ਪਟਿਆਲਾ : ਪੰਜਾਬੀ ਯੂਨੀਵਰਸਿਟੀ ਵਿਖੇ ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੇ ਸ਼ਹੀਦੀ ਦਿਵਸ ਮੌਕੇ 'ਛਿਪਣ ਤੋਂ ਪਹਿਲਾਂ' ਨਾਟਕ ਦੀ ਪੇਸ਼ਕਾਰੀ ਹੋਈ। ਕਲਾ ਭਵਨ ਵਿਖੇ ਹੋਇਆ ਇਹ ਨਾਟਕ ਯੂਨੀਵਰਸਿਟੀ ਦੇ ਥੀਏਟਰ ਅਤੇ ਫ਼ਿਲਮ ਪ੍ਰੋਡਕਸ਼ਨ ਵਿਭਾਗ ਵੱਲੋਂ ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਦੇ ਸਹਿਯੋਗ ਨਾਲ਼ ਕਰਵਾਇਆ ਗਿਆ। ਪ੍ਰਸਿੱਧ ਨਾਟਕਕਾਰ ਦਵਿੰਦਰ ਦਮਨ ਵੱਲੋਂ ਲਿਖਿਤ ਇਹ ਨਾਟਕ ਸ਼ਹੀਦ ਭਗਤ ਸਿੰਘ ਦੀ ਜ਼ਿੰਦਗੀ ਉੱਤੇ ਆਧਾਰਿਤ ਹੈ ਜਿਸ ਨੂੰ ਪ੍ਰੋ. ਕਪਿਲ ਦੇਵ ਸ਼ਰਮਾ ਅਤੇ ਗੁਰਬਿੰਦਰ ਸਿੰਘ ਦੇ ਨਿਰਦੇਸ਼ਨ ਹੇਠ ਪੇਸ਼ ਕੀਤਾ ਗਿਆ।
ਕਿਰਤੀ ਦੇ ਹੱਥਾਂ ਦੀ ਮਹਿਮਾ ਨੂੰ ਦਰਸਾਉਂਦਾ ਇਹ ਨਾਟਕ ਸਰਦਾਰ ਭਗਤ ਸਿੰਘ ਦੇ ਸੁਪਨਿਆਂ ਦੇ ਭਾਰਤ ਦੀ ਗੱਲ ਕਰਦਾ ਹੈ। ਨਾਟਕ ਰਾਹੀਂ ਸ਼ਹੀਦ ਭਗਤ ਸਿੰਘ ਅਤੇ ਉਸਦੇ ਸਾਥੀਆਂ ਦੀ ਸੋਚ ਸਪਸ਼ਟ ਰੂਪ ਵਿੱਚ ਉਭਰ ਕੇ ਸਾਹਮਣੇ ਆਉਂਦੀ ਹੈ। ਮੋਦੀ ਕਾਲਜ ਦੇ ਸਮੂਹ ਵਿਦਿਆਰਥੀ ਅਦਾਕਾਰਾਂ ਨੇ ਇਸ ਨਾਟਕ ਨੂੰ ਬੜੇ ਭਾਵਪੂਰਤ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ।
ਨਾਟਕ ਟੀਮ ਦੇ ਕਲਾਕਾਰਾਂ ਵਿੱਚ ਪ੍ਰਭਜੋਤ ਸਿੰਘ, ਕਮਲਦੀਪ ਸਿੰਘ, ਸਤਵੀਰ ਸਿੰਘ, ਕਸ਼ਿਸ਼ ,ਲਕਸ਼ ਸ਼ਰਮਾ, ਕ੍ਰਿਸ਼ਨਮ ਯਾਦੁਵੰਸ਼ੀ, ਗੁਰਵਿੰਦਰ ਸਿੰਘ, ਮੁਹੰਮਦ ਅਕਬਰ, ਧਰੁਵ ਗਰਗ ਅਤੇ ਰਾਹੁਲ ਚੌਧਰੀ ਸ਼ਾਮਿਲ ਸਨ। ਪੇਸ਼ਕਾਰੀ ਤੋਂ ਪਹਿਲਾਂ ਕੁੱਝ ਵਿਦਿਆਰਥੀਆਂ ਵੱਲੋਂ ਸਰਦਾਰ ਭਗਤ ਸਿੰਘ ਦੇ ਜੀਵਨ ਅਤੇ ਜਜ਼ਬੇ ਬਾਰੇ ਕਵਿਤਾਵਾਂ ਅਤੇ ਗੀਤ ਵੀ ਪੇਸ਼ ਕੀਤੇ। ਇਸ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਉਪ ਕੁਲਪਤੀ ਪ੍ਰੋ. ਅਰਵਿੰਦ ਨੇ ਜਿੱਥੇ ਵਿਦਿਆਰਥੀਆਂ ਅਤੇ ਮੋਦੀ ਕਾਲਜ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਉਥੇ ਹੀ ਉਨ੍ਹਾਂ ਕਿਹਾ ਕਿ ਸ਼ਹੀਦਾਂ ਦੇ ਜੀਵਨ ਅਤੇ ਵਿਚਾਰਾਂ ਨੂੰ ਪੇਸ਼ ਕਰਨ ਲਈ ਰੰਗਮੰਚ ਸਭ ਤੋਂ ਸ਼ਕਤੀਸ਼ਾਲੀ ਕਲਾ ਮਾਧਿਅਮ ਹੈ।
ਪ੍ਰੋ. ਅਰਵਿੰਦ ਵੱਲੋਂ ਵਿਦਿਆਰਥੀਆਂ ਨੂੰ ਕਿਤਾਬਾਂ ਭੇਂਟ ਕੀਤੀਆਂ ਗਈਆਂ। ਸਮੁੱਚੇ ਪ੍ਰੋਗਰਾਮ ਦਾ ਸੰਚਾਲਨ ਪ੍ਰੋ. ਜਸਪਾਲ ਦਿਉਲ ਨੇ ਕੀਤਾ। ਇਸ ਮੌਕੇ ਮੋਦੀ ਕਾਲਜ ਦੇ ਪ੍ਰਿੰਸੀਪਲ ਡਾ. ਨੀਰਜ ਗੋਇਲ, ਪ੍ਰੋ. ਨੀਨਾ ਸਰੀਨ, ਪ੍ਰੋ. ਬੀਰਪਾਲ ਕੌਰ, ਪ੍ਰੋ. ਰੁਪਿੰਦਰ ਸਿੰਘ ਢਿੱਲੋਂ, ਡਾ. ਰਾਜੀਵ ਕੁਮਾਰ, ਪ੍ਰੋ. ਦਵਿੰਦਰ ਸਿੰਘ, ਪ੍ਰੋ. ਪਰਮਿੰਦਰ ਸਿੰਘ, ਪ੍ਰੋ. ਰੋਹਿਤ ਸਚਦੇਵਾ, ਪ੍ਰੋ. ਗਗਨਦੀਪ ਕੌਰ ਦੇ ਨਾਲ ਥੀਏਟਰ ਵਿਭਾਗ ਦਾ ਸਮੂਹ ਸਟਾਫ ਸ਼ਾਮਿਲ ਹੋਇਆ।