ਪਟਿਆਲਾ : ਆਪਸੀ ਭਾਈਚਾਰਕ ਸਾਂਝ ਨੂੰ ਪੈਦਾ ਕਰਨ ਅਤੇ ਪ੍ਰਫੁੱਲਤ ਕਰਨ ਵਿੱਚ ਯੂਨੀਵਰਸਿਟੀਆਂ ਅਤੇ ਵਿੱਦਿਅਕ ਅਦਾਰਿਆਂ ਦੀ ਅਹਿਮ ਭੂਮਿਕਾ ਹੁੰਦੀ ਹੈ। ਵਿੱਦਿਅਕ ਅਦਾਰਿਆਂ ਨੇ ਸਮਾਜ ਦੀ ਅਗਵਾਈ ਕਰਨੀ ਹੁੰਦੀ ਹੈ ਅਤੇ ਰਾਹ ਰੁਸ਼ਨਾਉਣਾ ਹੁੰਦਾ ਹੈ।
ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਇਹ ਵਿਚਾਰ ਯੂਨੀਵਰਸਿਟੀ ਵਿਖੇ ਕੱਲ੍ਹ ਮੁਸਲਿਮ ਭਾਈਚਾਰੇ ਦੇ ਲੋਕਾਂ ਦਾ ਰੋਜ਼ਾ ਖੁਲ੍ਹਵਾਉਣ ਲਈ ਰੱਖੀ ਗਈ ‘ਇਫ਼ਤਾਰ ਪਾਰਟੀ’ ਮੌਕੇ ਸਾਂਝੇ ਕੀਤੇ। ਯੂਨੀਵਰਸਿਟੀ ਵਿੱਚ ਪੜ੍ਹਦੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਸਹਿਯੋਗ ਨਾਲ਼ ਸ੍ਰੀ ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ ਵੱਲੋਂ ਆਯੋਜਿਤ ਇਸ ਪਾਰਟੀ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਸਮਾਜ ਵਿੱਚ ਭਾਈਚਾਰਕ ਸਾਂਝ ਨੂੰ ਪ੍ਰਫੁੱਲਿਤ ਕਰਨ ਲਈ ਅਜਿਹੇ ਕਦਮਾਂ ਦਾ ਇੱਕ ਵਿਸ਼ੇਸ਼ ਮਹੱਤਵ ਹੁੰਦਾ ਹੈ।
ਇਸ ਮੌਕੇ ਵਾਈਸ ਚਾਂਸਲਰ ਦੇ ਨਿੱਜੀ ਸਕੱਤਰ ਡਾ. ਨਾਗਰ ਸਿੰਘ, ਅੰਤਰਰਾਸ਼ਟਰੀ ਵਿਦਿਆਰਥੀ ਮਾਮਲਿਆਂ ਬਾਰੇ ਡੀਨ ਡਾ. ਰਣਜੀਤ ਕੌਰ ਅਤੇ ਧਰਮ ਅਧਿਐਨ ਦੇ ਮੁਖੀ ਡਾ. ਗੁਰਮੇਲ ਸਿੰਘ ਵੱਲੋਂ ਆਪਸੀ ਭਾਈਚਾਰਕ ਸਾਂਝ ਨੂੰ ਵਧਾਉਣ ਦੇ ਹਵਾਲੇ ਨਾਲ਼ ਆਪਣੇ ਵਿਚਾਰ ਪ੍ਰਗਟਾਏ।
ਇਫ਼ਤਾਰ ਪਾਰਟੀ ਦੇ ਕਨਵੀਨਰ ਮੁਹੰਮਦ ਨਸੀਰ ਅਤੇ ਕੋ-ਕਨਵੀਨਰ ਅਸਮਤਉੱਲਾਹ ਅਹਿਸਾਸ ਨੇ ਦੱਸਿਆ ਕਿ ਇਸ ਉਪਰੰਤ ਸਮੂਹ ਹਾਜ਼ਰੀਨ ਵੱਲੋਂ ਰੋਜਿ਼ਆਂ ਦੇ ਮਹੱਤਵ ਨਾਲ਼ ਤਿਆਰ ਕੀਤਾ ਗਿਆ ਵਿਸ਼ੇਸ਼ ਭੋਜਨ ਇਕੱਠਿਆਂ ਬੈਠ ਕੇ ਛਕਿਆ ਗਿਆ।