ਸੁਨਾਮ : ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਜੱਦੀ ਜ਼ਿਲ੍ਹੇ ਸੰਗਰੂਰ ਅੰਦਰ ਕਥਿਤ ਤੇ ਨਜਾਇਜ਼ ਸ਼ਰਾਬ ਦੇ ਹੋ ਰਹੇ ਕਾਲੇ ਕਾਰੋਬਾਰ ਕਾਰਨ ਵਿਧਾਨ ਸਭਾ ਹਲਕਾ ਦਿੜ੍ਹਬਾ ਦੇ ਪਿੰਡ ਗੁੱਜਰਾਂ ਵਿਖੇ ਜ਼ਹਿਰੀਲੀ ਸ਼ਰਾਬ ਪੀਣ ਨਾਲ ਮੌਤ ਦੇ ਮੂੰਹ ਵਿੱਚ ਜਾ ਚੁੱਕੇ ਨੌਂ ਵਿਅਕਤੀਆਂ ਦੇ ਸਿਵਿਆਂ ਦੀ ਅੱਗ ਅਜੇ ਠੰਢੀ ਵੀ ਨਹੀਂ ਹੋਈ ਸੀ ਇਸੇ ਦੌਰਾਨ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਹਲਕੇ ਸੁਨਾਮ ਵਿੱਚ ਸ਼ੁੱਕਰਵਾਰ ਨੂੰ ਨਜਾਇਜ਼ ਸ਼ਰਾਬ ਨੇ ਛੇ ਲੋਕਾਂ ਦੀ ਜਾਨ ਲੈ ਲਈ ਹੈ ਅਤੇ ਛੇ ਜਣਿਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਜਿਨ੍ਹਾਂ ਨੂੰ ਇਲਾਜ ਲਈ ਵੱਖ-ਵੱਖ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਹੈ। ਸੁਨਾਮ ਦੀਆਂ ਬਰੂਹਾਂ ਤੇ ਸਥਿਤ ਟਿੱਬੀ ਰਵਿਦਾਸਪੁਰਾ ਵਿਖੇ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ਦਾ ਪਤਾ ਲੱਗਦਿਆਂ ਪੁਲਿਸ ਦੇ ਆਲ੍ਹਾ ਅਫ਼ਸਰ ਮੌਕੇ ਤੇ ਪੁੱਜੇ ਅਤੇ ਡੀਐਸਪੀ ਮਨਦੀਪ ਸਿੰਘ ਸੰਧੂ ਦੀ ਅਗਵਾਈ ਹੇਠ ਘਰਾਂ ਦੀ ਤਲਾਸ਼ੀ ਲਈ ਗਈ, ਪਤਾ ਲੱਗਾ ਕਿ ਨਜਾਇਜ਼ ਸ਼ਰਾਬ ਦੀਆਂ ਬੋਤਲਾਂ ਵੀ ਪੁਲਿਸ ਨੇ ਬਰਾਮਦ ਕੀਤੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਗੁੱਜਰਾਂ ਵਿੱਚ ਨੌਂ ਜਾਨਾਂ ਲੈਣ ਵਾਲੀ ਜ਼ਹਿਰੀਲੀ ਸ਼ਰਾਬ ਵਾਲੇ ਮਾਰਕੇ ਨੇ ਸੁਨਾਮ ਦੇ ਗ਼ਰੀਬ ਘਰਾਂ ਵਿੱਚ ਸੱਥਰ ਵਿਛਾ ਦਿੱਤੇ ਹਨ।
ਨਜਾਇਜ਼ ਸ਼ਰਾਬ ਪੀਣ ਨਾਲ ਮਰਨ ਵਾਲਿਆਂ ਵਿੱਚ ਗਿਆਨ ਸਿੰਘ ਵਾਸੀ ਜਖੇਪਲ ਤੋਂ ਇਲਾਵਾ ਸੁਨਾਮ ਟਿੱਬੀ ਰਵਿਦਾਸ ਪੁਰਾ ਦੇ ਵਾਸੀ ਲੱਛਾ ਸਿੰਘ, ਗੁਰਮੀਤ ਸਿੰਘ, ਦਰਸ਼ਨ ਸਿੰਘ, ਰਫ਼ੀ ਨਾਥ ਵਾਸੀ ਸਮਾਣਾ ਅਤੇ ਬੁੱਧ ਸਿੰਘ ਸ਼ਾਮਲ ਹਨ ਜਦਕਿ ਪਰਮਜੀਤ ਸਿੰਘ, ਭੋਲਾ ਸਿੰਘ, ਰਵੀਨਾਥ, ਬੂਟਾ ਸਿੰਘ, ਕਰਮਜੀਤ ਸਿੰਘ,, ਰਵੀ ਨਾਥ, ਲਛਮਣ ਸਿੰਘ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਉਨ੍ਹਾਂ ਨੂੰ ਇਲਾਜ ਲਈ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ। ਗੁਰਮੀਤ ਸਿੰਘ ਦੀ ਵੀਰਵਾਰ ਨੂੰ ਮੌਤ ਹੋ ਗਈ। ਇਸੇ ਦੌਰਾਨ ਟਿੱਬੀ ਰਵਿਦਾਸਪੁਰਾ ਵਿਖੇ ਪੁਲਿਸ ਪ੍ਰਸ਼ਾਸਨ ਦੀ ਮੌਜੂਦਗੀ ਵਿੱਚ ਨਾਅਰੇਬਾਜ਼ੀ ਕਰਕੇ ਨਜਾਇਜ਼ ਸ਼ਰਾਬ ਅਤੇ ਹੋਰ ਮਾਰੂ ਨਸ਼ਿਆਂ ਦੇ ਚੱਲ ਰਿਹਾ ਕਾਲਾ ਕਾਰੋਬਾਰ ਬੰਦ ਕਰਵਾਉਣ ਦੀ ਮੰਗ ਕੀਤੀ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਉਹ ਉਕਤ ਮੰਗ ਲੰਮੇ ਸਮੇਂ ਤੋਂ ਕਰਦੇ ਆ ਰਹੇ ਹਨ ਲੇਕਿਨ ਪੁਲਿਸ ਪ੍ਰਸ਼ਾਸਨ ਮੂਕ ਦਰਸ਼ਕ ਬਣਿਆ ਬੈਠਾ ਹੈ।
ਦੱਸਣਯੋਗ ਹੈ ਕਿ ਮ੍ਰਿਤਕ ਲੱਛਾ ਸਿੰਘ ਵਾਸੀ ਲੇਹਲ ਆਪਣੀ ਭੈਣ ਦੇ ਘਰ ਰਹਿੰਦਾ ਸੀ ਅਤੇ ਅੱਖਾਂ ਦੀ ਰੌਸ਼ਨੀ ਗੁਆ ਚੁੱਕਿਆ ਰਫੀ ਨਾਥ ਵਾਸੀ ਸਮਾਣਾ ਆਪਣੇ ਸੁਨਾਮ ਰਹਿੰਦੇ ਰਿਸ਼ਤੇਦਾਰ ਲਛਮਣ ਸਿੰਘ ਦੇ ਕੋਲ ਆਇਆ ਹੋਇਆ ਸੀ ਅਤੇ ਦੋਵਾਂ ਨੇ ਲੰਘੀ ਰਾਤ ਇਕੱਠਿਆਂ ਨੇ ਸ਼ਰਾਬ ਪੀਤੀ ਸੀ। ਪੁਲਿਸ ਵੱਲੋਂ ਬਰਾਮਦ ਕੀਤੀਆਂ ਸ਼ਰਾਬ ਦੀਆਂ ਬੋਤਲਾਂ ਦਾ ਬ੍ਰਾਂਡ ਗੁੱਜਰਾਂ ਤੋਂ ਮਿਲੀ ਸ਼ਰਾਬ ਵਰਗਾ ਹੀ ਦੱਸਿਆ ਜਾ ਰਿਹਾ ਹੈ। ਡੀਐਸਪੀ ਮਨਦੀਪ ਸਿੰਘ ਸੰਧੂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇੱਥੇ ਕਈ ਲੋਕ ਬਿਮਾਰ ਹੋ ਗਏ ਹਨ। ਸਿਹਤ ਵਿਭਾਗ ਦੀਆਂ ਟੀਮਾਂ ਵੀ ਟਿੱਬੀ ਰਵਿਦਾਸਪੁਰਾ ਵਿੱਚ ਪਹੁੰਚ ਗਈਆਂ ਹਨ।
ਖ਼ਾਸ ਗੱਲ ਇਹ ਦੇਖਣ ਨੂੰ ਮਿਲੀ ਸੁਨਾਮ ਦੇ ਜ਼ਿਆਦਾਤਰ ਮਜ਼ਦੂਰ ਲੋਕਾਂ ਦੀ ਵਸੋਂ ਵਾਲੇ ਇਲਾਕੇ ਵਿੱਚ ਨਜਾਇਜ਼ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ਦੀ ਘਟਨਾ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਸ਼ਹਿਰ ਅਤੇ ਆਸ ਪਾਸ ਦੇ ਖੇਤਰ ਵਿੱਚ ਕਿਸੇ ਵੀ ਅਣਅਧਿਕਾਰਤ ਥਾਂ ਅਤੇ ਵਿਅਕਤੀ ਪਾਸੋਂ ਸ਼ਰਾਬ ਖ਼ਰੀਦ ਕੇ ਨਾ ਪੀਣ ਦੀ ਨਸੀਹਤ ਦਿੱਤੀ ਗਈ। ਇਸ ਦੌਰਾਨ ਮ੍ਰਿਤਕ ਦੇ ਵਾਰਸਾਂ ਨੇ ਨਕਲੀ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਮ੍ਰਿਤਕ ਗੁਰਮੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਸ ਨੂੰ ਯੋਗ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦਿੱਤੀ ਜਾਵੇ।