ਸਵਾਮੀ ਨਲਿਨਾਨੰਦ ਗਿਰੀ ਨੇ ਮਹਾਰਾਜਾ ਅਗਰਸੈਨ ਦੇ ਵਿਚਾਰਾਂ ਦੇ ਵੱਖ ਵੱਖ ਪਹਿਲੂਆਂ ਨੂੰ ਉਜਾਗਰ ਕੀਤਾ
ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਅਰਵਿੰਦ ਨੇ ਕਿਹਾ ਕਿ ਇੱਕ ਜਮਹੂਰੀ ਸਮਾਜ ਵਿੱਚ ਹਰ ਤਰ੍ਹਾਂ ਦੇ ਵਿਚਾਰਾਂ ਦਾ ਪ੍ਰਫੁੱਲਤ ਹੋਣਾ ਬਹੁਤ ਜਰੂਰੀ ਹੈ ਅਤੇ ਇਹ ਜਮੂਰੀਅਤ ਦਾ ਵਿਸ਼ੇਸ਼ ਖਾਸਾ ਹੁੰਦਾ ਹੈ। ਵਰਤਮਾਨ ਸੰਦਰਭ ਵਿੱਚ ਮਹਾਰਾਜਾ ਅਗਰਸੈਨ ਦੀ ਭੂਮਿਕਾ ਬਾਰੇ ਯੂਨੀਵਰਸਿਟੀ ਦੇ ਕਲ ਭਵਨ ਵਿਖੇ ਕਰਵਾਏ ਗਏ ਇਕ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਪ੍ਰੋਫੈਸਰ ਅਰਵਿੰਦ ਨੇ ਕਿਹਾ ਕਿ ਹਰੇਕ ਸਮਾਜ ਇੱਕ ਫੁਲਵਾੜੀ ਦੀ ਤਰ੍ਹਾਂ ਹੈ ਅਤੇ ਹਰ ਸਮਾਜ ਵਿੱਚ ਭਾਂਤ ਭਾਂਤ ਦੇ ਵਿਚਾਰਾਂ ਰੂਪੀ ਫੁੱਲ ਖਿੜਨੇ ਚਾਹੀਦੇ ਹਨ। ਉਹਨਾਂ ਕਿਹਾ ਕਿ ਜਮਹੂਰੀਅਤ ਭਾਰਤੀ ਸਮਾਜ ਦਾ ਵਿਸ਼ੇਸ਼ ਲੱਛਣ ਹੈ ਇਸ ਕਰਕੇ ਸਾਨੂੰ ਸਾਰਿਆਂ ਨੂੰ ਜਮਹੂਰੀਅਤ ਦੇ ਅਸਲ ਮਾਇਨੇ ਸਮਝ ਚਾਹੀਦੇ ਹਨ।
ਵਾਈਸ ਚਾਂਸਲਚ ਨੇ ਕਿਹਾ ਕਿ ਭਾਂਤ-ਭਾਂਤ ਦੇ ਵਿਚਾਰ ਦੇ ਪ੍ਰਫੁੱਲਤ ਹੋਣ ਵਾਸਤੇ ਵਰਤਮਾਨ ਸਮੇਂ ਭਾਵੇਂ ਕਾਫੀ ਮੁਸ਼ਕਿਲਾਂ ਹਨ ਪਰ ਇਸ ਵਾਸਤੇ ਲਗਾਤਾਰ ਜਦੋ-ਜਹਿਦ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਅਸੀਂ ਇੱਕ ਚੰਗੇ ਅਤੇ ਨਿਗਰ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਵੱਖ ਵੱਖ ਵਿਚਾਰਧਰਾਵਾਂ ’ਤੇ ਚਰਚਾ ਕਰਵਾਉਣ ਵਾਸਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਤਾਂ ਜੋ ਹੋਰ ਵਧੀਆ ਵਿਚਾਰ ਉਭਰ ਕੇ ਸਾਹਮਣੇ ਆਉਣ ਅਤੇ ਅਸੀਂ ਇਨ੍ਹਾਂ ਦੇ ਨਾਲ ਚੰਗੇ ਸਮਾਜ ਦੀ ਉਸਾਰੀ ਵੱਲ ਵਧ ਸਕੀਏ। ਇਸ ਦੌਰਾਨ ਉਨ੍ਹਾਂ ਨੇ ਮਹਾਰਾਜਾ ਅਗਰਸੈਨ ਦੇ ਵਿਚਾਰਾਂ ਦਾ ਵੀ ਜ਼ਿਕਰ ਕੀਤਾ।
ਇਸ ਮੌਕੇ ਸਵਾਾਮੀ ਨਲੀਨਾ ਨੰਦਗਿਰੀ ਨੇ ਮਹਾਰਾਜਾ ਅਗਰਸੈਨ ਦੀ ਭੂਮਿਕਾ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਮਹਾਰਾਜਾ ਅਗਰਸੈਨ ਨੇ ਸਾਨੂੰ ਇੱਕ ਮਿਆਰੀ ਜੀਵਨ ਦਾ ਰਾਹ ਦਿਖਾਇਆ ਹੈ ਜਿਨ੍ਹਾਂ ਨੂੰ ਅਪਣਾ ਕੇ ਹੀ ਅਸੀਂ ਇਕ ਚੰਗੇ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ। ਉੱਚ ਕਦਰਾਂ ਕੀਮਤਾਂ ਆਧਾਰਿਤ ਸਿੱਖਿਆ ਦੀ ਜ਼ਰੂਰਤ ’ਤੇ ਜ਼ੋਰ ਦਿੰਦੇ ਹੋਏ ਉਹਨਾਂ ਨੇ ਜੀਵਨ ਵਿੱਚ ਉੱਚ ਕਦਰਾਂ ਕੀਮਤਾਂ ਨੂੰ ਅਪਣਾਉਣ ਦੀ ਲੋੜ ਤੇ ਜ਼ੋਰ ਦਿੱਤਾ।
ਇਸ ਤੋਂ ਪਹਿਲਾਂ ਯੂਨੀਵਰਸਿਟੀ ਦੇ ਰਜਿਸਟਰ ਪ੍ਰੋ. ਨਵਜੋਤ ਕੌਰ ਨੇ ਸਵਾਗਤੀ ਭਾਸ਼ਣ ਦਿੱਤਾ। ਇਹ ਸਮਾਗਮ ਵਿੱਚ ਪੀ.ਐਸ.ਟੀ.ਸੀ.ਐਲ. ਦੇ ਡਾਇਰੈਕਟਰ ਵਿਕਾਸ ਅਤੇ ਕਮਰਸ਼ੀਅਲ ਸ੍ਰੀ ਵਿਨੋਦ ਬਾਂਸਲ ਅਤੇ ਰਜਿੰਦਰ ਹਸਪਤਾਲ ਪਟਿਆਲਾ ਦੇ ਪ੍ਰੋਫੈਸਰ ਹਰੀ ਓਮ ਅਗਰਵਾਲ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਦੌਰਾਨ ਡੀਨ ਅਕਾਦਮਿਕ ਪ੍ਰੋਫੈਸਰ ਏ.ਕੇ. ਤਿਵਾੜੀ ਅਤੇ ਮਹਾਰਾਜ ਅਗਰਸੈਨ ਚੇਅਰ ਦੇ ਇਨਚਾਰਜ ਡਾ. ਪ੍ਰਮੋਦ ਅਗਰਵਾਲ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਉੱਘੀਆਂ ਸ਼ਖਸੀਅਤਾਂ ਹਾਜ਼ਰ ਸਨ।