ਸੁਨਾਮ : ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਗੱਠਜੋੜ ਨੂੰ ਲੈਕੇ ਚੱਲ ਰਹੀਆਂ ਅਟਕਲਾਂ 'ਤੇ ਪ੍ਰਤੀਕਰਮ ਦਿੰਦਿਆਂ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਸਿਆਸਤ 'ਚ ਕੀ ਹੋਣਾ ਹੈ ਅਤੇ ਕੀ ਨਹੀਂ, ਇਸ 'ਤੇ ਕੁੱਝ ਨਹੀਂ ਕਿਹਾ ਜਾ ਸਕਦਾ। ਉਨ੍ਹਾਂ ਕੋਲ ਇਸ ਸਬੰਧੀ ਕੋਈ ਰਸਮੀ ਜਾਣਕਾਰੀ ਵੀ ਨਹੀਂ ਹੈ। ਬੁੱਧਵਾਰ ਨੂੰ ਸੁਨਾਮ ਵਿਖੇ ਬੇਅੰਤ ਸਿੰਘ ਰੂਪਰਾਏ ਦੇ ਘਰ ਧਾਰਮਿਕ ਸਮਾਗਮ ਵਿੱਚ ਸ਼ਾਮਲ ਹੋਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਅਕਾਲੀ ਦਲ ਨੇ ਕਿਸਾਨੀ, ਛੋਟੇ ਵਪਾਰੀਆਂ, ਪਾਕਿਸਤਾਨ ਨਾਲ ਕਾਰੋਬਾਰ ਸ਼ੁਰੂ ਕਰਨ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਕੇਂਦਰ ਸਰਕਾਰ ਅੱਗੇ ਰੱਖੇ ਹਨ। ਉਮੀਦ ਹੈ ਕਿ ਕੇਂਦਰ ਸਰਕਾਰ ਇਨ੍ਹਾਂ ਮੁੱਦਿਆਂ 'ਤੇ ਗੰਭੀਰਤਾ ਦਿਖਾਏਗੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਪੰਜਾਬ ਨਾਲ ਜੁੜੇ ਮੁੱਦਿਆਂ ਤੇ ਗੰਭੀਰਤਾ ਦਿਖਾਉਣ ਦੀ ਲੋੜ ਹੈ। ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਅਕਾਲੀ ਦਲ ਦੇ ਤਿੰਨ ਮੁੱਖ ਏਜੰਡਿਆਂ ਵਿੱਚ ਪੰਜਾਬ ਦੀ ਖੁਸ਼ਹਾਲੀ, ਭਾਈਚਾਰਕ ਏਕਤਾ ਦੀ ਮਜ਼ਬੂਤੀ ਅਤੇ ਸਿੱਖੀ ਦੀ ਚੜ੍ਹਦੀ ਕਲਾ ਸ਼ਾਮਿਲ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੀ ਜਨਤਾ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਸਬਕ ਸਿਖਾਏਗੀ ਅਜਿਹੇ ਹਲਾਤਾਂ ਵਿੱਚ ਆਮ ਆਦਮੀ ਪਾਰਟੀ ਪੰਜਾਬ ਵਿੱਚ ਚੌਥੇ ਨੰਬਰ ’ਤੇ ਰਹੇਗੀ। ਆਮ ਆਦਮੀ ਪਾਰਟੀ ਨੂੰ ਲੋਕਾਂ ਦਾ ਭਰੋਸਾ ਗੁਆਉਣ, ਧੋਖਾ ਦੇਣ, ਝੂਠ ਬੋਲਣ ਅਤੇ ਗੁੰਮਰਾਹ ਕਰਕੇ ਵਿਧਾਨ ਸਭਾ ਚੋਣਾਂ ਵਿੱਚ ਵੋਟਾਂ ਹਾਸਲ ਕਰਨ ਦੀ ਕੀਮਤ ਲੋਕ ਸਭਾ ਚੋਣਾਂ ਵਿੱਚ ਭੁਗਤਣੀ ਪਵੇਗੀ। ਆਮ ਆਦਮੀ ਪਾਰਟੀ ਖਾਸ ਲੋਕਾਂ ਦੀ ਪਾਰਟੀ ਬਣ ਚੁੱਕੀ ਹੈ ਅਤੇ ਸਿਰ ਤੋਂ ਪੈਰਾਂ ਤੱਕ ਵੀਆਈਪੀ ਕਲਚਰ ਵਿੱਚ ਡੁੱਬੀ ਹੋਈ ਹੈ। ਇਸ ਮੌਕੇ ਅਕਾਲੀ ਆਗੂ ਅਮਨਬੀਰ ਸਿੰਘ ਚੈਰੀ, ਪ੍ਰਿਤਪਾਲ ਸਿੰਘ ਹਾਂਡਾ, ਗੁਰਚਰਨ ਸਿੰਘ ਧਾਲੀਵਾਲ, ਮਨਿੰਦਰ ਸਿੰਘ ਲਖਮੀਰਵਾਲਾ, ਡਾ: ਨਰੇਸ਼ ਜਿੰਦਲ, ਸਾਬਕਾ ਕੌਂਸਲਰ ਕਾਂਤਾ ਪੱਪਾ, ਨਗਰ ਕੌਂਸਲਰ ਮੌਂਟੀ ਮਧਾਨ, ਪ੍ਰਿਤਪਾਲ ਸਿੰਘ ਕਾਲਾ ਕੋਕੋਮਾਜਰੀ, ਹਰਵਿੰਦਰ ਸਿੰਘ ਦਿਓਸੀ, ਮਾਸਟਰ ਦਲਜੀਤ ਸਿੰਘ, ਨਰਿੰਦਰ ਸਿੰਘ ਸੰਗਤੀਵਾਲਾ, ਨਰਿੰਦਰ ਸਿੰਘ ਨੀਨਾ, ਬਲਜਿੰਦਰ ਸਿੰਘ ਕਾਕਾ ਠੇਕੇਦਾਰ, ਕ੍ਰਿਸ਼ਨ ਸਿੰਘ ਢੋਟ, ਜਤਿੰਦਰ ਸਿੰਘ ਮਾਦਾ ਆਦਿ ਹਾਜ਼ਰ ਸਨ।