ਅਜਿਹੀਆਂ ਥਾਵਾਂ ਨੂੰ ਸਰਕਾਰ ਵਲੋਂ ਤੁਰੰਤ ਆਪਣੇ ਕਬਜ਼ੇ ’ਚ ਲੈਣ ਲਈ ਮੰਤਰੀ ਨੂੰ ਕੀਤੀ ਅਪੀਲ
ਪਟਿਆਲਾ : ਆਮ ਆਦਮੀ ਪਾਰਟੀ ਦੇ ਪਟਿਆਲਾ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਅਜ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਪਟਿਆਲਾ ’ਚ ਧਰਮ ਅਰਥ ਬੋਰਡ ਦੀਆਂ ਜਗ੍ਹਾ ਉਪਰ ਹੋ ਰਹੇ ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਮਾਮਲਾ ਉਠਾਇਆ| ਇਸ ਦੌਰਾਨ ਵਿਧਾਨ ਸਭਾ ’ਚ ਬੋਲਦਿਆਂ ਵਿਧਾਇਕ ਨੇ ਕਿਹਾ ਕਿ ਪਟਿਆਲਾ ਸ਼ਹਿਰ ਅੰਦਰ ਕਈ ਥਾਵਾਂ ਅਜਿਹੀਆਂ ਹਨ ਜੋ ਧਰਮ ਅਰਥ ਬੋਰਡ ਅਧੀਨ ਆਉਂਦੀਆਂ ਹਨ| ਇਹ ਜਗ੍ਹਾ ਪੁਰਾਣੀਆਂ ਹਨ, ਜੋ ਜਾਂ ਤਾਂ ਕਿਸੇ ਮੰਦਰ, ਗੁਰਦੁਆਰਾ ਜਾਂ ਕਿਸੇ ਡੇਰੇ ਦੀਆਂ ਹਨ| ਹੁਣ ਇਨ੍ਹਾਂ ਜਗ੍ਹਾ ਨੂੰ ਮਾਫੀਆ ਕਿਸਮ ਦੇ ਲੋਕ ਘਟ ਰੇਟਾਂ ’ਤੇ ਕਬਜਾਕਾਰੀ ਤੋਂ ਖਰੀਦ ਕੇ ਉਨ੍ਹਾਂ ਉੱਪਰ ਸ਼ੋਅ ਰੂਮ ਬਨਾਉਂਦੇ ਹਨ| ਅਜੀਤਪਾਲ ਸਿੰਘ ਕੋਹਲੀ ਨੇ ਸ਼ੁਰੂਆਤ ਚ ਅਜਿਹੀਆਂ 6 ਥਾਵਾਂ ਦੀ ਸ਼ਨਾਖਤ ਕਰਕੇ ਵਿਧਾਨ ਸਭਾ ਨੂੰ ਲਿਸਟ ਸੌਂਪਦਿਆਂ ਸਬੰਧਤ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਤੋਂ ਤੁਰੰਤ ਜਵਾਬ ਦੀ ਮੰਗ ਕੀਤੀ।
ਸੈਸ਼ਨ ਦੌਰਾਨ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਆਦੇਸ਼ਾਂ ’ਤੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਜਵਾਬ ਦਿੰਦਿਆਂ ਕਿਹਾ ਕਿ ਪੰਜਾਬ ਵਿਚ ਜਿਥੇ ਅਜਿਹੀਆਂ ਥਾਵਾਂ ਹਨ, ਉਹ ਤੁਰੰਤ ਸਰਕਾਰ ਅਧੀਨ ਲਈਆਂ ਜਾਣਗੀਆਂ| ਉਨ੍ਹਾਂ ਕਿਹਾ ਕਿ ਵੈਸੇ ਤਾਂ ਪੰਜਾਬ ਵਿਚ ਇਹ ਥਾਵਾਂ ਪਹਿਲਾਂ ਹੀ ਸਬੰਧਤ ਵਿਭਾਗ ਕੋਲ ਹਨ, ਪਰ ਫਿਰ ਵੀ ਜੇਕਰ ਕਿਸੇ ਜਗ੍ਹਾ ’ਤੇ ਕਬਜਾ ਕਰਨ ਦੀ ਜਾਣਕਾਰੀ ਆਵੇਗੀ| ਉਸ ਨੂੰ ਤੁਰੰਤ ਛੁਡਾਇਆ ਜਾਵੇਗਾ| ਉਨ੍ਹਾਂ ਕਿਹਾ ਕਿ ਜੋ 6 ਜਗ੍ਹਾ ਦੀ ਲਿਸਟ ਪਟਿਆਲਾ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਸੌਂਪੀ ਹੈ।, ਉਹ ਲਿਸਟ ਅਜ ਹੀ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਭੇਜ ਕੇ ਨਿਰਧਾਰਤ ਸਮੇਂ ਤੋਂ ਪਹਿਲਾਂ ਕਾਰਵਾਈ ਲਈ ਕਿਹਾ ਜਾਵੇਗਾ ਅਤੇ ਇਨ੍ਹਾਂ ਜਗ੍ਹਾ ਨੂੰ ਚਾਰ ਦੀਵਾਰੀ ਕਰਕੇ ਆਪਣੇ ਅਧੀਨ ਲਿਆ ਜਾਵੇਗਾ| ਇਸ ਜਵਾਬ ’ਤੇ ਤਸਲੀ ਪ੍ਰਗਟਾਉਂਦਿਆਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਪਟਿਆਲਾ ਦੀ ਇਹ ਜਗ੍ਹਾ ਮਾਫੀਆ ਤੋਂ ਛੁਡਵਾ ਲਈ ਗਈ ਸੀ, ਪਰ ਫਿਰ ਵੀ ਮਿਲੀਭੁਗਤ ਨਾਲ ਸਬੰਧਤ ਵਿਭਾਗ ਨੇ ਚਾਰ ਦੀਵਾਰੀ ਨਹੀਂ ਕੀਤੀ ਅਤੇ ਲੋਕਾਂ ਦਾ ਕਬਜਾ ਜਿਉਂ ਦੀ ਤਿਉਂ ਖੜਾ ਹੈ।