ਪਟਿਆਲਾ : ਲੋਕ ਸਭਾ ਚੋਣਾਂ ਲਈ ਆਪਣੀ ਤਿਆਰੀ ਨੂੰ ਹੋਰ ਤੇਜ਼ ਕਰਦੇ ਹੋਏ ਭਾਜਪਾ ਦੇ ਪਟਿਆਲਾ ਤੋਂ ਉਮੀਦਵਾਰ ਤੇ ਲੋਕਸਭਾ ਮੈਂਬਰ ਪ੍ਰਨੀਤ ਕੌਰ ਨੇ ਸੋਮਵਾਰ ਨੂੰ ਜ਼ਿਲ੍ਹੇ ਭਰ ਦੇ ਵੱਖ-ਵੱਖ ਇਲਾਕਿਆਂ ਤੋਂ 500 ਤੋਂ ਉਪਰ ਲੋਕਾਂ ਨੂੰ ਭਾਜਪਾ ਵਿੱਚ ਸ਼ਾਮਿਲ ਕੀਤਾ। ਇਨ੍ਹਾਂ ਲੋਕਾਂ ਨੂੰ ਭਾਜਪਾ ਨੂੰ ਸ਼ਾਮਿਲ ਕਰਨ ਤੋਂ ਬਾਅਦ ਖੁਸ਼ੀ ਜ਼ਾਹਿਰ ਕਰਦਿਆਂ ਪ੍ਰਨੀਤ ਕੌਰ ਨੇ ਕਿਹਾ, "ਇਹ ਲੋਕਾਂ ਦਾ ਅਥਾਹ ਪਿਆਰ ਨਾਂ ਸਿਰਫ਼ ਕੈਪਟਨ ਅਮਰਿੰਦਰ ਸਿੰਘ ਜੀ ਅਤੇ ਸਾਡੇ ਪਰਿਵਾਰ ਵਲੋਂ ਸਾਲਾਂ ਤੋਂ ਪਟਿਆਲਾ ਲਈ ਕੀਤੇ ਕੰਮਾਂ ਦਾ ਪ੍ਰਮਾਣ ਹੈ ਸਗੋਂ ਇਸਦੇ ਨਾਲ ਹੀ ਪ੍ਰਧਾਨਮੰਤਰੀ ਮੋਦੀ ਜੀ ਦੀ ਬਾਹਾਂ ਨੂੰ ਹੋਰ ਮਜ਼ਬੂਤ ਕਰਨ ਦਾ ਉਤਸ਼ਾਹ ਵੀ ਹੈ। ਲੋਕ ਆਪ ਮੁਹਾਰੇ ਰੋਜ਼ ਭਾਰਤੀ ਜਨਤਾ ਪਾਰਟੀ ਦਾ ਪੱਲੜਾ ਫ਼ੜ ਰਹੇ ਹਨ ਅਤੇ ਦੁਨੀਆਂ ਦੀ ਸਭ ਤੋਂ ਵੱਡੀ ਪਾਰਟੀ ਦਾ ਹਿੱਸਾ ਬਣਨ ਦੇ ਚਾਹਵਾਨ ਹਨ।"
ਪਟਿਆਲਾ ਦੇ ਮੋਤੀ ਬਾਗ਼ ਸਥਿਤ ਉਨ੍ਹਾਂ ਦੀ ਰਿਹਾਇਸ਼ ਤੇ ਪਹੁੰਚੇ ਲੋਕਾਂ ਨੇ ਆਪੋ-ਆਪਣੇ ਸੰਬੋਧਨ ਵਿੱਚ ਕਿਹਾ ਕਿ ਇਸ ਵਾਰ ਉਹ ਆਪਣੀ ਇੱਕ-ਇੱਕ ਕੀਮਤੀ ਵੋਟ ਪ੍ਰਨੀਤ ਕੌਰ ਨੂੰ ਦੇਣਗੇ, ਜੋ ਇਮਾਨਦਾਰ ਸੋਚ ਰੱਖਣ ਵਾਲੇ ਹਨ ਅਤੇ ਜ਼ਿਲ੍ਹੇ ਵਿੱਚ ਮਜ਼ਬੂਤੀ ਨਾਲ ਦਮਦਾਰ ਕੰਮ ਕਰਦੇ ਆ ਰਹੇ ਹਨ। ਉਨ੍ਹਾਂ ਅੱਗੇ ਇਹ ਵੀ ਕਿਹਾ ਕਿ, ਹੁਣ ਤੱਕ ਜਿਸ ਵੀ ਸਿਆਸੀ ਪਾਰਟੀ ਨੇ ਆਪਣਾ ਉਮੀਦਵਾਰ ਐਲਾਨਿਆ ਹੈ, ਕੋਈ ਵੀ ਉਮੀਦਵਾਰ ਮਹਾਰਾਣੀ ਪ੍ਰਨੀਤ ਕੌਰ ਦਾ ਮੁਕਾਬਲੇ ਦਾ ਨਹੀਂ ਹੈ। ਖੇੜੀ ਬਰਨਾਂ ਦੇ ਸਰਪੰਚ ਬਲਵਿੰਦਰ ਸਿੰਘ ਨੇ ਕਿਹਾ ਕਿ ਇਲਾਕੇ ਦੇ ਲੋਕ ਜਾਣਦੇ ਹਨ ਕਿ ਇਹ ਕੇਵਲ ਪ੍ਰਨੀਤ ਕੌਰ ਹੀ ਹਨ, ਜਿਸ ਨੇ ਇਲਾਕੇ ਦੇ ਲੋਕਾਂ ਦੇ ਦਰਦ ਨੂੰ ਸਮਝਦਿਆਂ ਘੱਗਰ ਦੇ ਸਥਾਈ ਹੱਲ ਦੀ ਫਾਈਲ ਕੇਂਦਰ ਸਰਕਾਰ ਕੋਲ ਪਹੁੰਚਾ ਕੇ ਅੰਤਿਮ ਛੋਹਾਂ ਦਿੱਤੀਆਂ ਹਨ। ਸੋਮਵਾਰ ਨੂੰ ਸਮਾਣਾ, ਰਾਜਪੁਰਾ ਅਤੇ ਡੇਰਾਬਸੀ ਦੇ ਪਿੰਡ ਰੌਣੀ, ਇੰਦਰਪੁਰਾ, ਖੇੜੀ ਮਾਨੀਆਂ, ਗਾਜ਼ੀਪੁਰ, ਮਵੀ ਸੱਪਾਂ, ਦਦਹੇੜਾ, ਡਰੌਲੀ, ਦੁੱਲੜ, ਲਾਛੜੂ, ਸੱਸਾਂ ਗੁੱਜਰਾਂ ਆਦਿ ਪਿੰਡਾਂ ਤੋਂ ਲੋਕਾਂ ਨੇ ਆਕੇ ਪ੍ਰਨੀਤ ਕੌਰ ਜੀ ਦੀ ਹਾਜ਼ਰੀ ਵਿਚ ਪਾਰਟੀ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਸਮਸ਼ੇਰ ਸਿੰਘ, ਪਿੰਡ ਖੇੜੀ ਬਰਨਾ ਦੇ ਸਰਪੰਚ ਬਲਵਿੰਦਰ ਸਿੰਘ, ਡੇਰਾਬਸੀ ਤੋਂ ਸੁਨੀਲ ਅਰੋੜਾ, ਹਰਪ੍ਰੀਤ, ਗੁਰਪ੍ਰੀਤ ਸਿੰਘ ਰੌਣੀ, ਅਮਰਜੀਤ ਸਿੰਘ, ਸੁਖਪਾਲ ਸਿੰਘ, ਹਰਮੇਸ਼ ਕੁਮਾਰ, ਮੇਹਰ ਸਿੰਘ ਆਦਿ ਮੁੱਖ ਤੌਰ 'ਤੇ ਹਾਜ਼ਰ ਸਨ।