ਬੱਸੀ ਪਠਾਣਾਂ ਵਿਖੇ ਕੌਮਾਂਤਰੀ ਮਹਿਲਾ ਦਿਵਸ ਸਬੰਧੀ ਜ਼ਿਲ੍ਹਾ ਪੱਧਰੀ ਸਮਾਗਮ
ਵੱਖੋ ਵੱਖ ਖੇਤਰਾਂ ਵਿੱਚ ਸ਼ਲਾਘਾਯੋਗ ਕੰਮ ਕਰਨ ਵਾਲੀਆਂ ਔਰਤਾਂ ਦਾ ਸਨਮਾਨ
ਨਵਜੰਮੀਆਂ ਬੱਚੀਆਂ ਤੇ ਉਹਨਾਂ ਦੀਆਂ ਮਾਂਵਾਂ ਦਾ ਵੀ ਕੀਤਾ ਗਿਆ ਸਨਮਾਨ
ਸਵੀਪ ਤਹਿਤ ਲੋਕਾਂ ਨੂੰ ਵੋਟ ਪ੍ਰਕਿਰਿਆ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ
ਬੱਸੀ ਪਠਾਣਾਂ : ਲੋਕਤੰਤਰ ਦੀ ਮਜ਼ਬੂਤੀ ਵਿੱਚ ਔਰਤਾਂ ਦੀ ਅਹਿਮ ਭੂਮਿਕਾ ਹੈ ਤੇ ਅਗਾਮੀ ਲੋਕ ਸਭਾ ਚੋਣਾਂ ਦੌਰਾਨ ਔਰਤਾਂ ਵੱਧ ਚੜ੍ਹ ਕੇ ਵੋਟਾਂ ਪਾਉਣ। ਇਹ ਅਪੀਲ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਆਈ.ਟੀ.ਆਈ., ਬੱਸੀ ਪਠਾਣਾਂ ਦੇ ਮੈਦਾਨ ਵਿਖੇ ਕੌਮਾਂਤਰੀ ਮਹਿਲਾ ਦਿਵਸ ਸਬੰਧੀ ਅਤੇ ਸਵੀਪ ਗਤੀਵਿਧੀਆਂ ਬਾਬਤ ਕਰਵਾਏ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਬਤੌਰ ਮੁੱਖ ਮਹਿਮਾਨ ਸੰਬੋਧਨ ਕਰਦਿਆਂ ਕੀਤੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੇਕਰ ਘਰ ਦੀ ਔਰਤ ਵੋਟ ਪਾਉਣ ਜਾਵੇਗੀ ਤਾਂ ਘਰ ਦੇ ਬਾਕੀ ਵੋਟਰ ਵੀ ਪਾਉਣ ਨੂੰ ਤਰਜੀਹ ਜ਼ਰੂਰ ਦੇਣਗੇ। ਉਹਨਾਂ ਕਿਹਾ ਕਿ ਅੱਜ ਦਾ ਇਹ ਸਮਾਗਮ ਬੱਸੀ ਪਠਾਣਾਂ ਵਿਖੇ ਇਸ ਲਈ ਰੱਖਿਆ ਗਿਆ ਹੈ ਕਿਉਂਕਿ ਪਿਛਲੀਆਂ ਚੋਣਾਂ ਦੌਰਾਨ ਜ਼ਿਲ੍ਹੇ ਵਿਚਲੇ ਬਾਕੀ ਹਲਕਿਆਂ ਦੇ ਮੁਕਾਬਲੇ ਹਲਕਾ ਬੱਸੀ ਪਠਾਣਾਂ ਵਿਖੇ ਵੋਟਿੰਗ ਫ਼ੀਸਦ ਘੱਟ ਸੀ। ਉਹਨਾਂ ਕਿਹਾ ਕਿ ਲੋਕ ਤੰਤਰ ਦੀ ਮਜ਼ਬੂਤੀ ਲਈ ਵੱਧ ਤੋਂ ਵੱਧ ਵੋਟਰਾਂ ਵੱਲੋਂ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਜਾਣੀ ਲਾਜ਼ਮੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਔਰਤਾਂ ਦੀ ਮਜ਼ਬੂਤੀ ਤੇ ਵਿਕਾਸ ਲਈ ਸਰਕਾਰ ਦੀਆਂ ਸਕੀਮਾਂ ਦਾ ਲਾਭ ਹੇਠਲੇ ਪੱਧਰ ਤੱਕ ਪੁੱਜਦਾ ਕਰਨ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਇਸ ਕਾਰਜ ਵਿਚ ਆਂਗਣਵਾੜੀ ਵਰਕਰਾਂ ਤੇ ਆਸ਼ਾ ਵਰਕਰਾਂ ਵੱਲੋਂ ਸਭ ਤੋਂ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ। ਇਹਨਾਂ ਉਪਰਾਲਿਆਂ ਸਦਕਾ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਨੇ ਸੂਬਾ ਤੇ ਕੌਮੀ ਪੱਧਰ ਉੱਤੇ ਨਾਮਣਾ ਖੱਟਿਆ ਹੈ।
ਜ਼ਿਕਰਯੋਗ ਹੈ ਕਿ ਇਸ ਸਮਾਗਮ ਦੌਰਾਨ ਵੱਖ ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੀਆਂ ਔਰਤਾਂ ਤੇ ਲੜਕੀਆਂ ਦਾ ਸਨਮਾਨ ਵੀ ਕੀਤਾ ਗਿਆ। ਜਿਨ੍ਹਾਂ ਵਿੱਚ ਪੁਲੀਸ, ਸਿੱਖਿਆ, ਖੇਡਾਂ, ਸਮਾਜਕ ਸੁਰੱਖਿਆ ਸਮੇਤ ਵੱਖੋ ਵੱਖ ਵਿਭਾਗਾਂ ਤੇ ਖੇਤਰਾਂ ਨਾਲ ਸਬੰਧਤ ਲੜਕੀਆਂ ਤੇ ਔਰਤਾਂ ਸ਼ਾਮਲ ਸਨ। ਇਸ ਮੌਕੇ ਨਵਜੰਮੀਆਂ ਬੱਚੀਆਂ ਤੇ ਉਹਨਾਂ ਦੀਆਂ ਮਾਵਾਂ ਦਾ ਸਨਮਾਨ ਵੀ ਕੀਤਾ ਗਿਆ।
ਇਸ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਦੌਰਾਨ ਮਕਬੂਲ ਗਿੱਧਾ ਗਰੁੱਪ ਨੂਰ ਜ਼ੋਰਾ ਟੀਮ ਵੱਲੋਂ ਗਿੱਧੇ ਦੀਆਂ ਬੋਲੀਆਂ ਨਾਲ ਜਿੱਥੇ ਸੱਭਿਆਚਾਰਕ ਰੰਗ ਬੰਨ੍ਹਿਆ ਗਿਆ ਉੱਥੇ ਵੋਟ ਦੀ ਵਰਤੋਂ ਤੇ ਔਰਤਾਂ ਨੂੰ ਉਹਨਾਂ ਦੇ ਹੱਕਾਂ ਬਾਰੇ ਵੀ ਜਾਗਰੂਕ ਕੀਤਾ ਗਿਆ। ਇਸ ਦੇ ਨਾਲ ਬਾਬਾ ਫਤਿਹ ਸਿੰਘ ਅਖਾੜਾ ਫ਼ਤਹਿਗੜ੍ਹ ਸਾਹਿਬ ਦੀਆਂ ਲੜਕੀਆਂ ਵੱਲੋਂ ਗਤਕਾ ਖੇਡਿਆ ਗਿਆ ਤੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਦੇ ਦਫ਼ਤਰ ਦੀ ਟੀਮ ਔਰਤਾਂ ਦੀ ਮਜ਼ਬੂਤੀ ਸਬੰਧੀ ਨਾਟਕ ਵੀ ਖੇਡਿਆ ਗਿਆ।
ਇਸ ਮੌਕੇ ਐਸ.ਡੀ.ਐਮ. ਬਸੀ ਪਠਾਣਾਂ ਸ਼੍ਰੀ ਸੰਜੀਵ ਕੁਮਾਰ, ਐਸ.ਡੀ.ਐਮ. ਖਮਾਣੋਂ ਸ਼੍ਰੀਮਤੀ ਮਨਰੀਤ ਰਾਣਾ, ਤਹਿਸੀਲਦਾਰ ਬਸੀ ਪਠਾਣਾਂ ਰਿਤੂ ਗੁਪਤਾ, ਨਾਈਬ ਤਹਿਸੀਲਦਾਰ ਬਸੀ ਪਠਾਣਾਂ ਸ਼੍ਰੀ ਦੀਪਕ ਭਾਰਦਵਾਜ, ਜ਼ਿਲ੍ਹਾ ਪ੍ਰੋਗਰਾਮ ਅਫਸਰ ਸ਼੍ਰੀ ਗੁਰਮੀਤ ਸਿੰਘ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ਼੍ਰੀਮਤੀ ਜੋਬਨਦੀਪ ਕੌਰ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ਼੍ਰੀ ਹਰਭਜਨ ਸਿੰਘ ਮਹਿਮੀ, ਪ੍ਰਿੰਸੀਪਲ ਸ.ਸ.ਸ. ਸਕੂਲ ਭੜੀ ਸ. ਰਵਿੰਦਰ ਸਿੰਘ ਤੇ ਅਧਿਆਪਕਾ ਸ਼੍ਰੀਮਤੀ ਰੂਪਪ੍ਰੀਤ ਕੌਰ ਸਮੇਤ ਵੱਖੋ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।