ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਸੈਂਟਰ ਫਾਰ ਡਿਸਟੈਂਸ ਐਂਡ ਔਨਲਾਈਨ ਐਜੂਕੇਸ਼ਨ ਵੱਲੋਂ 'ਸਵਯਮ ਪ੍ਰਭਾ' ਬਾਰੇ ਵਿਸ਼ੇਸ਼ ਜਾਗਰੂਕਤਾ ਭਾਸ਼ਣ ਪ੍ਰੋਗਰਾਮ ਕਰਵਾਇਆ ਗਿਆ। ਜ਼ਿਕਰਯੋਗ ਹੈ ਕਿ 'ਸਵਯਮ ਪ੍ਰਭਾ' ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਦੀ ਇੱਕ ਪਹਿਲਕਦਮੀ ਹੈ ਜਿਸ ਤਹਿਤ ਵੱਖ-ਵੱਖ ਕਿਸਮ ਦੀ ਸਿੱਖਿਆ ਸਮੱਗਰੀ ਨੂੰ ਡੀ. ਟੀ. ਐੱਚ. ਚੈਨਲਾਂ ਰਾਹੀਂ ਪ੍ਰਸਾਰਿਤ ਕਰ ਕੇ ਘਰ ਘਰ ਪਹੁੰਚਾਇਆ ਜਾਂਦਾ ਹੈ। ਵਿਸ਼ੇ ਸੰਬੰਧੀ ਜਾਣਕਾਰੀ ਦੇਣ ਵਾਲਿਆਂ ਵਿੱਚ ਸੈਂਟਰ ਫਾਰ ਡਿਸਟੈਂਸ ਐਂਡ ਔਨਲਾਈਨ ਐਜੂਕੇਸ਼ਨ ਦੇ ਡਾਇਰੈਕਟਰ ਪ੍ਰੋ. ਹਰਵਿੰਦਰ ਕੌਰ, ਵਿਭਾਗ ਤੋਂ ਪ੍ਰੋਫ਼ੈਸਰ ਡਾ. ਪੁਸ਼ਪਿੰਦਰ ਕੌਰ ਅਤੇ ਡਿਪਟੀ ਲਾਇਬ੍ਰੇਰੀਅਨ ਡਾ. ਅਮਿਤ ਮਿੱਤਲ ਸ਼ਾਮਿਲ ਰਹੇ। ਬੁਲਾਰਿਆਂ ਨੇ 'ਸਵਯਮ' ਅਤੇ 'ਸਵਯਮ ਪ੍ਰਭਾ' ਬਾਰੇ ਵਿਸਥਾਰ ਵਿੱਚ ਜਾਣਕਾਰੀ ਪ੍ਰਦਾਨ ਕੀਤੀ ਅਤੇ ਫੈਕਲਟੀ ਮੈਂਬਰਾਂ ਨੂੰ ਸਿੱਖਿਆ ਮੰਤਰਾਲੇ, ਭਾਰਤ ਸਰਕਾਰ ਵੱਲੋਂ ਚਲਾਏ ਜਾ ਰਹੇ ਇਹਨਾਂ ਓਪਨ ਐਜੂਕੇਸ਼ਨ ਸਰੋਤਾਂ ਅਤੇ ਸਿਖਲਾਈ ਪਲੇਟਫਾਰਮਾਂ ਦੀ ਸਾਰਥਕਤਾ ਬਾਰੇ ਜਾਗਰੂਕ ਕੀਤਾ।
ਪ੍ਰੋ. ਹਰਵਿੰਦਰ ਕੌਰ ਨੇ ਸਿਖਿਆਰਥੀਆਂ ਦੇ ਘਰਾਂ ਤੱਕ ਗੁਣਵੱਤਾ ਵਾਲੀ ਸਮੱਗਰੀ ਲਿਆਉਣ ਵਿੱਚ ਡੀ.ਟੀ. ਐੱਚ ਮੋਡ ਰਾਹੀਂ ਪ੍ਰਸਾਰਿਤ ਵਿਦਿਅਕ ਪ੍ਰੋਗਰਾਮਾਂ ਦੇ ਰੂਪ ਵਿੱਚ ਸਵੈਯਮ ਪ੍ਰਭਾ ਵੱਲੋਂ ਨਿਭਾਈ ਜਾ ਰਹੀ ਭੂਮਿਕਾ ਬਾਰੇ ਗੱਲ ਕੀਤੀ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ ਚਾਲੀ ਤੋਂ ਵੱਧ ਚੈਨਲਾਂ ਨੂੰ ਡੀ.ਡੀ. ਫ੍ਰੀ ਡਿਸ਼/ਡਿਸ਼ ਟੀਵੀ/ਜੀਓ ਮੋਬਾਈਲ ਐਪ ਰਾਹੀਂ ਮੁਫਤ ਵੇਖਿਆ ਜਾ ਸਕਦਾ ਹੈ। ਉਨ੍ਹਾਂ ਇਸ ਤੱਥ 'ਤੇ ਜ਼ੋਰ ਦਿੱਤਾ ਕਿ ਇਹਨਾਂ ਪ੍ਰੋਗਰਾਮਾਂ ਨੂੰ ਡਿਸਟੈਂਸ ਐਂਡ ਔਨਲਾਈਨ ਮੋਡ ਵਿੱਚ ਅਧਿਆਪਨ-ਸਿਖਲਾਈ ਨਾਲ ਜੋੜਨਾ ਬਹੁਤ ਜ਼ਰੂਰੀ ਹੈ। ਡਾ. ਪੁਸ਼ਪਿੰਦਰ ਕੌਰ ਨੇ ਇਸ ਮੰਚ ਦੇ ਇਤਿਹਾਸ ਅਤੇ ਵਿਸ਼ਵਵਿਆਪੀ ਸਾਖਰਤਾ ਦੇ ਰਾਸ਼ਟਰੀ ਟੀਚੇ ਨੂੰ ਸਾਕਾਰ ਕਰਨ ਅਤੇ ਦੇਸ਼ ਦੇ ਦੂਰ-ਦੁਰਾਡੇ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਤੱਕ ਸਿੱਖਿਆ ਨੂੰ ਪਹੁੰਚਯੋਗ ਬਣਾਉਣ ਵਿੱਚ ਪਾਏ ਗਏ ਯੋਗਦਾਨ ਬਾਰੇ ਗੱਲ ਕੀਤੀ। ਡਾ. ਅਮਿਤ ਮਿੱਤਲ ਨੇ ਫੈਕਲਟੀ ਮੈਂਬਰਾਂ ਨੂੰ ਸਵਯਮ ਪ੍ਰਭਾ ਦੇ ਵੱਖ-ਵੱਖ ਹਿੱਸਿਆਂ ਦੇ ਨਾਲ-ਨਾਲ ਇਸ ਪਲੇਟਫਾਰਮ ਲਈ ਸਮੱਗਰੀ ਬਣਾਉਣ ਵਿੱਚ ਸ਼ਾਮਲ ਵਿਦਿਅਕ ਸੰਸਥਾਵਾਂ ਤੋਂ ਜਾਣੂ ਕਰਵਾਇਆ। ਇਹ ਵਰਕਸ਼ਾਪ ਜਨਵਰੀ ਤੋਂ ਦਸੰਬਰ ਸੈਸ਼ਨ ਲਈ 8 ਅੰਡਰ ਗਰੈਜੂਏਟ ਅਤੇ ਪੋਸਟ ਗ੍ਰੈਜੂਏਟ ਕੋਰਸਾਂ ਦੇ ਚੱਲ ਰਹੇ ਦਾਖਲਿਆਂ ਦੇ ਸਬੰਧ ਵਿੱਚ ਆਯੋਜਿਤ ਕੀਤੀ ਗਈ ਸੀ। ਇਹ ਦਾਖਲਾ ਪ੍ਰਕਿਰਿਆ 31 ਮਾਰਚ 2024 ਤੱਕ ਜਾਰੀ ਰਹੇਗੀ। ਕੇਂਦਰ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਇਸ ਵਿਸ਼ੇ ’ਤੇ ਹੋਰ ਵਰਕਸ਼ਾਪਾਂ ਲਗਾਈਆਂ ਜਾਣਗੀਆਂ।