ਸੁਨਾਮ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਸੁਨਾਮ ਦੀ ਮੀਟਿੰਗ ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਦੀ ਅਗਵਾਈ ਹੇਠ ਡੇਰਾ ਟੀਕਮ ਦਾਸ ਉਗਰਾਹਾਂ ਵਿਖੇ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ, ਗੋਬਿੰਦ ਸਿੰਘ ਚੱਠਾ ਨਨਹੇੜਾ ਅਤੇ ਮਹਿੰਦਰ ਸਿੰਘ ਨਮੋਲ ਅਤੇ ਮਨੀ ਸਿੰਘ ਭੈਣੀ ਨੇ ਕਿਹਾ ਕਿ ਪਿੰਡ ਜੌਲੀਆਂ ਅਤੇ ਜਹਾਂਗੀਰ ਦੀ ਜ਼ਮੀਨ ਦਾ ਮਾਮਲਾ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਿਹਾ ਹੈ। ਭੂ-ਮਾਫੀਆ ਨੇ ਕਿਸਾਨਾਂ ਨਾਲ ਧੋਖਾ ਕੀਤਾ ਹੈ ਅਤੇ ਜ਼ਮੀਨਾਂ ਦੇ ਮਾਲਕ ਬਣ ਗਏ ਹਨ, ਪੰਜਾਬ ਵਿੱਚ ਅਜਿਹੇ ਕਈ ਮੁੱਦੇ ਹਨ, ਪਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਇਸ ਮੁੱਦੇ ਦੀ ਡੂੰਘਾਈ ਨਾਲ ਜਾਂਚ ਕਰਕੇ ਇਨ੍ਹਾਂ ਦੋਵਾਂ ਮੁੱਦਿਆਂ ਨੂੰ ਨਜਿੱਠਣ ਲਈ ਲਗਾਤਾਰ ਸੰਘਰਸ਼ ਕਰ ਰਹੀ ਹੈ। ਇਸ ਜ਼ਮੀਨੀ ਝਗੜੇ ਦੌਰਾਨ ਕਿਸਾਨ ਅਵਤਾਰ ਸਿੰਘ ਦੀ ਮੌਤ ਹੋ ਗਈ, ਉਸ ਦੇ ਮੁਲਜ਼ਮ ਬਲਜਿੰਦਰ ਸਿੰਘ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਜ਼ਮੀਨ ’ਤੇ ਕਬਜ਼ਾ ਕਰਨ ਲਈ ਵਰਤੇ ਗਏ ਟਰੈਕਟਰ ਤੁਰੰਤ ਬਰਾਮਦ ਕੀਤੇ ਜਾਣ, ਜੇਕਰ ਜਹਾਂਗੀਰ ਵਾਲਾ ਜ਼ਮੀਨ ਦੇ ਮਸਲੇ ਦਾ ਕੋਈ ਹੱਲ ਨਾ ਕੱਢਿਆ ਗਿਆ ਤਾਂ ਯੂਨੀਅਨ ਵੱਲੋਂ ਲੋਕ ਸਭਾ ਚੋਣਾਂ ਵਿੱਚ ਹਾਕਮ ਧਿਰ ‘ਆਪ’ ਦਾ ਤਿੱਖਾ ਵਿਰੋਧ ਕੀਤਾ ਜਾਵੇਗਾ। ਪੰਜਾਬ ਸਰਕਾਰ ਨੂੰ ਹੁਣ ਫੈਸਲਾ ਕਰਨਾ ਚਾਹੀਦਾ ਹੈ ਕਿ ਉਹ ਚੋਣ ਲੜਨਾ ਚਾਹੁੰਦੀ ਹੈ ਜਾਂ ਨਹੀਂ। ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪਿੰਡਾਂ ਵਿੱਚ ਸਰਕਾਰ ਦਾ ਜ਼ੋਰਦਾਰ ਵਿਰੋਧ ਕਰੇਗੀ।