ਪਟਿਆਲਾ : ‘ਮੇਰਾ ਪਹਿਲਾ ਵੋਟ ਦੇਸ਼ ਦੇ ਲਈ’ ਲੜੀ ਤਹਿਤ ਪੰਜਾਬੀ ਯੂਨੀਵਰਸਿਟੀ ਦੇ ਐੱਨ. ਐੱਸ. ਐੱਸ. ਵਿਭਾਗ ਵੱਲੋਂ ਜਾਗਰੂਕਤਾ ਭਾਸ਼ਣ ਕਰਵਾਇਆ ਗਿਆ। ਕੋਆਰਡੀਨੇਟਰ ਡਾ. ਮਮਤਾ ਸ਼ਰਮਾ ਨੇ ਦੱਸਿਆ ਕਿ ਵੋਟ ਦੀ ਮਹੱਤਤਾ ਬਾਰੇ ਨਵੇਂ ਵੋਟਰਾਂ ਨੂੰ ਜਾਗਰੂਕ ਕਰਨ ਲਈ ਇਹ ਇਸ ਲੜੀ ਦਾ ਦੂਜਾ ਭਾਸ਼ਣ ਸੀ। 10 ਮਿੰਟ ਦਾ ਇਹ ਭਾਸ਼ਣ ਰਾਜਨੀਤੀ ਸ਼ਾਸਤਰ ਵਿਭਾਗ ਵਿਚ ਕਰਵਾਇਆ ਗਿਆ ਜੋ ਡਾ. ਪੂਜਾ ਸ਼ਰਮਾ ਸਿੰਘ ਨੇ ਦਿੱਤਾ। ਡਾ. ਪੂਜਾ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਆਪਣੀ ਵੋਟ ਦੀ ਮਹੱਤਤਾ ਬਾਰੇ ਜਾਗਰੂਕ ਹੋਣਾ ਚਾਹੀਦਾ ਹੈ ਅਤੇ ਆਪਣੀ ਵੋਟ ਦੀ ਵਰਤੋਂ ਅਪਣੇ ਦੇਸ਼ ਦੇ ਸੁਨਹਿਰੀ ਭਵਿੱਖ ਲਈ ਕਰਦੇ ਹੋਏ ਦੇਸ ਦੀ ਤਰੱਕੀ ਦੇ ਰਾਹ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ।
ਇਸ ਮੌਕੇ ਤੇ ਐੱਨ. ਐੱਸ. ਐੱਸ. ਵਲੰਟੀਅਰ ਸੁਪ੍ਰੀਆ ਨੇ ਸਾਰੇ ਵਿਦਿਆਰਥੀਆਂ ਨੂੰ ਆਪਣਾ ਪਹਿਲਾਂ ਵੋਟ ਦੇਸ ਦੇ ਲਈ ਪਾਉਣ ਪ੍ਰਤੀ ਪ੍ਰੇਰਿਤ ਕੀਤਾ। ਉਨ੍ਹਾਂ ਇਹ ਵੀ ਦੱਸਿਆ ਕਿ ਕਲਾਸ ਦੇ ਇਕ ਵਿਦਿਆਰਥੀ ਇੰਦਰਜੀਤ ਸਿੰਘ ਨੇ ਅਜਿਹੇ ਪ੍ਰੋਗਰਾਮਾਂ ਤੋਂ ਪ੍ਰੇਰਿਤ ਹੋ ਕੇ ਅਪਣੀ ਵੋਟ ਬਣਾ ਲਈ ਹੈ।
ਡਾ ਮਮਤਾ ਸ਼ਰਮਾ ਨੇ ਇਸ ਲੜੀ ਤਹਿਤ ਕਰਵਾਏ ਜਾਣ ਵਾਲੇ ਪ੍ਰੋਗਰਾਮਾਂ ਲਈ ਪ੍ਰੋਗਰਾਮ ਅਫ਼ਸਰ ਡਾ. ਲਖਵੀਰ ਸਿੰਘ ਦੀ ਹੌਸਲਾ ਅਫਜਾਈ ਕੀਤੀ। ਇਸ ਛੋਟੇ ਜਿਹੇ ਜਾਗਰੂਕਤਾ ਲੈਕਚਰ ਦਾ ਮੁੱਖ ਮਕਸਦ ਨੌਜਵਾਨ ਵਿਦਿਅਰਥੀਆਂ ਨੂੰ ਚੋਣਾਂ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਲਈ ਉਤਸ਼ਾਹਿਤ ਕਰਨਾ ਅਤੇ ਨਵ ਵੋਟਰਾਂ ਨੂੰ ਜਾਗਰੂਕ ਕਰਨਾ ਸੀ।ਇਸ ਜਾਗਰੂਕਤਾ ਭਾਸ਼ਣ ਵਿਚ ਲਗਭਗ 25 ਵਲੰਟੀਅਰਾਂ ਅਤੇ ਰਾਜਨੀਤੀ ਸ਼ਾਸਤਰ ਵਿਭਾਗ ਦੇ ਵਿਦਿਆਰਥੀਆਂ ਨੇ ਭਾਗ ਲਿਆ।