼ਾਰੀਕਰਨ ਦੇ ਦੌਰ ਵਿੱਚ ਔਰਤਾਂ ਨੂੰ ਇੱਕ ਉਤਪਾਦ ਵਜੋਂ ਪੇਸ਼ ਕੀਤੇ ਜਾਣ ਉੱਤੇ ਵੀ ਚਿੰਤਾ ਜਤਾਈ। ਇਸ ਮੌਕੇ ਪਹੁੰਚੇ ਵਿਭਾਗ ਦੇ ਸਾਬਕਾ ਮੁਖੀ ਡਾ.ਹਰਜਿੰਦਰਪਾਲ ਸਿੰਘ ਵਾਲੀਆ ਨੇ ਇੱਕ ਚੰਗਾ ਬੁਲਾਰਾ ਬਣਨ ਲਈ ਸ਼ਬਦਾਂ ਦੇ ਸਹੀ ਉਚਾਰਣ ਉੱਤੇ ਜ਼ੋਰ ਦਿੱਤਾ। ਆਖਰ ਵਿੱਚ ਵਿਭਾਗ ਮੁਖੀ ਡਾ. ਨੈਨਸੀ ਦਵਿੰਦਰ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਪਿਤਰੀ ਸਮਾਜ ਦਾ ਜ਼ਿਕਰ ਕਰਦਿਆਂ ਔਰਤਾਂ ਨੂੰ ਬਾਹਰੀ ਆਜ਼ਾਦੀ ਦੇ ਨਾਲ਼ ਨਾਲ਼ ਮਾਨਸਿਕ ਪੱਖੋਂ ਵੀ ਆਜ਼ਾਦ ਹੋਣ ਦੀ ਜ਼ਰੂਰਤ ਉੱਤੇ ਬਲ ਦਿੱਤਾ।