ਮਾਲੇਰਕੋਟਲਾ : ਆਮ ਆਦਮੀ ਪਾਰਟੀ ਤੋਂ ਪੰਜਾਬ ਦਾ ਮੁਸਲਿਮ ਭਾਈਚਾਰਾ ਪੂਰੀ ਤਰ੍ਹਾਂ ਨਿਰਾਸ਼ ਹੋ ਚੁੱਕਾ ਹੈ ਕਿਉਂਕਿ ਮੁਸਲਿਮ ਭਾਈਚਾਰੇ ਨੂੰ ਉਮੀਦ ਸੀ ਕਿ ਸੂਬੇ `ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦਿਆਂ ਹੀ ਮੌਲਵੀਆਂ, ਇਮਾਮਤ ਕਰਾਉਣ ਵਾਲਿਆਂ ਅਤੇ ਪੰਜਾਬ ਵਕਫ਼ ਬੋਰਡ ਅਧੀਨ ਕੰਮ ਕਰਦੇ ਅਧਿਆਪਕਾਂ ਤੇ ਹੋਰ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਸਰਕਾਰੀ ਮੁਲਾਜ਼ਮਾਂ ਦੇ ਬਰਾਬਰ ਕਰ ਦਿੱਤੀਆਂ ਜਾਣਗੀਆਂ ਅਤੇ ਮੁਸਲਿਮ ਭਾਈਚਾਰੇ ਨੂੰ ਦਰਪੇਸ਼ ਸਮੱਸਿਆਵਾਂ ਦਾ ਹੱਲ ਹੋ ਜਾਵੇਗਾ, ਪਰ ਅਜਿਹਾ ਨਹੀਂ ਹੋਇਆ। ਇਹ ਗੱਲ ਸ਼੍ਰੋਮਣੀ ਅਕਾਲੀ ਦਲ ਦੀ ਹਲਕਾ ਇੰਚਾਰਜ ਬੀਬਾ ਜ਼ਾਹਿਦਾ ਸੁਲੇਮਾਨ ਨੇ ਮੁਸਲਿਮ ਫ਼ਰੰਟ ਪੰਜਾਬ ਦੇ ਵਫ਼ਦ ਤੋਂ ਮੰਗ-ਪੱਤਰ ਲੈਣ ਦੌਰਾਨ ਕੀਤਾ। ਜ਼ਿਕਰਯੋਗ ਹੈ ਕਿ ਮੁਸਲਿਮ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਐਚ.ਐਸ. ਮੋਫ਼ਰ ਦੀ ਅਗਵਾਈ ਹੇਠ ਇਕ ਵਫ਼ਦ ਦਾ ਫ਼ਰੰਟ ਦੀਆਂ ਮੰਗਾਂ ਨੂੰ ਅਕਾਲੀ ਦਲ ਦੇ ਚੋਣ ਮਨੋਰਥ ਪੱਤਰ `ਚ ਦਰਜ ਕਰਵਾਉਣ ਲਈ ਬੀਬਾ ਜ਼ਾਹਿਦਾ ਸੁਲੇਮਾਨ ਦੇ ਗ੍ਰਹਿ ਵਿਖੇ ਪੁੱਜਿਆ ਸੀ। ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਮੁਸਲਮਾਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਤੋਂ ਉਮੀਦ ਹੈ ਕਿ ਇਹ ਪਾਰਟੀ ਸੱਤਾ ਵਿਚ ਆਉਣ ਤੋਂ ਬਾਅਦ ਪੰਜਾਬੀ ਮੁਸਲਮਾਨਾਂ ਦੀ ਬਾਂਹ ਜ਼ਰੂਰ ਫੜੇਗੀ ਕਿਉਂਕਿ ਅਕਾਲੀ ਦਲ ਦੀਆਂ ਪਿਛਲੀਆਂ ਸਰਕਾਰਾਂ ਨੇ ਹੋਰ ਧਰਮਾਂ ਦੇ ਨਾਲ-ਨਾਲ ਮੁਸਲਮਾਨਾਂ ਲਈ ਬਹੁਤ ਅਹਿਮ ਕਾਰਜ ਕੀਤੇ ਸਨ। ਅਕਾਲੀ ਸਰਕਾਰਾਂ ਨੇ ਹਰ ਪਿੰਡ ਵਿਚ ਕਬਰਸਤਾਨ ਬਣਾਉਣ, ਚਾਰਦੀਵਾਰੀ ਕਰਨ ਅਤੇ ਪੰਜਾਬ ਵਕਫ਼ ਬੋਰਡ ਅੰਦਰ ਕਾਫ਼ੀ ਸੁਧਾਰ ਕੀਤੇ ਸਨ। ਪੰਜਾਬ ਭਰ ਦੇ ਮੁਸਲਮਾਨਾਂ ਨੇ ਕਬਰਸਤਾਨ ਬਣ ਜਾਣ ਕਾਰਨ ਰਾਹਤ ਮਹਿਸੂਸ ਕੀਤੀ ਸੀ। ਬੀਬਾ ਜ਼ਾਹਿਦਾ ਸੁਲੇਮਾਨ ਨੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਫ਼ਰੰਟ ਦੇ ਮੰਗ-ਪੱਤਰ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਮਨੋਰਥ-ਪੱਤਰ ਵਿਚ ਦਰਜ ਕਰਵਾਇਆ ਜਾਵੇਗਾ।