ਪਟਿਆਲਾ : ਸੂਚਨਾ ਅਤੇ ਲੋਕ ਸੰਪਰਕ ਵਿਭਾਗ, ਪੰਜਾਬ ਦੇ ਸੀਨੀਅਰ ਸਹਾਇਕ ਸ੍ਰੀ ਲਲਿਤ ਕੁਮਾਰ ਜਿੰਦਲ (45 ਸਾਲ) ਦਾ ਅੱਜ ਸਵੇਰੇ ਦੇਹਾਂਤ ਹੋ ਗਿਆ। ਉਹ ਵਿਭਾਗ ਦੇ ਮੁੱਖ ਦਫ਼ਤਰ, ਚੰਡੀਗੜ੍ਹ ਵਿਖੇ ਤਾਇਨਾਤ ਸਨ ਅਤੇ ਬੀਤੇ ਕੁਝ ਦਿਨਾਂ ਤੋਂ ਕੋਵਿਡ-19 ਕਰਕੇ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਜੇਰੇ ਇਲਾਜ ਸਨ। ਉਹ ਆਪਣੇ ਬਜੁਰਗ ਪਿਤਾ ਸ੍ਰੀ ਕ੍ਰਿਸ਼ਨ ਲਾਲ ਤੇ ਮਾਤਾ ਸ੍ਰੀਮਤੀ ਕਮਲਾ ਦੇਵੀ, ਸੁਪਤਨੀ ਸਮ੍ਰਿਤੀ ਜਿੰਦਲ, ਬੇਟੀ ਦੀਆ ਜਿੰਦਲ ਅਤੇ ਬੇਟੇ ਵੈਬਵ ਜਿੰਦਲ ਸਮੇਤ ਹੋਰ ਪਰਿਵਾਰਕ ਮੈਂਬਰਾਂ ਨੂੰ ਸਦੀਵੀ ਵਿਛੋੜਾ ਦੇ ਗਏ ਹਨ। ਉਨ੍ਹਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਇੱਥੇ ਰਾਜਪੁਰਾ ਰੋਡ ਵਿਖੇ ਸਥਿਤ ਬੀਰ ਦੇ ਸਮਸ਼ਾਨਘਾਟ ਵਿਖੇ ਕੀਤਾ ਗਿਆ।
ਸ੍ਰੀ ਲਲਿਤ ਜਿੰਦਲ ਦੇ ਦੇਹਾਂਤ 'ਤੇ ਵਿਭਾਗ ਦੇ ਸਕੱਤਰ ਸ. ਗੁਰਕਿਰਤ ਕ੍ਰਿਪਾਲ ਸਿੰਘ, ਡਾਇਰੈਕਟਰ ਸ੍ਰੀਮਤੀ ਅਨਿੰਦਿਤਾ ਮਿੱਤਰਾ, ਵਧੀਕ ਸਕੱਤਰ ਸ੍ਰੀਮਤੀ ਸੇਨੂੰ ਦੁੱਗਲ ਅਤੇ ਵਧੀਕ ਡਾਇਰਕਟਰ ਸ. ਉਪਿੰਦਰ ਸਿੰਘ ਲਾਂਬਾ ਸਮੇਤ ਹੋਰ ਅਧਿਕਾਰੀਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸ. ਗੁਰਕਿਰਤ ਕ੍ਰਿਪਾਲ ਸਿੰਘ ਨੇ ਸ੍ਰੀ ਲਲਿਤ ਕੁਮਾਰ ਦੇ ਦੁਖੀ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਉਹ ਇੱਕ ਪ੍ਰਤੀਬੱਧ ਕਰਮਚਾਰੀ ਸੀ, ਜਿਸ ਨੇ ਹਰ ਵਿਭਾਗੀ ਕੰਮ ਨੂੰ ਹਰ ਸਮੇਂ ਖਿੜੇ ਮੱਥੇ ਕੀਤਾ ਸੀ। ਉਨ੍ਹਾਂ ਕਿਹਾ ਕਿ ਇਸ ਦੁੱਖ ਦੀ ਘੜੀ 'ਚ ਉਹ ਨਿੱਜੀ ਤੌਰ 'ਤੇ ਅਤੇ ਪੂਰਾ ਸੂਚਨਾ ਤੇ ਲੋਕ ਸੰਪਰਕ ਵਿਭਾਗ ਸ੍ਰੀ ਲਲਿਤ ਕੁਮਾਰ ਜਿੰਦਲ ਦੇ ਪਰਿਵਾਰ ਨਾਲ ਖੜ੍ਹਾ ਹੈ। ਉਨ੍ਹਾਂ ਨੇ ਪਰਮਾਤਮਾ ਕੋਲ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖ਼ਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਦੇਣ।
ਇਸੇ ਦੌਰਾਨ ਵਿਭਾਗ ਦੇ ਡਾਇਰੈਕਟਰ ਸ੍ਰੀਮਤੀ ਅਨਿੰਦਿਤਾ ਮਿੱਤਰਾ ਨੇ ਜਿੰਦਲ ਪਰਿਵਾਰ ਨਾਲ ਆਪਣੀ ਸੰਵੇਦਨਾ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਸ੍ਰੀ ਲਲਿਤ ਕੁਮਾਰ ਦੂਜਿਆਂ ਦੀ ਮਦਦ ਕਰਨ ਲਈ ਹਰ ਵੇਲੇ ਤਤਪਰ ਰਹਿਣ ਵਾਲੀ ਸ਼ਖ਼ਸੀਅਤ ਸੀ, ਜੋ, ਜਿੱਥੇ ਆਪਣਾ ਦਫ਼ਤਰੀ ਕੰਮ ਪੂਰੀ ਲਗਨ ਤੇ ਮਿਹਨਤ ਨਾਲ ਨਿਭਾਉਂਦਾ ਸੀ, ਉਥੇ ਹੀ ਉਹ ਸੀਨੀਅਰ ਅਧਿਕਾਰੀਆਂ ਨਾਲ ਸਦਾ ਹੀ ਪੂਰੇ ਸਤਿਕਾਰ ਅਤੇ ਨਾਲ ਦੇ ਸਾਥੀ ਕਰਮਚਾਰੀਆਂ ਨਾਲ ਦੋਸਤਾਨਾ ਵਿਵਹਾਰ ਕਰਦੇ ਹੋਏ ਆਪਣੇ ਕੰਮ ਨੂੰ ਸਮਰਪਿਤ ਰਿਹਾ ਸੀ। ਵਿਭਾਗ ਦੇ ਵਧੀਕ ਸਕੱਤਰ ਸ੍ਰੀਮਤੀ ਸੇਨੂੰ ਦੁੱਗਲ ਅਤੇ ਵਧੀਕ ਡਾਇਰੈਕਟਰ ਸ. ਉਪਿੰਦਰ ਸਿੰਘ ਲਾਂਬਾ ਨੇ ਵੀ ਲਲਿਤ ਕੁਮਾਰ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਪਰਮਾਤਮਾ ਕੋਲ ਵਿਛੜੀ ਰੂਹ ਦੀ ਸ਼ਾਂਤੀ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਦੇਣ ਦੀ ਅਰਦਾਸ ਕੀਤੀ ਹੈ।
ਸ੍ਰੀ ਲਲਿਤ ਕੁਮਾਰ ਜਿੰਦਲ ਨੇ ਅਪ੍ਰੈਲ 1998 'ਚ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਵਿੱਚ ਆਪਣੀ ਸੇਵਾ ਦੀ ਸ਼ੁਰੂਆਤ ਕੀਤੀ ਸੀ ਅਤੇ ਉੇਸਨੇ ਵਿਭਾਗ ਦੀਆਂ ਕਈ ਬ੍ਰਾਂਚਾਂ 'ਚ ਕੰਮ ਕਰਦਿਆਂ ਇੱਕ ਸੂਝਵਾਨ, ਮਿਹਨਤੀ, ਹਿੰਮਤੀ ਅਤੇ ਕੰਮ ਪ੍ਰਤੀ ਇਮਾਨਦਾਰ ਕਰਮਚਾਰੀ ਵਾਲਾ ਕਿਰਦਾਰ ਬਣਾਇਆ ਸੀ। ਇਸੇ ਦੌਰਾਨ ਵਿਭਾਗ ਦੇ ਸੰਯੁਕਤ ਡਾਇਰੈਕਟਰ ਸ. ਅਜੀਤ ਕੰਵਲ ਸਿੰਘ, ਸ. ਹਰਜੀਤ ਸਿੰਘ ਗਰੇਵਾਲ, ਰਣਦੀਪ ਸਿੰਘ ਆਹਲੂਵਾਲੀਆ ਤੇ ਡਿਪਟੀ ਡਾਇਰੈਕਟਰ ਪੀ.ਐਸ. ਕਾਲੜਾ, ਇਸ਼ਵਿੰਦਰ ਸਿੰਘ ਗਰੇਵਾਲ, ਸ਼ਿਖਾ ਨੇਹਰਾ ਨਹਿਰਾ ਤੇ ਮਨਵਿੰਦਰ ਸਿੰਘ ਨੇ ਵੀ ਪਰਿਵਾਰ ਨਾਲ ਅਫ਼ਸੋਸ ਪ੍ਰਗਟਾਇਆ ਹੈ।
ਸ੍ਰੀ ਲਲਿਤ ਜਿੰਦਲ ਦੇ ਅੰਤਮ ਸਸਕਾਰ ਸਮੇਂ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਉਸਦਾ ਇਲਾਜ ਕਰ ਰਹੇ ਸਰਕਾਰੀ ਮੈਡੀਕਲ ਕਾਲਜ ਦੇ ਵਾਈਸ ਪ੍ਰਿੰਸੀਪਲ ਡਾ. ਆਰ.ਪੀ.ਐਸ. ਸਿਬੀਆ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਪਟਿਆਲਾ ਰਵੀ ਇੰਦਰ ਸਿੰਘ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸੰਗਰੂਰ ਰਾਜ ਕੁਮਾਰ, ਏ.ਪੀ.ਆਰ.ਓ. ਪਟਿਆਲਾ ਜਸਤਰਨ ਸਿੰਘ, ਹਰਦੀਪ ਸਿੰਘ ਤੇ ਸੀਨੀਅਰ ਸਹਾਇਕ ਦੀਪਕ ਕਪੂਰ ਵੀ ਮੌਜੂਦ ਸਨ।