ਪਟਿਆਲਾ : ਪੰਜਾਬੀ ਯੂਨੀਵਰਸਿਟੀ ਵਿਖੇ ਥੀਏਟਰ ਅਤੇ ਫਿ਼ਲਮ ਪ੍ਰੋਡਕਸ਼ਨ ਵਿਭਾਗ ਵੱਲੋਂ ਕਰਵਾਇਆ ਗਿਆ ਚਾਰ ਰੋਜ਼ਾ ‘ਰੰਗਮੰਚ ਉਤਸਵ’ ਸੰਪੰਨ ਹੋ ਗਿਆ ਹੈ। ਉਤਸਵ ਦੇ ਆਖ਼ਰੀ ਦਿਨ 'ਚੈਨਪੁਰ ਕੀ ਦਾਸਤਾਂ' ਨਾਟਕ ਦੀ ਸਫਲ ਪੇਸ਼ਕਾਰੀ ਹੋਈ । 'ਮਕੇਟ ਅਕੈਡਮੀ' ਵੱਲੋਂ ਕੀਤੀ ਇਸ ਪੇਸ਼ਕਾਰੀ ਦਾ ਨਿਰਦੇਸ਼ਨ ਥੀਏਟਰ ਅਤੇ ਫ਼ਿਲਮ ਪ੍ਰੋਡਕਸ਼ਨ ਵਿਭਾਗ ਦੇ ਖੋਜਾਰਥੀ ਮਹੇਸ਼ ਕੁਮਾਰ ਵੱਲੋਂ ਕੀਤਾ ਗਿਆ। ਇਹ ਨਾਟਕ ਅਸਲ ਵਿੱਚ ਰੂਸੀ ਸਾਹਿਤਕਾਰ ਨਿਕੋਲਾਈ ਗੋਗੋਲ ਦੀ ਰਚਨਾ ‘ਐਨ ਇੰਸਪੈਕਟਰ ਜਨਰਲ’ ਉੱਤੇ ਆਧਾਰਿਤ ਸੀ ਜਿਸ ਦਾ ਹਿੰਦੀ ਰੂਪਾਂਤਰ ਰਣਜੀਤ ਕਪੂਰ ਨੇ ਕੀਤਾ ਹੈ। ਇਹ ਨਾਟਕ ਸਮਾਜ ਵਿੱਚ ਫੈਲੀ ਰਿਸ਼ਵਤਖੋਰੀ, ਬੇਈਮਾਨੀ ਅਤੇ ਭ੍ਰਿਸ਼ਟਾਚਾਰ ਉੱਤੇ ਤਿੱਖਾ ਵਿਅੰਗ ਸੀ।
ਇਹ ਨਾਟਕ ਮੌਜੂਦਾ ਸ਼ਾਸਨ, ਪ੍ਰਸ਼ਾਸਨ ਅਤੇ ਸਮਾਜਿਕ ਪ੍ਰਣਾਲੀਆਂ ਦਾ ਵਿਅੰਗਮਈ ਸ਼ੀਸ਼ਾ ਦਰਸ਼ਕਾਂ ਸਾਹਮਣੇ ਪੇਸ਼ ਕਰਨ ਵਿੱਚ ਸਫਲ ਰਿਹਾ। ਨਾਟਕ ਵਿੱਚ ਮੀਨਾ, ਕੇਵਲ ਸਿੰਘ, ਮਨਿੰਦਰ ਕੰਗ, ਮੁਹੰਮਦ ਰਫੀਕ ਆਲਮ, ਰਘਵੀਰ ਸਿੰਘ, ਮਨਪ੍ਰੀਤ ਕੌਰ, ਪਰਮਵੀਰ ਸਿੰਘ, ਲਵਪ੍ਰੀਤ ਸਿੰਘ, ਸ. ਉਸਾਨਾਥਨ (ਸ੍ਰੀਲੰਕਾ), ਕੁੰਵਰਜੀਤ ਸਿੰਘ, ਅਭਿਨੈ, ਖੁਸ਼ੀ ਕੌਰ, ਪਰਵਿੰਦਰ ਸਿੰਘ, ਸ਼ੁਭਦੀਪ ਸਿੰਘ ਨੇ ਆਪਣੀ ਅਦਾਕਾਰੀ ਦੇ ਜੌਹਰ ਦਿਖਾਏ। ਸਟੇਜ ਦੇ ਪਿਛਲੇ ਹਿੱਸੇ ਵਿੱਚ ਪੁਨੀਤ ਸਿੰਘ, ਦਿਲਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਤਨਿਸ਼ ਬਾਂਸਲ, ਰਮਲਪ੍ਰੀਤ ਕੌਰ, ਕੀਰਤੀ ਬਾਂਸਲ ਨੇ ਆਪਣਾ ਸਹਿਯੋਗ ਦਿੱਤਾ।
ਨਾਟਕ ਦਾ ਸੰਗੀਤ ਕੰਵਰਦੀਪ ਸਿੰਘ, ਗੁਰਸੇਵਕ ਸਿੰਘ, ਜਸਕਰਨ ਸਿੰਘ ਅਤੇ ਜਸਨ ਸਿੰਘ ਨੇ ਤਿਆਰ ਕੀਤਾ ਹੈ। ਰੋਸ਼ਨੀ ਦਾ ਡਿਜ਼ਾਈਨ ਹਰਮੀਤ ਸਿੰਘ ਭੁੱਲਰ ਦਾ ਸੀ। ਪੇਸ਼ਕਾਰੀ ਦੇ ਅੰਤ ਵਿੱਚ ‘ਰੰਗਮੰਚ ਉਤਸਵ’ ਦੇ ਕੋਆਰਡੀਨੇਟਰ ਡਾ. ਜਸਪਾਲ ਦਿਉਲ ਵੱਲੋਂ ਦਰਸ਼ਕਾਂ ਦਾ ਇਸ ਉਤਸਵ ਨੂੰ ਸਫਲ ਬਣਾਉਣ ਲਈ ਧੰਨਵਾਦ ਕੀਤਾ ਗਿਆ।