ਪਟਿਆਲਾ : ਪੰਜਾਬੀ ਯੂਨੀਵਰਸਿਟੀ ਵਿਖੇ ਨੌਵਾਂ ‘ਪ੍ਰੋ. ਤਾਰਾ ਸਿੰਘ ਪਟਿਆਲਾ ਸੰਗੀਤ ਸੰਮੇਲਨ’ ਸ਼ੁਰੂ ਹੋ ਗਿਆ ਹੈ। ਸੰਗੀਤ ਵਿਭਾਗ ਵੱਲੋਂ ਯੂਨੀਵਰਸਿਟੀ ਦੇ ਕਲਾ ਭਵਨ ਵਿਖੇ ਕਰਵਾਏ ਜਾ ਰਹੇ ਇਸ ਸੰਮੇਲਨ ਦੀ ਸ਼ੁਰੂਆਤ ਮੁੰਬਈ ਤੋਂ ਪਹੁੰਚੀ ਪ੍ਰਸਿੱਧ ਤਬਲਾ ਵਾਦਕ ਵਿਦੁਸਲੀ ਅਨੁਰਾਧਾ ਪਾਲ ਵੱਲੋਂ ਦਿੱਤੀ ਗਈ ਤਬਲਾ ਪੇਸ਼ਕਾਰੀ ਨਾਲ਼ ਹੋਈ। ਉਨ੍ਹਾਂ ਵੱਖ-ਵੱਖ ਘਰਾਣਿਆਂ, ਬੰਦਿਸ਼ਾਂ, ਰੰਗਾਂ, ਤਾਲਾਂ, ਲੈਆਂ ਨਾਲ਼ ਸੰਬੰਧਤ ਵੰਨਗੀਆਂ ਦੀ ਪੇਸ਼ਕਾਰੀ ਦਿੰਦਿਆਂ ਨਾਲ਼ੋ-ਨਾਲ਼ ਕਈ ਥਾਵਾਂ ਉੱਤੇ ਵਿਆਖਿਆ ਵੀ ਕੀਤੀ ਜਿਸ ਨੂੰ ਦਰਸ਼ਕਾਂ ਵੱਲੋਂ ਖ਼ੂਬ ਸਰਾਹਿਆ ਗਿਆ।
ਦਿੱਲੀ ਤੋਂ ਪਹੁੰਚੇ ਉਸਤਾਦ ਸਈਦ ਜ਼ਫ਼ਰ ਖਾਨ ਨੇ ਆਪਣੇ ਸਿਤਾਰ ਵਾਦਨ ਦੀਆਂ ਵੱਖ-ਵੱਖ ਵੰਨਗੀਆਂ ਪੇਸ਼ ਕਰਦਿਆਂ ਇੱਥੇ ਹਾਜ਼ਰ ਸੰਗੀਤ ਪ੍ਰੇਮੀਆਂ ਨੂੰ ਮੰਤਰ ਮੁਗਧ ਕਰ ਦਿੱਤਾ। ਉਪ-ਕੁਲਪਤੀ ਪ੍ਰੋ. ਅਰਵਿੰਦ ਵੱਲੋਂ ਇਸ ਸੰਮੇਲਨ ਵਿੱਚ ਸ਼ਮੂਲੀਅਤ ਕਰਦਿਆਂ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਆਪਣੇ ਵਿਚਾਰ ਪ੍ਰਗਟਾਉਂਦਿਆਂ ਉਨ੍ਹਾਂ ਇਸ ਸੰਮੇਲਨ ਦੇ ਆਯੋਜਨ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਵੱਕਾਰੀ ਪ੍ਰੋਗਰਾਮਾਂ ਦੀ ਖੁਸ਼ਬੋਅ ਹੋਰ ਦੂਰ ਤੱਕ ਜਾਣੀ ਚਾਹੀਦੀ ਹੈ ਤਾਂ ਕਿ ਵੱਖ-ਵੱਖ ਥਾਵਾਂ ਤੋਂ ਸੰਗੀਤ ਪ੍ਰੇਮੀ ਇਸ ਵਿੱਚ ਸਿ਼ਰਕਤ ਕਰ ਸਕਣ।
ਸੰਗੀਤ ਵਿਭਾਗ ਦੇ ਮੁਖੀ ਪ੍ਰੋ. ਅਲੰਕਾਰ ਸਿੰਘ ਨੇ ਆਪਣੇ ਸਵਾਗਤੀ ਸ਼ਬਦਾਂ ਦੌਰਾਨ ਪ੍ਰੋ. ਤਾਰਾ ਸਿੰਘ ਦੀ ਸ਼ਖਸੀਅਤ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ ਪ੍ਰੋ. ਤਾਰਾ ਸਿੰਘ ਦੇ ਪਰਿਵਾਰ ਵੱਲੋਂ ਪੰਜਾਬੀ ਯੂਨੀਵਰਸਿਟੀ ਨੂੰ ਇੰਡੋਮੈਂਟ ਫੰਡ ਵਜੋਂ ਦਸ ਲੱਖ ਰੁਪਏ ਦੀ ਮਦਦ ਦਿੱਤੀ ਹੋਈ ਹੈ ਜਿਸ ਦੇ ਵਿਆਜ ਨਾਲ਼ ਹਰ ਸਾਲ ਇਹ ਸੰਗੀਤ ਸੰਮੇਲਨ ਕਰਵਾਇਆ ਜਾਂਦਾ ਹੈ। ਇਸ ਵਾਰ ਦੇ ਸੰਗੀਤ ਸੰਮੇਲਨ ਵਿੱਚ ਪ੍ਰੋ. ਤਾਰਾ ਸਿੰਘ ਦੇ ਪਰਿਵਾਰ ਤੋਂ ਉਨ੍ਹਾਂ ਦੀ ਨੂੰਹ ਸੁਖਜੀਤ ਕੌਰ ਨੇ ਸਿ਼ਰਕਤ ਕੀਤੀ। ਸੰਮੇਲਨ ਦੀ ਕੋਆਰਡੀਨੇਟਰ ਪ੍ਰੋ. ਨਿਵੇਦਿਤਾ ਉੱਪਲ ਵੱਲੋਂ ਦੱਸਿਆ ਕਿ ਕਿ ਸੰਮੇਲਨ ਦੇ ਦੂਜੇ ਦਿਨ ਦਿੱਲੀ ਤੋਂ ਪੰ. ਰਿਤੇਸ਼ ਰਜਨੀਸ਼ ਮਿਸ਼ਰਾ ਸ਼ਾਸਤਰੀ ਗਾਇਨ ਪੇਸ਼ ਕਰਨਗੇ। ਉਨ੍ਹਾਂ ਤੋਂ ਇਲਾਵਾ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਬੰਦਿਸ਼ ਗਾਇਨ ਅਤੇ ਵਾਦਨ ਪੇਸ਼ ਕੀਤਾ ਜਾਵੇਗਾ।