ਸੁਨਾਮ : ਕੇਂਦਰ ਵਿਚਲੀ ਨਰਿੰਦਰ ਮੋਦੀ ਸਰਕਾਰ ਵੱਲੋਂ ਪੰਜਾਬ ਅੰਦਰ ਵਿਕਸਤ ਭਾਰਤ ਸੰਕਲਪ ਯਾਤਰਾ ਤਹਿਤ ਵਿਧਾਨ ਸਭਾ ਹਲਕਾ ਸੁਨਾਮ ਦੇ ਪਿੰਡਾਂ ਅਤੇ ਸ਼ਹਿਰੀ ਵਾਰਡਾਂ ਵਿਚ ਕੈੰਪ ਆਯੋਜਿਤ ਕਰਕੇ ਬਣਾਏ ਲਾਭਪਾਤਰੀ ਕਾਰਡ ਭਾਜਪਾ ਦੀ ਸੂਬਾ ਸਕੱਤਰ ਦਾਮਨ ਥਿੰਦ ਬਾਜਵਾ ਨੇ ਤਕਸੀਮ ਕੀਤੇ।
ਭਾਜਪਾ ਆਗੂ ਦਾਮਨ ਥਿੰਦ ਬਾਜਵਾ ਨੇ ਸ਼ਨਿੱਚਰਵਾਰ ਨੂੰ ਲੌਂਗੋਵਾਲ ਵਿਖੇ ਕੇਂਦਰ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਤਹਿਤ ਬਣਾਏ ਕਾਰਡ ਲਾਭਪਾਤਰੀਆਂ ਨੂੰ ਤਕਸੀਮ ਕਰਨ ਮੌਕੇ ਕਿਹਾ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਨਰਿੰਦਰ ਮੋਦੀ ਸਰਕਾਰ ਦੀਆਂ ਸਕੀਮਾਂ ਤੇ ਡਾਕਾ ਮਾਰ ਰਹੀਆਂ ਹੈ ਜਦਕਿ ਹਕੀਕਤ ਇਹ ਹੈ ਕਿ ਸੂਬੇ ਦੀ ਸਰਕਾਰ ਨੇ ਗ਼ਲਤ ਨੀਤੀਆਂ ਕਾਰਨ ਹਜ਼ਾਰਾਂ ਕਰੋੜ ਰੁਪਏ ਦਾ ਕਰਜ਼ਾ ਲੈਕੇ ਪੰਜਾਬ ਨੂੰ ਆਰਥਿਕ ਪੱਖੋਂ ਕਮਜ਼ੋਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਝੂਠੀ ਇਸ਼ਤਿਹਾਰਬਾਜ਼ੀ ਤੇ ਪੈਸਾ ਖ਼ਰਚ ਕਰਕੇ ਪੰਜਾਬ ਅੰਦਰ ਆਰਥਿਕ ਐਮਰਜੈਂਸੀ ਵਰਗੇ ਹਾਲਾਤ ਪੈਦਾ ਕਰ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਦੀਆਂ ਸਕੀਮਾਂ ਤਹਿਤ ਲਾਭਪਾਤਰੀਆਂ ਦੇ ਆਯੁਸ਼ਮਾਨ ਕਾਰਡ (5 ਲੱਖ ਤੱਕ ਦਾ ਫਰੀ ਇਲਾਜ) ਵਾਲੇ ਕਾਰਡ ਬਣਾਏ ਗਏ ਹਨ। ਉਨ੍ਹਾਂ ਕਿਹਾ ਕਿ ਵਿਕਸਤ ਭਾਰਤ ਸੰਕਲਪ ਯਾਤਰਾ ਤਹਿਤ ਸਰਕਾਰੀ ਕਰਮਚਾਰੀਆਂ ਤੋਂ ਇਲਾਵਾ ਮੇਰੇ ਦਫ਼ਤਰ ਦੇ ਅਮਲੇ ਵੱਲੋਂ ਨਿਰੰਤਰ ਕਾਰਜ ਜਾਰੀ ਹਨ। ਮੈਡਮ ਬਾਜਵਾ ਨੇ ਦੱਸਿਆ ਕਿ ਲੌਂਗੋਵਾਲ, ਪਿੰਡੀ ਦੁੱਲਟ ਵਾਲੀ, ਪਿੰਡੀ ਅਮਰ ਸਿੰਘ ਵਾਲੀ, ਪਿੰਡੀ ਦੇਸੂਪੁਰਾ, ਪਿੰਡੀ ਭੁੱਲਰ, ਨਮੋਲ ਅਤੇ ਮਿਰਜਾ ਪੱਤੀ ਨਮੋਲ ਵਿਖੇ ਕਾਰਡ ਵੰਡੇ ਗਏ ਹਨ। ਇਸ ਮੌਕੇ ਬੰਟੀ ਮਾਨ, ਵਿੱਕੀ ਐਮ.ਸੀ, ਬਿੰਦਰ ਐਮ.ਸੀ, ਵਿਜੇ ਕੁਮਾਰ ਗੋਇਲ, ਰਤਨ ਲਾਲ ਮੰਗੂ, ਪਰਮਜੀਤ ਸਿੰਘ ਸਰਪੰਚ ਦੁੱਲਟ ਵਾਲਾ, ਬਲਜੀਤ ਸਿੰਘ , ਸੂਬੇਦਾਰ ਸੁਖਦੇਵ ਸਿੰਘ, ਦਰਸ਼ਨ ਸਿੰਘ ਨਮੋਲ, ਬਿੰਦਰ ਨਮੋਲ ਆਦਿ ਹਾਜ਼ਰ ਸਨ।