ਨਵੀਂ ਦਿੱਲੀ : ਕਰੋਨਾਵਾਇਰਸ ਦੇ ਦਿਨੋ ਦਿਨ ਵਧ ਰਹੇ ਖ਼ਤਰੇ ਨੂੰ ਦੇਖਦਿਆਂ ਹਰਿਆਣਾ ਸਰਕਾਰ ਵੱਲੋਂ ਸਖ਼ਤ ਕਦਮ ਚੁੱਕੇ ਜਾ ਰਹੇ ਹਨ। ਹਰਿਆਣਾ ਸਰਕਾਰ ਨੇ ਸੂਬੇ ਵਿੱਚ ਸੰਪੂਰਨ ਲਾਕਡਾਊਨ ਦਾ ਫ਼ੈਸਲਾ ਲਿਆ ਹੈ ਜਿਸ ਤਹਿਤ ਹੁਣ ਹਰਿਆਣਾ ਵਿਚ ਸੋਮਵਾਰ ਤੋਂ ਸੱਤ ਦਿਨਾਂ ਤਕ ਲਾਕਡਾਊਨ ਰਹੇਗਾ। ਸੂਬੇ ਦੇ ਮੰਤਰੀ ਸ੍ਰੀ ਅਨਿਲ ਵਿੱਜ ਨੇ ਟਵੀਟ ਰਾਹੀਂ ਇਹ ਐਲਾਨ ਕੀਤਾ ਹੈ ਕਿ ਸੂਬੇ ਵਿਚ ਹੁਣ 3 ਮਈ ਤੋਂ ਲੈ ਕੇ ਅਗਲੇ ਸੱਤ ਦਿਨਾਂ ਤਕ ਲਾਕਡਾਊਨ ਲਗਾਇਆ ਗਿਆ ਹੈ।
ਹਰਿਆਣਾ ਸਰਕਾਰ ਵੱਲੋਂ ਇਹ ਵੱਡਾ ਫ਼ੈਸਲਾ ਸੂਬੇ ਵਿਚ ਵੱਧ ਰਹੇ ਕਰੋਨਾ ਦੇ ਮਾਮਲਿਆਂ ਦੇ ਮੱਦੇਨਜ਼ਰ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਸਨਿਚਰਵਾਰ ਨੂੰ ਹਰਿਆਣਾ ਵਿਚ ਕਰੋਨਾ ਦੇ ਵੱਡੀ ਗਿਣਤੀ ਵਿਚ ਮਾਮਲੇ ਸਾਹਮਣੇ ਆਏ ਸਨ ਜਿਨ੍ਹਾਂ ਦੀ ਗਿਣਤੀ 13,588 ਦੇ ਕਰੀਬ ਸੀ ਅਤੇ ਮਰਨ ਵਾਲਿਆਂ ਦੀ ਗਿਣਤੀ 125 ਸੀ। ਇਸ ਤੋਂ ਇਲਾਵਾ ਕਰੋਨਾਵਾਇਰਸ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 8509 ਸੀ। ਰੀਪੋਰਟਾਂ ਅਨੁਸਾਰ ਹਰਿਆਣਾ ਵਿਚ ਹੁਣ 1,02,516 ਮਾਮਲੇ ਪਾਜ਼ੇਟਿਵ ਹਨ।
ਇਥੇ ਇਹ ਵੀ ਦੱਸਣਯੋਗ ਹੈ ਕਿ ਹਰਿਆਣਾ ਦੇ ਨਾਲ ਲੱਗੇ ਸੂਬੇ ਅਤੇ ਦੇਸ਼ ਦੀ ਰਾਜਧਾਨੀ ਵਿੱਚ ਵੀ ਲਾਕਡਾਊਨ ਲਗਾਇਆ ਗਿਆ ਹੈ ਜੋਕਿ 10 ਮਈ ਤੱਕ ਜਾਰੀ ਰਹੇਗਾ।