ਪਟਿਆਲਾ : ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਪੰਚਮੀ ਦੇ ਦਿਹਾੜੇ ਮੌਕੇ ਸੰਗਤਾਂ ਨੇ ਵੱਡੀ ਗਿਣਤੀ ਵਿਚ ਮੱਕਾ ਟੇਕਿਆ ਅਤੇ ਗੁਰੂ ਦਰਬਾਰ ਵਿਚ ਨਤਮਸਤਕ ਹੋ ਕੇ ਹਜੂਰੀ ਰਾਗੀ ਕੀਰਤਨ ਜੱਥਿਆਂ ਪਾਸੋਂ ਗੁਰਬਾਣੀ ਕੀਰਤਨ ਦਾ ਆਨੰਦ ਮਾਣਿਆ। ਤੜਕਸਵੇਰੇ ਕਵਾੜ੍ਹ ਖੁੱਲ੍ਹਣ ਮਗਰੋਂ ਹੈਡ ਗ੍ਰੰਥੀ ਭਾਈ ਪ੍ਰਨਾਮ ਸਿੰਘ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਨਾਨਕਸ਼ਾਹੀ ਸੰਮਤ 556 ਅਨੁਸਾਰ ਨਵੇਂ ਸਾਲ ਦੀ ਸ਼ੁਰੂਆਤ ਮੌਕੇ ਸੰਗਤਾਂ ਨੂੰ ਵਧਾਈ ਦਿੱਤੀ।
ਇਸ ਪਵਿੱਤਰ ਦਿਹਾੜੇ ਮੌਕੇ ਮੌਕੇ ਸੰਗਤਾਂ ਨੇ ਪਵਿੱਤਰ ਸਰੋਵਰ ’ਚ ਇਸ਼ਨਾਨ ਕੀਤਾ ਅਤੇ ਪੰਗਤ ਸੰਗਤ ਕਰਦਿਆਂ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਪ੍ਰਾਪਤ ਕੀਤੀ। ਪੰਚਮੀ ਦੇ ਦਿਹਾੜੇ ਮੌਕੇ ਗੁਰਦੁਆਰਾ ਸਾਹਿਬ ਵਿਖੇ ਦੀਵਾਨ ਸਜਾਏ ਗਏ, ਜਿਨ੍ਹਾਂ ਢਾਡੀ ਅਤੇ ਕਵੀਸ਼ਰੀ ਜੱਥਿਆਂ ’ਚ ਭਾਈ ਖਜ਼ਾਨ ਸਿੰਘ ਪੇ੍ਰਮੀ, ਭਾਈ ਮੇਵਾ ਸਿੰਘ ਰੌਣਕ, ਭਾਈ ਗੁਰਨਾਮ ਸਿੰਘ ਸਨੌਰ ਅਤੇ ਗੁਰਪਿਆਰ ਸਿੰਘ ਜੌਹਰ ਦੇ ਜਥੇ ਨੇ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਨ ਦਾ ਉਪਰਾਲਾ ਕੀਤਾ।
ਦੀਵਾਨ ਹਾਲ ਵਿਖੇ ਆਯੋਜਿਤ ਧਾਰਮਕ ਸਮਾਗਮ ਦੌਰਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਉਚੇਚੇ ਤੌਰ ’ਤੇ ਪੁੱਜੇ ਹੋਏ ਸਨ, ਜਿਨ੍ਹਾਂ ਨੇ ਸੰਗਤਾਂ ਨੂੰ ਨਵੇਂ ਸਾਲ ਦੀ ਆਰੰਭਤਾ ਮੌਕੇ ਵਧਾਈ ਦਿੱਤੀ ਅਤੇ ਦੱਸਿਆ ਕਿ ਨਾਨਕਸ਼ਾਹੀ ਸੰਮਤ 556 ਦਿਹਾੜੇ ਦੇ ਸਿੱਖ ਜਗਤ ਅੰਦਰ ਵੱਡੀ ਮਾਨਤਾ ਅਤੇ ਨਾਨਕਸ਼ਾਹੀ ਕੈਲੰਡਰ ਮੁਤਾਬਕ ਚੇਤ ਸਾਲ ਦਾ ਪਹਿਲਾ ਮਹੀਨਾ ਹੈ ਇਸ ਕਰਕੇ ਗੁਰੂ ਘਰ ਮੱਥਾ ਟੇਕਣ ਪੁੱਜਣ ਸੰਗਤਾਂ ਇਸ ਪਵਿੱਤਰ ਦਿਹਾੜੇ ਨੂੰ ਸਮਝਣ ਦੇ ਨਾਲ ਨਾਲ ਪ੍ਰਮਾਤਮਾ ਵੱਲੋਂ ਦਰਸਾਏ ਮਾਰਗ ’ਤੇ ਚੱਲਣ ਬਾਣੀ ਬਾਣੇ ਦਾ ਧਾਰਨੀ ਬਣਿਆ ਜਾਵੇ । ਪ੍ਰੋ. ਬਡੂੰਗਰ ਨੇ ਇਸ ਪਵਿੱਤਰ ਦਿਹਾੜੇ ’ਤੇ ਅੱਜ ਦੇ ਦਿਨ ਨਨਕਾਣਾ ਸਾਹਿਬ ਦੇ ਸਾਕੇ ਦੌਰਾਨ ਵਾਪਰੀਆਂ ਘਟਨਾਵਾਂ ਅਤੇ ਇਤਿਹਾਸ ਬਾਰੇ ਵੀ ਸੰਗਤਾਂ ਨਾਲ ਸਾਂਝ ਪਾਈ।
ਉਨ੍ਹਾਂ ਕਿਹਾ ਕਿ ਧਰਮ ਵਿਚ ਆਪਣਾ ਦਿ੍ਰੜ ਵਿਸ਼ਵਾਸ ਰੱਖਣ ਵਾਲੇ ਕਦੇ ਵੀ ਆਪਣੇ ਇਤਿਹਾਸ ਨੂੰ ਅਣਡਿੱਠ ਨਹੀਂ ਰੱਖਦੇ ਅਤੇ ਇਤਿਹਾਸ ਅੰਦਰ ਵਾਪਰੀਆਂ ਘਟਨਾਵਾਂ, ਸਾਕਿਆਂ ਤੋਂ ਪਤਾ ਚੱਲਦਾ ਸਿੱਖ ਇਤਿਹਾਸ ਅੰਦਰ ਕੁਰਬਾਨੀਆਂ ਦੇ ਅਨੇਕਾਂ ਮਿਸਾਲਾਂ, ਜੋ ਸਮੁੱਚੀ ਮਾਨਵਤਾ ਦਾ ਰਾਹ ਦਰਸ਼ਨ ਕਰਦੀਆਂ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਨੇਜਰ ਕਰਨੈਲ ਸਿੰਘ ਵਿਰਕ, ਮੀਤ ਮੈਨੇਜਰ ਜਰਨੈਲ ਸਿੰਘ ਮਕਰੌੜ ਸਾਹਿਬ, ਸੁਪਰਵਾਈਜ਼ਰ ਜੋਗਾ ਸਿੰਘ, ਮਨਦੀਪ ਸਿੰਘ ਭਲਵਾਨ, ਭਾਗ ਸਿੰਘ ਚੌਹਾਨ, ਪ੍ਰਚਾਰਕ ਪਰਵਿੰਦਰ ਸਿੰਘ ਬਰਾੜਾ, ਅਵਤਾਰ ਸਿੰਘ ਬੱਲੋਪੁਰ, ਜਸਵੀਰ ਸਿੰਘ ਆਦਿ ਸੰਗਤਾਂ ਸ਼ਾਮਲ ਸਨ।