ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਸੈਂਟਰ ਫ਼ਾਰ ਡਿਸਟੈਂਸ ਐਂਡ ਆਨਲਾਈਨ ਐਜੂਕੇਸ਼ਨ ਵੱਲੋਂ ਡਰੱਗ ਅਬਿਊਜ਼ ਕੌਂਸਲਿੰਗ ਨਾਲ਼ ਸੰਬੰਧਤ ਕੋਰਸ ਦੇ ਵਿਦਿਆਰਥੀਆਂ ਲਈ ਇੱਕ ਵਿਸ਼ੇਸ਼ ਵਰਕਸ਼ਾਪ ਕਰਵਾਈ ਗਈ। ਇਸ ਵਰਕਸ਼ਾਪ ਦੌਰਾਨ ਮੇਹਰ ਫਾਊਂਡੇਸ਼ਨ ਤੋਂ ਡਾ. ਅਭਮੰਨਿਊ ਰਾਮਪਾਲ, ਜੋ ਨਸ਼ਾ ਛੱਡ ਕੇ ਆਮ ਜਿ਼ੰਦਗੀ ਵਿੱਚ ਪਰਤਣ ਵਾਲੇ ਲੋਕਾਂ ਲਈ ਰੀਹੈਬਲੀਟੇਸ਼ਨ ਸੈਂਟਰ ਚਲਾਉਂਦੇ ਹਨ, ਵੱਲੋਂ ਸਿ਼ਰਕਤ ਕੀਤੀ ਗਈ।
ਡਾ. ਅਭਮੰਨਿਊ ਨੇ ਇਸ ਮੌਕੇ ਆਪਣੇ ਵੱਖ-ਵੱਖ ਅਨੁਭਵ ਵਿਦਿਆਰਥੀਆਂ ਨਾਲ਼ ਸਾਂਝੇ ਕੀਤੇ ਕਿ ਕਿਵੇਂ ਮੇਹਰ ਫਾਊਂਡੇਸ਼ਨ ਦੇ ਸੈਂਟਰ ਵਿੱਚ ਨਸ਼ਾ ਛੱਡਣ ਵਾਲ਼ੇ ਲੋਕ ਆਉਂਦੇ ਹਨ ਅਤੇ ਉਨ੍ਹਾ ਦੇ ਕਿਹੋ ਜਿਹੇ ਅਨੁਭਵ ਹੁੰਦੇ ਹਨ। ਉਨ੍ਹਾਂ ਵੱਲੋਂ ਅਜਿਹੇ ਲੋਕਾਂ ਦੇ ਪਰਿਵਾਰਕ ਮੈਂਬਰਾਂ ਦੇ ਅਨੁਭਵ ਵੀ ਸਾਂਝੇ ਕੀਤੇ ਗਏ।
ਉਨ੍ਹਾਂ ਸੰਬੰਧਤ ਕੋਰਸ ਦੇ ਵਿਦਿਆਰਥੀਆਂ ਨਾਲ਼ ਸੰਵਾਦ ਰਚਾਉਂਦੇ ਹੋਏ ਉਨ੍ਹਾਂ ਨੂੰ ਕੌਂਸਲਿੰਗ ਅਤੇ ਅਗਵਾਈ ਦੇ ਹਵਾਲੇ ਨਾਲ਼ ਬਹੁਤ ਸਾਰੇ ਨੁਕਤੇ ਦੱਸੇ।
ਇਸ ਮੌਕੇ ਸੈਂਟਰ ਫ਼ਾਰ ਡਿਸਟੈਂਸ ਐਂਡ ਆਨਲਾਈਨ ਐਜੂਕੇਸ਼ਨ ਦੇ ਡਾਇਰੈਕਟਰ ਪ੍ਰੋ. ਹਰਵਿੰਦਰ ਕੌਰ ਅਤੇ ਡਾ. ਨੈਨਾ ਸ਼ਰਮਾ ਵੱਲੋਂ ਵੀ ਆਪਣੇ ਵਿਚਾਰ ਸਾਂਝੇ ਕੀਤੇ ਗਏ। ਯੂਨੀਵਰਸਿਟੀ ਦੇ ਮਨੋਵਿਗਿਆਨ ਵਿਭਾਗ ਅਤੇ ਨਾਰੀ ਅਧਿਐਨ ਕੇਂਦਰ ਦੇ ਵਿਦਿਆਰਥੀਆਂ ਵੱਲੋਂ ਵੀ ਇਸ ਵਰਕਸ਼ਾਪ ਵਿੱਚ ਸਿ਼ਰਕਤ ਕੀਤੀ ਗਈ।