ਮਾਲੇਰਕੋਟਲਾ : ਰਮਜ਼ਾਨ ਉਲ ਮੁਬਾਰਕ ਦੇ ਪਵਿੱਤਰ ਮਹੀਨੇ ਮੌਕੇ ਪੂਰੇ ਦੇਸ਼ ਅੰਦਰ ਰੋਣਕਾਂ ਦੇਖਣ ਨੂੰ ਮਿਲ ਰਹੀਆਂ ਹਨ। ਇਸ ਮੌਕੇ ਮਾਲੇਰਕੋਟਲਾ ਵਿਖੇ ਆਪਸੀ ਭਾਈਚਾਰੇ ਦੀ ਬਹੁਤ ਖੂਬਸੂਰਤ ਮਿਸਾਲ ਦੇਖਣ ਨੂੰ ਮਿਲੀ, ਜਿਸ ਵਿੱਚ ਸਿੱਖਾਂ ਤੇ ਮੁਸਲਮਾਨਾਂ ਨੇ ਮਿਲਕੇ ਰੋਜ਼ੇਦਾਰਾਂ ਦੇ ਰੋਜ਼ੇ ਖੁਲਵਾਏ। ਪੰਜਾਬ ਦੀ ਪ੍ਰਸਿੱਧ ਸਮਾਜ ਸੇਵੀ ਜੱਥੇਬੰਦੀ ਮੁਸਲਿਮ ਫੈਡਰੇਸ਼ਨ ਆਫ ਪੰਜਾਬ ਵੱਲੋਂ ਸਥਾਨਕ ਵੱਡੀ ਈਦਗਾਹ 'ਚ ਇੱਕ ਸ਼ਾਨਦਾਰ ਸਰਵ ਧਰਮ ਰੋਜ਼ਾ ਇਫਤਾਰ ਪਾਰਟੀ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਮੁਸਲਿਮ ਭਾਈਚਾਰੇ ਤੋਂ ਇਲਾਵਾ ਹੋਰ ਧਰਮਾਂ ਦੇ ਲੋਕਾਂ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਵਿਸ਼ੇਸ਼ ਤੌਰ ਤੇ ਸਥਾਨਕ ਵਿਧਾਇਕ ਡਾ.ਜਮੀਲ-ਉਰ-ਰਹਿਮਾਨ, ਉੱਘ ਉਦਯੋਗਪਤੀ ਮੁਹੰਮਦ ਉਵੈਸ ਮੈਂਬਰ ਪੰਜਾਬ ਵਕਫ ਬੋਰਡ, ਮੁਫਤੀ ਇਰਤਕਾ-ਉਲ-ਹਸਨ ਕਾਂਧਲਵੀ (ਮੁਫਤੀ ਏ ਆਜ਼ਮ ਪੰਜਾਬ), ਭਾਈ ਮਨਪ੍ਰੀਤ ਅਲੀਪੁਰ ਖਾਲਸਾ, ਪੰਜਾਬ ਵਕਫ ਬੋਰਡ ਦੇ ਮੈਂਬਰ ਡਾ.ਮੁਹੰਮਦ ਅਨਵਰ ਭਸੋੜ, ਸਤਨਾਮ ਪੰਜਾਬੀ (ਪੰਜਾਬੀ ਗਾਇਕ), ਅਬਦੁਲ ਲਤੀਫ ਪੱਪੂ (ਆੜ੍ਹਤੀਆ), ਚੋਧਰੀ ਸ਼ਮਸ਼ੂਦੀਨ, ਮੁਹੰਮਦ ਯੂਨਸ ਮੈਨੇਜਰ ਸਟਾਰ ਇੰਪੈਕਟਰ ਆਦਿ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।ਫੈਡਰੇਸ਼ਨ ਦੇ ਸੂਬਾ ਪ੍ਰਧਾਨ ਐਡਵੋਕੇਟ ਮੂਬੀਨ ਫਾਰੂਕੀ ਨੇ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਰੋਜ਼ੇ ਨੂੰ ਸਿਹਤ ਅਤੇ ਤੰਦਰੁਸਤੀ ਦੀ ਗਾਰੰਟੀ ਦੱਸਦਿਆਂ ਕਿਹਾ ਕਿ ਉਨ੍ਹਾਂ ਦੀ ਖੁਸ਼ਕਿਸਮਤੀ ਹੈ ਕਿ ਇਫਤਾਰ ਪਾਰਟੀ 'ਚ ਸਾਰੇ ਧਰਮਾਂ ਦੇ ਲੋਕਾਂ ਨੇ ਉਨ੍ਹਾਂ ਦੀ ਬੇਨਤੀ ਤੇ ਤਸ਼ਰੀਫ ਲਿਆਏ ਹਨ, ਜਿਸ ਨਾਲ ਉਨ੍ਹਾਂ ਨੂੰ ਬਹੁਤ ਹੋਸਲਾ ਮਿਲਿਆ ਹੈ ਤੇ ਆਸ ਹੈ ਕਿ ਭਵਿੱਖ 'ਚ ਵੀ ਸ਼ਹਿਰ ਨਿਵਾਸੀ ਸਾਡੇ ਸਮਾਗਮਾਂ 'ਚ ਸ਼ਾਮਲ ਹੁੰਦੇ ਰਹਿਣਗੇ।ਇਸ ਮੌਕੇ ਮੁਫਤੀ ਇਰਤਕਾ ਉਲ ਹਸਨ ਕਾਂਧਲਵੀ ਨੇ ਰੋਜ਼ੇ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਰੋਜ਼ੇ ਦਾ ਅਰਥ ਹੈ ਰੁਕਣਾ, ਰੋਜ਼ਾ ਬੰਦੇ ਲਈ ਤਕਵਾ, ਨੇਕੀ ਤੇ ਪਰਹੇਜਗਾਰੀ ਦੀ ਤਰਬਿਅਤ ਦਿੰਦਾ ਹੈ। ਰੋਜ਼ਾ ਇਨਸਾਨ ਦਾ ਰਿਸ਼ਤਾ ਰੱਬ ਨਾਲ ਮਜਬੂਤ ਬਣਾਉਂਦਾ ਹੈ। ਮੁਫਤੀ ਸਾਹਿਬ ਨੇ ਕਿਹਾ ਕਿ ਰੋਜ਼ਾ ਰੱਖਣ ਦਾ ਫਾਇਦਾ ਸਿਰਫ ਧਾਰਮਿਕ ਪੱਖ ਅਤੇ ਦ੍ਰਿਸ਼ਟੀਕੋਣ ਤੋਂ ਹੀ ਨਹੀਂ, ਸਗੋਂ ਇਸ ਨਾਲ ਵਿਅਕਤੀ ਨੂੰ ਸਮਾਜਿਕ, ਸਰੀਰਕ, ਮਾਨਸਿਕ ਤੇ ਨੈਤਿਕ ਪੱਖ ਤੋਂ ਵੀ ਲਾਭ ਪਹੁੰਚਦਾ ਹੈ। ਉਨ੍ਹਾਂ ਕਿਹਾ ਕਿ ਰਮਜ਼ਾਨ ਦਾ ਮਹੀਨਾ ਸਾਨੂੰ ਆਪਸੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਦਾ ਸੰਦੇਸ਼ ਦਿੰਦਾ ਹੈ ਅਤੇ ਇਸ ਮਹੀਨੇ ਵੱਖ-ਵੱਖ ਧਰਮਾਂ ਦੇ ਲੋਕ, ਸਮਾਜਿਕ ਸੰਸਥਾਂਵਾ ਮੁਸਲਿਮ ਭਾੲਚੀਾਰੇ ਦੇ ਰੋਜ਼ੇ ਖੁਲਵਾਉਂਦੀਆਂ ਹਨ। ਜਿਸ ਨਾਲ ਆਪਸੀ ਭਾਈਚਾਰਕ ਸਾਂਝ ਹੋਰ ਮਜ਼ਬੂਤ ਹੁੰਦੀ ਹੈ।
ਜਨਾਬ ਮੁਹੰਮਦ ਉਵੈਸ ਤੇ ਭਾਈ ਮਨਪ੍ਰੀਤ ਅਲੀਪੁਰ ਖਾਲਸਾ ਨੇ ਕਿਹਾ ਕਿ ਮਾਲੇਰਕੋਟਲਾ ਦੀ ਆਪਸੀ ਸਾਂਝ ਤੇ ਰਵਾਇਤ ਨੂੰ ਕਾਇਮ ਰੱਖਣਾ ਸਦੀਆਂ ਤੋਂ ਚੱਲੀ ਆ ਰਹੀ ਪਰੰਪਰਾ ਦਾ ਸਿੱਟਾ ਹੈ ਪਰ ਅੱਜ ਇਕ ਪਾਸੇ ਦੇਸ਼ ਦੇ ਲੋਕ ਫਿਰਕਾਪ੍ਰਸਤ ਤਾਕਤਾਂ ਦੀ ਭੇਟ ਚੜ੍ਹ ਕੇ ਆਪਣੇ ਖੇਤਰ ਦੇ ਮਾਹੌਲ ਨੂੰ ਖਰਾਬ ਕਰ ਰਹੇ ਹਨ ਤਾਂ ਦੂਜੇ ਪਾਸੇ ਮਾਲੇਰਕੋਟਲਾ ਦੇ ਹਿੰਦੂ, ਸਿੱਖ ਤੇ ਮੁਸਲਮਾਨ ਇਕ ਦੂਜੇ ਦੇ ਤਿਉਹਾਰ ਮੌਕੇ ਆਪਸੀ ਪਿਆਰ ਅਤੇ ਸਦਭਾਵਨਾ ਦੀ ਹਰ ਵਾਰ ਮਿਸਾਲ ਬਣ ਕੇ ਖੁਸ਼ੀਆਂ ਸਾਂਝੀਆਂ ਕਰਦੇ ਹਨ। ਇਸ ਮੌਕੇ ਤੇ ਐਡਵੋਕੇਟ ਮੂਬੀਨ ਫਾਰਕੂੀ ਤੋਂ ਇਲਾਵਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਮਨਦੀਪ ਸਿੰਘ ਚਹਿਲ, ਡਾ.ਮੁਹੰਮਦ ਸ਼ਬੀਰ (ਰਿਟਾਇਰਡ ਸੀ.ਐਮ.ਓ ਡੈਂਟਲ), ਡਾ.ਜਗਦੀਸ਼ ਸਿੰਘ ਐਸ.ਐਮ.ਓ, ਡਾ.ਸੋਰਭ ਕਪੂਰ, ਸਾਬਕਾ ਚੇਅਰਮੈਨ ਐਡਵੋਕੇਟ ਮੁਹੰਮਦ ਸ਼ਮਸ਼ਾਦ, ਪੰਜਾਬ ਵਕਫ ਬੋਰਡ ਦੇ ਮੈਂਬਰ ਸ਼ਹਿਬਾਜ਼ ਰਾਣਾ, ਡਾ.ਮੁਹੰਮਦ ਸ਼ਮਸ਼ਾਦ, ਕੇਸਰ ਸਿੰਘ ਭੁੱਲਰ, ਮੁਕੱਰਮ ਸੈਫੀ, ਅਜ਼ਹਰ ਮੁਨੀਮ, ਨੈਸ਼ਨਲ ਹਿਊਮਨ ਰਾਈਟਸ (ਸੋਸ਼ਲ ਜਸਟਿਸ) ਕੌਂਸਲ ਪੰਜਾਬ ਦੇ ਉਪ ਚੇਅਰਮੈਨ ਜ਼ਹੂਰ ਅਹਿਮਦ ਚੌਹਾਨ, ਕੌਂਸਲਰ ਮੁਹੰਮਦ ਨਜ਼ੀਰ, ਹਾਜੀ ਮੁਹੰਮਦ ਜਮੀਲ, ਮੁਹੰਮਦ ਸ਼ੋਕਤ ਤੋਂ ਇਲਾਵਾ ਈਦਗਾਹ ਕਮੇਟੀ ਦੇ ਮੈਂਬਰ, ਵੱਖ-ਵੱਖ ਧਾਰਮਿਕ, ਸਮਾਜਿਕ ਤੇ ਸਿਆਸੀ ਜਥੇਬੰਦੀਆਂ ਦੇ ਲੋਕਾਂ ਨੇ ਇਫਤਾਰ ਪਾਰਟੀ 'ਚ ਸ਼ਿਰਕਤ ਕੀਤੀ।