ਮਾਲੇਰਕੋਟਲਾ : ਬੀਤੀ ਰਾਤ ਇਥੇ ਮਿਲਨ ਪੈਲੇਸ ਵਿਚ ਹਲਕਾ ਇੰਚਾਰਜ ਬੀਬਾ ਜ਼ਾਹਿਦਾ ਸੁਲੇਮਾਨ ਵਲੋਂ ਆਯੋਜਿਤ ਇਫ਼ਤਾਰ ਪਾਰਟੀ ਵਿਚ ਸ਼ਿਰਕਤ ਕਰਨ ਪੁੱਜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਹਜ਼ਾਰਾਂ ਰੋਜ਼ੇਦਾਰਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਜਦ ਤਕ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਹੈ, ਉਦੋਂ ਤਕ ਕਿਸੇ ਵੀ ਫ਼ਿਰਕੂ ਕਿਸਮ ਦੀ ਸਿਆਸੀ ਪਾਰਟੀ ਨੂੰ ਪੰਜਾਬ ਦਾ ਭਾਈਚਾਰਾ ਖ਼ਰਾਬ ਕਰਨ ਦੀ ਇਜਾਜ਼ਤ ਨਹੀਂ ਦਿਤੀ ਜਾਵੇਗੀ। ਸ਼੍ਰੋਮਣੀ ਅਕਾਲੀ ਦਲ ਸਮੁੱਚੇ ਪੰਜਾਬੀਆਂ ਦੀ ਅਪਣੀ ਪਾਰਟੀ ਹੈ ਜਿਹੜੇ ਸਾਰੇ ਧਰਮਾਂ ਅਤੇ ਭਾਈਚਾਰਿਆਂ ਦਾ ਆਦਰ-ਸਤਿਕਾਰ ਕਰਦੀ ਹੈ।
ਅਕਾਲੀ ਦਲ ਗੁਰੂ ਸਾਹਿਬਾਨ ਤੋਂ ਸੇਧ ਲੈ ਕੇ ਸਰਬੱਤ ਦੇ ਭਲੇ ਦੇ ਰਸਤੇ ਉਪਰ ਚਲਦੀ ਹੋਈ ਬਿਨਾਂ ਕਿਸੇ ਜ਼ਾਤ-ਮਜ਼ਹਬ ਤੋਂ ਸਮੁੱਚੀ ਮਾਨਵਤਾ ਨੂੰ ਨਾਲ ਲੈ ਕੇ ਚਲਦੀ ਹੈ। ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਦੇਸ਼ ਸਾਰਿਆਂ ਦਾ ਹੈ ਅਤੇ ਹਰ ਇਕ ਨੂੰ ਸਮਾਨ ਅਧਿਕਾਰ ਪ੍ਰਾਪਤ ਹਨ। ਜੇ ਕੋਈ ਫ਼ਿਰਕੂ ਪਾਰਟੀ ਇਸ ਦੇਸ਼ ਵਿਚ ਧਾਰਮਕ ਨਫ਼ਰਤ ਪੈਦਾ ਕਰਕੇ ਸਿਆਸੀ ਰੋਟੀਆਂ ਸੇਕਣਾ ਚਾਹੁੰਦੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਉਸ ਪਾਰਟੀ ਨੂੰ ਕਰਾਰਾ ਜਵਾਬ ਦੇਵੇਗਾ।
ਸ. ਸੁਖਬੀਰ ਸਿੰਘ ਬਾਦਲ ਅਪਣੇ ਪਿਤਾ ਸ. ਪ੍ਰਕਾਸ਼ ਸਿੰਘ ਬਾਦਲ ਦੀ ਮਾਲੇਰਕੋਟਲਾ ਵਾਸੀਆਂ ਨਾਲ ਸਾਂਝ ਨੂੰ ਯਾਦ ਕਰਦਿਆਂ ਭਾਵੁਕ ਹੋ ਗਏ ਅਤੇ ਕਿਹਾ ਕਿ ਅਕਾਲੀ ਦਲ ਦੇ ਸੱਤਾ ਵਿਚ ਆਉਂਦਿਆਂ ਹੀ ਮਾਲੇਰਕੋਟਲਾ ਦਾ ਵਿਸ਼ੇਸ਼ ਵਿਕਾਸ ਕੀਤਾ ਜਾਵੇਗਾ। ਸ. ਬਾਦਲ ਨੇ ਕਿਹਾ ਕਿ ਬੀਬਾ ਜ਼ਾਹਿਦਾ ਸੁਲੇਮਾਨ ਨੇ ਇਫ਼ਤਾਰ ਪਾਰਟੀ ਵਿਚ ਮੁਸਲਿਮ, ਸਿੱਖ, ਹਿੰਦੂ ਅਤੇ ਹੋਰ ਵੱਖ-ਵੱਖ ਧਰਮ ਦੇ ਲੋਕਾਂ ਨੂੰ ਇਕ ਮੰਚ ਉਪਰ ਇਕੱਠਾ ਕਰਕੇ ਬਹੁਤ ਵਧੀਆ ਤੇ ਸ਼ਲਾਘਾਯੋਗ ਉਪਰਾਲਾ ਕੀਤਾ ਹੈ। ਇਸ ਤੋਂ ਪਹਿਲਾਂ ਬੀਬਾ ਜ਼ਾਹਿਦਾ ਸੁਲੇਮਾਨ ਨੇ ਸ. ਬਾਦਲ ਨੂੰ ਜੀ ਆਇਆਂ ਆਖਦਿਆਂ ਰੋਜ਼ਾ ਇਫ਼ਤਾਰ ਪਾਰਟੀ ਵਿਚ ਸ਼ਾਮਲ ਹੋਣ ਲਈ ਧੰਨਵਾਦ ਕੀਤਾ।
ਲੋਕ ਸਭਾ ਹਲਕਾ ਸੰਗਰੂਰ ਦੇ ਇੰਚਾਰਜ ਸ. ਇਕਬਾਲ ਸਿੰਘ ਝੂੰਦਾਂ ਅਤੇ ਸਾਬਕਾ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ ਨੇ ਵੀ ਰੋਜ਼ੇਦਾਰਾਂ ਨੂੰ ਸੰਬੋਧਨ ਕਰਦਿਆਂ ਇਫ਼ਤਾਰ ਪਾਰਟੀ ਦੀ ਵਧਾਈ ਦਿਤੀ। ਜ਼ਿਕਰਯੋਗ ਹੈ ਕਿ ਬੀਬਾ ਜ਼ਾਹਿਦਾ ਸੁਲੇਮਾਨ ਦੀ ਅਗਵਾਈ ਹੇਠ ਹੋਈ ਇਹ ਇਫ਼ਤਾਰ ਪਾਰਟੀ ਅਪਣੇ-ਆਪ ਵਿਚ ਇਕ ਰਿਕਾਰਡ ਕਾਇਮ ਕਰ ਗਈ ਕਿਉਂਕਿ ਹਜ਼ਾਰਾਂ ਦੀ ਗਿਣਤੀ ਵਿਚ ਇਕੱਠੇ ਹੋਏ ਰੋਜ਼ੇਦਾਰਾਂ ਨੂੰ ਇਕੋ ਸਮੇਂ ਬਹੁਤ ਹੀ ਸੁਚੱਜੇ ਢੰਗ ਨਾਲ ਖਾਣਾ ਖੁਆਇਆ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਨ ਸਭਾ ਹਲਕਾ ਦਿੜਬਾ ਦੇ ਇੰਚਾਰਜ ਗੁਲਜ਼ਾਰੀ ਮੂਣਕ, ਹਲਕਾ ਮਹਿਲ ਕਲਾਂ ਦੇ ਇੰਚਾਰਜ ਨਾਥ ਸਿੰਘ ਹਮੀਦੀ, ਹਲਕਾ ਸੰਗਰੂਰ ਦੇ ਇੰਚਾਰਜ ਸ. ਵਿਨਰਜੀਤ ਸਿੰਘ ਗੋਲਡੀ, ਹਲਕਾ ਸੁਨਾਮ ਦੇ ਇੰਚਾਰਜ ਸ੍ਰੀ ਰਾਜਿੰਦਰ ਦੀਪਾ, ਹਲਕਾ ਬਰਨਾਲਾ ਦੇ ਇੰਚਾਰਜ ਸ. ਕੁਲਵੰਤ ਸਿੰਘ ਕੀਤੂ, ਸਾਬਕਾ ਵਿਧਾਇਕ ਸ. ਗਗਨਜੀਤ ਸਿੰਘ ਬਰਨਾਲਾ, ਰੀਅਲ ਫ਼ਲੇਵਰਜ਼ ਮੀਡੀਆ ਗਰੁਪ ਦੇ ਐਮ.ਡੀ. ਸ੍ਰੀ ਦੁਰਗੇਸ਼ ਗਾਜਰੀ, ਜ਼ਿਲ੍ਹਾ ਮਾਲੇਰਕੋਟਲਾ ਦੇ ਪ੍ਰਧਾਨ ਸ. ਤਰਲੋਚਨ ਸਿੰਘ ਧਲੇਰ, ਚੌਧਰੀ ਖ਼ੁਸ਼ੀ ਮੁਹੰਮਦ ਪੋਪਾ, ਚੌਧਰੀ ਮੁਹੰਮਦ ਸੁਲੇਮਾਨ ਨੋਨਾ, ਚੌਧਰੀ ਮੁਹੰਮਦ ਸ਼ਮਸ਼ਾਦ, ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਚੌਧਰੀ ਮੁਹੰਮਦ ਸਦੀਕ, ਕਾਕਾ ਚੌਧਰੀ, ਸ਼ਹਿਰੀ ਸਰਕਲ ਪ੍ਰਧਾਨ ਇਕਬਾਲ ਬਾਲਾ, ਮਹਿਬੂਬ ਆਲਮ, ਦਿਹਾਤੀ ਸਰਕਲ ਪ੍ਰਧਾਨ ਸ. ਮਨਦੀਪ ਸਿੰਘ ਮਾਣਕਵਾਲ, ਸ. ਰਾਜਪਾਲ ਸਿੰਘ ਰਾਜੂ ਚੱਕ, ਇਕਬਾਲ ਮੁਹੰਮਦ, ਡਾ. ਸਿਰਾਜ ਚੱਕ, ਤੁਫ਼ੈਲ ਮਲਿਕ, ਮੇਘ ਸਿੰਘ ਗੁਆਰਾ, ਹਰਦੇਵ ਸਿੰਘ ਸਹੇਕੇ, ਸ. ਜਸਬੀਰ ਸਿੰਘ ਦਿਉਲ, ਸ. ਦਰਸ਼ਨ ਸਿੰਘ ਝਨੇਰ, ਡਾ. ਜੱਗੀ, ਐਡਵੋਕੇਟ ਪ੍ਰਵੇਜ਼ ਅਖ਼ਤਰ, ਐਡਵੋਕੇਟ ਇੰਦਰਜੀਤ ਸਿੰਘ ਢੀਂਡਸਾ, ਐਡਵੋਕੇਟ ਪ੍ਰਿਤਪਾਲ ਕੌਸ਼ਿਕ, ਮੁਹੰਮਦ ਮੁਮਤਾਜ਼ ਟੋਨੀ, ਜ਼ਿਲ੍ਹਾ ਯੂਥ ਸ਼ਹਿਰੀ ਪ੍ਰਧਾਨ ਖਿ਼ਜ਼ਰ ਅਲੀ ਖ਼ਾਨ, ਜ਼ਿਲ੍ਹਾ ਯੂਥ ਦਿਹਾਤੀ ਪ੍ਰਧਾਨ ਇਰਫ਼ਾਨ ਰੋਹੀੜਾ, ਆਜ਼ਾਦ ਸਿਦੀਕੀ, ਮੁਹੰਮਦ ਅਸਲਮ ਰਾਜਾ, ਚੌਧਰੀ ਇਲਮਦੀਨ ਮੁਨੀਮ, ਮੁਹੰਮ ਜਮੀਲ ਕਾਨੂੰਗੋ, ਸ੍ਰੀ ਰਜਨੀਸ਼ ਰਿੱਖੀ, ਹਾਜੀ ਸ਼ੌਕਤ ਅਲੀ, ਯੂਥ ਆਗੂ ਅਬਦੁਲ ਰਹਿਮਾਨ, ਸ੍ਰੀਰਾਮ ਆਹਨਖੇੜੀ ਅਤੇ ਕਾਲਾ ਕੁਠਾਲਾ ਸਣੇ ਹਜ਼ਾਰਾਂ ਦੀ ਗਿਣਤੀ ਵਿਚ ਅਕਾਲੀ ਵਰਕਰਾਂ ਨੇ ਇਫ਼ਤਾਰ ਪਾਰਟੀ ਵਿਚ ਸ਼ਿਰਕਤ ਕੀਤੀ। ਸਟੇਜ ਸਕੱਤਰ ਦੀ ਭੂਮਿਕਾ ਸਾਬਕਾ ਸ਼ਹਿਰੀ ਪ੍ਰਧਾਨ ਮੁਹੰਮਦ ਸਫ਼ੀਕ ਚੌਹਾਨ ਨੇ ਬਾਖ਼ੂਬੀ ਨਿਭਾਈ।