ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਕਿਹਾ ਕਿ ਜਲਵਾਯੂ ਤਬਦੀਲੀ ਦੇ ਮਸਲੇ ਨਾਲ਼ ਨਜਿੱਠਣ ਲਈ ਕੁਦਰਤ ਪ੍ਰਤੀ ਦੋਸਤਾਨਾ ਪਹੁੰਚ ਵਾਲੀ ਜੀਵਨ ਸ਼ੈਲੀ ਅਪਨਾਉਣ ਦੀ ਸਖ਼ਤ ਲੋੜ ਹੈ। ਨੈਸ਼ਨਲ ਅਸੈੱਸਮੈਂਟ ਐਂਡ ਐਕਰੀਡੇਸ਼ਨ (ਨੈਕ) ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਯੂਨੀਵਰਸਿਟੀ ਵਿਖੇ ਕਰਵਾਈ ਗਈ ਇੱਕ ਵਿਸ਼ੇਸ਼ ਵਰਕਸ਼ਾਪ ਵਿੱਚ ਬੋਲਦਿਆਂ ਪ੍ਰੋ. ਅਰਵਿੰਦ ਨੇ ਕਿਹਾ ਕਿ ਇਹ ਜੀਵਨ ਸ਼ੈਲੀ ਅਪਨਾਉਣਾ ਕੋਈ ਜ਼ਿਆਦਾ ਔਖਾ ਕੰਮ ਨਹੀਂ ਹੈ ਕਿਉਂਕਿ ਇਹ ਸਾਡੀ ਪੁਰਾਣੀ ਜੀਵਨ ਸ਼ੈਲੀ ਦਾ ਹਿੱਸਾ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੀ ਪੁਰਾਣੀ ਜੀਵਨ ਸ਼ੈਲੀ ਵਿੱਚ ਸਾਡੇ ਹਰੇਕ ਘਰ ਵਿੱਚੋਂ ਪੈਦਾ ਹੋਣ ਵਾਲੇ ਵਿਅਰਥ ਪਦਾਰਥਾਂ ਦੇ ਪ੍ਰਬੰਧਨ ਦਾ ਢੁਕਵਾਂ ਇੰਤਜਾਮ ਹੁੰਦਾ ਸੀ ਪਰ ਹੁਣ ਅਸੀਂ ਨਵੇਂ ਜੀਵਨ ਢੰਗ ਅਨੁਸਾਰ ਇਸ ਜੀਵਨ ਸ਼ੈਲੀ ਤੋਂ ਦੂਰ ਹੁੰਦੇ ਜਾ ਰਹੇ ਹਾਂ। ਕੁਦਰਤ ਪ੍ਰਤੀ ਮਿੱਤਰਤਾਪੂਰਨ ਪਹੁੰਚ ਵਾਲ਼ੀਆਂ ਗਤੀਵਿਧੀਆਂ ਨੂੰ ਪ੍ਰਫੁੱਲਿਤ ਕਰਨ ਲਈ ਜਾਗਰੂਕਤਾ ਪੈਦਾ ਕਰਨ ਹਿਤ ਰੱਖੀ ਗਈ ਇਸ ਵਰਕਸ਼ਾਪ ਦੇ ਮਹੱਤਵ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਵਿੱਦਿਅਕ ਅਦਾਰਿਆਂ ਤੋਂ ਅਜਿਹੀਆਂ ਗਤੀਵਿਧੀਆਂ ਦੀ ਵਧੇਰੇ ਤਵੱਕੋ ਕੀਤੀ ਜਾਣੀ ਚਾਹੀਦੀ ਹੈ। ਵਿੱਦਿਅਕ ਅਦਾਰਿਆਂ ਨੇ ਬਾਕੀ ਸਮਾਜ ਨੂੰ ਵੀ ਰਾਹ ਵਿਖਾਉਣਾ ਹੁੰਦਾ ਹੈ। ਵਰਕਸ਼ਾਪ ਦੇ ਵਿਸ਼ੇ ’ਤੇ ਟਿਪਣੀ ਕਰਦਿਆਂ ਪ੍ਰੋ. ਅਰਵਿੰਦ ਨੇ ਕਿਹਾ ਕਿ ਇਸ ਵਿਸ਼ੇ ਦੇ ਤਿੰਨ ਪੱਖ ਅਹਿਮ ਹਨ। ਪਹਿਲਾ ਵੱਧ ਤੋਂ ਵੱਧ ਰੁੱਖ ਲਗਾਉਣਾ ਅਤੇ ਦੂਜਾ ਵਰਤੀ ਜਾਣ ਵਾਲੀ ਊਰਜਾ ਦੀ ਵਰਤੋਂ ਤੇ ਕਿਸਮ ਦਾ ਵਿਸ਼ੇਸ਼ ਧਿਆਨ ਰੱਖਣ ਦੀ ਲੋੜ ਹੈ। ਤੀਜਾ ਪੱਖ ਇਹ ਕਿ ਰੋਜ਼ਾਨਾ ਦੀਆਂ ਆਮ ਗਤੀਵਿਧੀਆਂ ਤੋਂ ਪੈਦਾ ਹੋਣ ਵਾਲੀ ਰਹਿੰਦ-ਖੂੰਹਦ ਦਾ ਨਿਪਟਾਰਾ ਬਿਹਤਰ ਢੰਗ ਨਾਲ਼ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਵੱਲੋਂ ਆਪਣੇ ਹੋਸਟਲਾਂ ਦੇ ਨੇੜੇ ਇੱਕ ਟਰੀਟਮੈਂਟ ਪਲਾਂਟ ਨੂੰ ਪਾਇਲਟ ਪ੍ਰਾਜੈਕਟ ਵਜੋਂ ਸ਼ੁਰੂ ਕੀਤਾ ਜਾ ਰਿਹਾ ਹੈ ਜਿੱਥੇ ਹੋਸਟਲਾਂ ਵਿਚਲੀ ਤਰਲ ਰੂਪੀ ਵਿਅਰਥ ਰਹਿੰਦ-ਖੂੰਹਦ ਨੂੰ ਸੋਧ ਕੇ ਬਗੀਚਿਆਂ ਦੀ ਸਿੰਚਾਈ ਆਦਿ ਲਈ ਵਰਤਿਆ ਜਾਵੇਗਾ। ਉਨ੍ਹਾਂ ਕਿਹਾ ਕਿ ਹਰੇਕ ਘਰ ਜਾਂ ਸੰਸਥਾ ਕੋਲ਼ ਆਪਣੇ ਪੱਧਰ ਉੱਤੇ ਆਪਣੀ ਰਹਿੰਦ-ਖੂੰਹਦ ਦੇ ਨਿਪਟਾਰੇ ਦਾ ਪ੍ਰਬੰਧ ਹੋਣਾ ਚਾਹੀਦਾ ਹੈ।
ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨੌਲਜੀ, ਮੋਹਾਲੀ ਦੇ ਅਡੀਸ਼ਨਲ ਡਾਇਰੈਕਟਰ ਇੰਜ. ਪ੍ਰਿਤਪਾਲ ਸਿੰਘ ਨੇ ਕਿਹਾ ਕਿ ਇਸ ਮਾਮਲੇ ਵਿੱਚ ਨੌਜਵਾਨਾਂ ਤੋਂ ਵਧੇਰੇ ਆਸ ਕੀਤੀ ਜਾ ਸਕਦੀ ਹੈ। ਨੌਜਵਾਨਾਂ ਨੂੰ ਵਧ ਚੜ੍ਹ ਕੇ ਇਸ ਖੇਤਰ ਵਿੱਚ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ 70 ਸਾਲ ਦੇ ਅੰਕੜੇ ਦਸਦੇ ਹਨ ਕਿ ਪੰਜਾਬ ਵਿੱਚ ਘੱਟੋ-ਘੱਟ ਤਾਪਮਾਨ ਅਸਰਅੰਦਾਜ਼ ਹੋਣਾ ਸ਼ੁਰੂ ਹੋ ਗਿਆ ਹੈ। ਕੁੱਝ ਦਹਾਕੇ ਪਹਿਲਾਂ ਤੱਕ ਪੰਜਾਬ ਵਿੱਚ ਤਕਰੀਬਨ ਤਿੰਨ ਮਹੀਨੇ ਦੋ ਡਿਗਰੀ ਤੋਂ ਘੱਟ ਤਾਪਮਾਨ ਵਾਲਾ ਮੌਸਮ ਰਹਿੰਦਾ ਸੀ ਜੋ ਕਿ ਹੁਣ ਨਹੀਂ ਹੈ। ਇਸ ਦੇ ਸਪਸ਼ਟ ਅਸਰ ਵਿਖਾਈ ਦੇਣੇ ਸ਼ੁਰੂ ਹੋ ਗਏ ਹਨ। ਪੰਜਾਬ ਵਿੱਚ ਕਣਕ ਦੇ ਝਾੜ ਵਿੱਚ ਲਗਾਤਾਰ ਗਿਰਾਵਟ ਆਈ ਹੈ। ਉਨ੍ਹਾਂ ਕੌਂਸਲ ਵੱਲੋਂ ਇਸ ਦਿਸ਼ਾ ਵਿੱਚ ਉਠਾਏ ਗਏ ਵੱਖ-ਵੱਖ ਕਦਮਾਂ ਬਾਰੇ ਵੀ ਜ਼ਿਕਰ ਕੀਤਾ। ਇਸ ਵਰਕਸ਼ਾਪ ਵਿੱਚ ਆਈ. ਆਈ. ਟੀ. ਰੋਪੜ ਤੋਂ ਪੁੱਜੇ ਡਾ. ਨਰਿੰਦਰ ਸਿੰਘ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪੁੱਜੇ ਡਾ. ਰਾਜੀਵ ਕੁਮਾਰ ਨੇ ਵੀ ਆਪਣੇ ਵਿਚਾਰ ਪ੍ਰਗਟਾਏ। ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨੌਲਜੀ ਤੋਂ ਵਿਗਿਆਨੀ ਡਾ. ਰੁਪਾਲੀ ਬੱਲ ਨੇ ਵੀ ਇਸ ਵਰਕਸ਼ਾਪ ਵਿੱਚ ਸ਼ਿਰਕਤ ਕੀਤੀ। ਉਦਘਾਟਨੀ ਸੈਸ਼ਨ ਦਾ ਸੰਚਾਲਨ ਵਰਕਸ਼ਾਪ ਦੇ ਪ੍ਰਬੰਧਕੀ ਸਕੱਤਰ ਡਾ. ਉਂਕਾਰ ਸਿੰਘ ਵੜੈਚ ਵੱਲੋਂ ਕੀਤਾ ਗਿਆ। ਸਵਾਗਤੀ ਭਾਸ਼ਣ ਆਈ. ਕਿਊ. ਏ. ਸੀ. ਦੇ ਡਾਇਰੈਕਟਰ ਪ੍ਰੋ. ਧਰਮਵੀਰ ਸ਼ਰਮਾ ਨੇ ਦਿੱਤਾ ਅਤੇ ਧੰਨਵਾਦੀ ਮਤਾ ਡਾ. ਅਵਨੀਤ ਸਿੰਘ ਨੇ ਪੇਸ਼ ਕੀਤਾ।