ਪਟਿਆਲਾ : ਆਗਾਮੀ ਲੋਕ ਸਭਾ ਚੋਣਾਂ ਦੌਰਾਨ 100 ਫ਼ੀਸਦੀ ਵੋਟਰਾਂ ਦੀ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਚੋਣ ਅਫ਼ਸਰ -ਕਮ- ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹੇ ਭਰ ਵਿੱਚ ਅਪ੍ਰੈਲ ਮਹੀਨੇ ਅੰਦਰ ਕੀਤੀਆਂ ਜਾਣ ਵਾਲੀਆਂ ਸਵੀਪ ਗਤੀਵਿਧੀਆਂ ਦੀ ਸਮਾਂ ਸਾਰਣੀ ਜਾਰੀ ਕੀਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਮੈਡਮ ਕੰਚਨ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦੇ ਵੋਟਰਾਂ ਨੂੰ ਆਪਣੇ ਵੋਟ ਦੇ ਹੱਕ ਦੀ ਵਰਤੋਂ ਪ੍ਰਤੀ ਜਾਗਰੂਕ ਕਰਨ ਲਈ ਲਗਾਤਾਰ ਸਵੀਪ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਅਪ੍ਰੈਲ ਮਹੀਨੇ ਵਿੱਚ ਜ਼ਿਲ੍ਹੇ ਦੇ ਸਾਰੇ ਹਲਕਿਆਂ ਵਿੱਚ ਸਕੂਲਾਂ ਵਿੱਚ ਬਣੇ ਈ.ਐਲ.ਸੀ ਕਲੱਬਾਂ ਦੇ ਮੈਂਬਰਾਂ ਅਤੇ ਐਨ.ਐਸ.ਐਸ ਵਲੰਟੀਅਰਜ਼ ਵੱਲੋਂ ਪੋਲਿੰਗ ਬੂਥਾਂ ’ਤੇ ਵੋਟਰਾਂ ਨੂੰ ਆਪਣੀ 100 ਫ਼ੀਸਦੀ ਭਾਗੀਦਾਰੀ ਲਈ ਜਾਗਰੂਕ ਕੀਤਾ ਜਾਵੇਗਾ।
ਜ਼ਿਲ੍ਹਾ ਆਈਕਨਜ਼ ਵੱਲੋਂ ਵੋਟਰ ਜਾਗਰੂਕਤਾ ਸਬੰਧੀ ਆਪਣੇ ਵੀਡੀਓ ਸੰਦੇਸ਼ ਰਾਹੀਂ ਸੋਸ਼ਲ ਮੀਡੀਆ ਰਾਹੀਂ ਵੋਟਰਾਂ ਨੂੰ ਆਪਣੇ ਵੋਟ ਦੇ ਹੱਕ ਪ੍ਰਤੀ ਸੁਚੇਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪਿਛਲੀਆਂ ਚੋਣਾਂ ਦੌਰਾਨ ਘੱਟ ਵੋਟ ਪ੍ਰਤੀਸ਼ਤ ਵਾਲੇ ਖੇਤਰਾਂ ਵਿੱਚ ਸਵੀਪ ਟੀਮ ਵੱਲੋਂ ਵਿਸ਼ੇਸ਼ ਧਿਆਨ ਕੇਂਦਰਿਤ ਕਰਦਿਆਂ ਉਥੇ ਨੁੱਕੜ ਕਰਵਾਏ ਜਾਣਗੇ।
ਇਸ ਤੋਂ ਇਲਾਵਾ ਸ਼ਹਿਰਾਂ ਅਤੇ ਮਾਰਕੀਟ ਕਮੇਟੀਆਂ ਅਧੀਨ ਵੱਖ ਵੱਖ ਸਥਾਨਾਂ ’ਤੇ ਹਫ਼ਤਾਵਾਰੀ ਲੱਗਣ ਵਾਲੀਆ ਸਬਜ਼ੀ ਮੰਡੀਆਂ ਵਿੱਚ ਵਿਸ਼ੇਸ਼ ਵੋਟਰ ਜਾਗਰੂਕਤਾ ਕੈਂਪ ਲਗਾਏ ਜਾਣਗੇਦਿਵਿਆਂਗਜਨਾਂ ਦੀ ਚੋਣ ਪ੍ਰਕਿਰਿਆ ਵਿੱਚ 100 ਫ਼ੀਸਦੀ ਭਾਗੀਦਾਰੀ ਯਕੀਨੀ ਬਣਾਉਣ ਲਈ ਜ਼ਿਲ੍ਹਾ ਆਈਕਨਜ਼ ਅਤੇ ਐਨ.ਜੀ.ਓਜ ਨਾਲ ਤਾਲਮੇਲ ਮੀਟਿੰਗਾਂ ਵੀ ਕੀਤੀਆਂ ਜਾਣਗੀਆਂ।
ਸਕੂਲਾਂ ਅਤੇ ਕਾਲਜਾਂ ਵਿੱਚ ਚੋਣਾਂ ਸਬੰਧੀ ਰੰਗੋਲੀ, ਪੇਂਟਿੰਗ, ਸਲੋਗਨ, ਵੋਟਰ ਪ੍ਰਣ, ਹਿਊਮਨ ਚੈਨ ਵਰਗੀਆਂ ਗਤੀਵਿਧੀਆਂ ਕਰਵਾ ਕੇ ਵੋਟ ਦੀ ਅਹਿਮੀਅਤ ਸਬੰਧੀ ਨੌਜਵਾਨਾਂ ਦੀ ਭਾਗੀਦਾਰੀ ਨੂੰ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਹਰੇਕ ਵੋਟਰ ਤੱਕ ਪਹੁੰਚ ਬਣਾਉਣ ਲਈ ਆਸ਼ਾ ਵਰਕਰਾਂ ਦੇ ਸਹਿਯੋਗ ਨਾਲ ਘਰ ਘਰ ਤੱਕ ਪਹੁੰਚ ਬਣਾਈ ਜਾਵੇਗੀ।