ਪਟਿਆਲਾ : ਪੰਜਾਬ ਸਰਕਾਰ ਵੱਲੋਂ ਘਰ ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਤਹਿਤ ਪਟਿਆਲਾ ਜ਼ਿਲ੍ਹੇ 'ਚ 24 ਤੋਂ 30 ਸਤੰਬਰ ਤੱਕ 6ਵਾਂ ਮੈਗਾ ਰੋਜ਼ਗਾਰ ਮੇਲਾ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਰੋਜ਼ਗਾਰ ਅਫ਼ਸਰ ਸਿੰਪੀ ਸਿੰਗਲਾ ਨੇ ਦੱਸਿਆ ਕਿ ਸਰਕਾਰੀ ਕਾਲਜ ਲੜਕੀਆਂ ਅਤੇ ਸਰਕਾਰੀ ਮਹਿੰਦਰਾ ਕਾਲਜ ਵਿਖੇ ਲੱਗਣ ਵਾਲੇ ਰੋਜ਼ਗਾਰ ਮੇਲਿਆਂ 'ਚ ਹਿੱਸਾ ਲੈਣ ਲਈ ਨੌਜਵਾਨਾਂ ਨੂੰ 15 ਸਤੰਬਰ ਤੱਕ ਆਨਲਾਈਨ ਪੋਰਟਲ www.pgrkam.com'ਤੇ ਰਜਿਸਟਰੇਸ਼ਨ ਕਰਵਾਉਣ ਲਾਜ਼ਮੀ ਸੀ, ਜਿਸ 'ਚ ਹੁਣ ਵਾਧਾ ਕਰਕੇ ਨੌਜਵਾਨਾਂ ਨੂੰ 17 ਸਤੰਬਰ ਤੱਕ ਅਪਲਾਈ ਕਰਨ ਦੀ ਸਹੂਲਤ ਦਿੱਤੀ ਗਈ ਹੈ।
ਰੋਜ਼ਗਾਰ ਅਫ਼ਸਰ ਨੇ ਦੱਸਿਆ ਕਿ ਨੌਕਰੀ ਤਲਾਸ਼ ਰਹੇ ਨੌਜਵਾਨ 17 ਸਤੰਬਰ 2020 ਤੱਕ ਵੈਬ ਪੋਰਟਲ 'ਤੇ ਆਨ ਲਾਈਨ ਅਪਲਾਈ ਕਰ ਸਕਦੇ ਹਨ ਅਤੇ ਜੇਕਰ ਕਿਸੇ ਨੂੰ ਅਪਲਾਈ ਕਰਨ ਵਿੱਚ ਕੋਈ ਦਿੱਕਤ ਪੇਸ਼ ਆਉਂਦੀ ਹੈ ਤਾਂ ਉਹ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਹੈਲਪਲਾਈਨ ਨੰਬਰ 9877610877 'ਤੇ ਸੰਪਰਕ ਕਰ ਸਕਦੇ ਹਨ।
ਉਨ੍ਹਾਂ ਇਹ ਵੀ ਦੱਸਿਆ ਕਿ ਜਿਹੜੇ ਉਮੀਦਵਾਰ ਪੋਰਟਲ 'ਤੇ ਰਜਿਸਟਰਡ ਤਾਂ ਹਨ ਪਰ ਉਨ੍ਹਾਂ ਨੇ ਇਸ ਮੈਗਾ ਰੋਜ਼ਗਾਰ ਮੇਲੇ ਵਿੱਚ ਉਪਲਬਧ ਖਾਲੀ ਅਸਾਮੀਆਂ ਲਈ ਖਾਸ ਤੌਰ 'ਤੇ ਬਿਨੈ ਨਹੀਂ ਕੀਤਾ, ਉਨ੍ਹਾਂ ਉਮੀਦਵਾਰਾਂ ਲਈ ਵੈਬ ਪੋਰਟਲ ਉਤੇ ਉਪਲਬਧ ਖਾਲੀ ਅਸਾਮੀਆਂ ਦੀ ਆਨਲਾਈਨ ਚੋਣ ਕਰਨਾ ਜਾਂ ਜ਼ਿਲ੍ਹਾ ਰੋਜ਼ਗਾਰ ਬਿਊਰੋ ਦਫ਼ਤਰ ਨਾਲ ਸੰਪਰਕ ਕਰਕੇ ਅਸਾਮੀਆਂ ਦੀ ਚੋਣ ਕਰਨੀ ਜ਼ਰੂਰੀ ਹੈ।
ਰੋਜ਼ਗਾਰ ਅਫ਼ਸਰ ਨੇ ਨੌਕਰੀ ਦੇ ਚਾਹਵਾਨ ਨੌਜਵਾਨਾਂ ਨੂੰ ਅਪੀਲ ਕਰਦਿਆ ਕਿਹਾ ਕਿ ਉਹ ਆਪਣੇ ਸੁਨਹਿਰੀ ਭਵਿੱਖ ਲਈ ਇਸ ਰੋਜ਼ਗਾਰ ਮੇਲਾ ਦਾ ਵੱਧ ਤੋਂ ਵੱਧ ਲਾਭ ਲੈਣ।