ਐਮ.ਪੀ. ਸਿਮਰਨਜੀਤ ਸਿੰਘ ਮਾਨ ਨੇ ਜ਼ਿਲ੍ਹਾ ਮਾਲੇਰਕੋਟਲਾ ਦੇ ਵੱਖ-ਵੱਖ ਪਿੰਡਾਂ ਵਿੱਚ ਕੀਤੇ ਸੰਗਤ ਦਰਸ਼ਨ
ਮਾਲੇਰਕੋਟਲਾ : ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਨੇ ਅੱਜ ਜ਼ਿਲ੍ਹਾ ਮਾਲੇਰਕੋਟਲਾ ਦੇ ਪਿੰਡ ਮਹੋਲੀ ਖੁਰਦ, ਮਹੋਲੀ ਕਲਾਂ, ਬਿਸ਼ਨਗੜ੍ਹ, ਸ਼ੇਰਗੜ੍ਹ ਚੀਮਾ, ਸਿਕੰਦਰਪੁਰਾ ਅਤੇ ਭੂਦਨ ਵਿਖੇ ਸੰਗਤ ਦਰਸ਼ਨ ਕੀਤੇ | ਇਸ ਦੌਰਾਨ ਐਮ.ਪੀ. ਸੰਗਰੂਰ ਦਾ ਪਿੰਡਾਂ ਦੇ ਲੋਕਾਂ ਵੱਲੋਂ ਵੱਖ-ਵੱਖ ਥਾਵਾਂ 'ਤੇ ਸ਼ਾਨਦਾਰ ਸਵਾਗਤ ਕੀਤਾ ਗਿਆ | ਵੱਖ-ਵੱਖ ਪਿੰਡ ਵਿੱਚ ਭਰਵੇਂ ਇਕੱਠਾ ਨੂੰ ਸੰਬੋਧਨ ਕਰਦਿਆਂ ਸ. ਮਾਨ ਨੇ ਕਿਹਾ ਕਿ ਹਲਕੇ ਦੇ ਲੋਕਾਂ ਦਾ ਪਿਆਰ, ਸਤਿਕਾਰ ਅਤੇ ਸਾਥ ਹੀ ਮੇਰਾ ਹੌਂਸਲਾ ਹੈ, ਜਿਸਦੇ ਚੱਲਦਿਆਂ ਉਹ ਹਲਕੇ ਦੀ ਤਰੱਕੀ ਲਈ ਕੇਂਦਰ ਤੋਂ ਅਨੇਕਾਂ ਪ੍ਰੋਜੈਕਟ ਮੰਨਜੂਰ ਕਰਵਾਉਣ ਵਿੱਚ ਸਫਲ ਹੋਏ ਹਨ | ਸ. ਮਾਨ ਨੇ ਦੱਸਿਆ ਕਿ ਜ਼ਿਲ੍ਹਾ ਮਾਲੇਰਕੋਟਲਾ ਦੇ ਮੁਕੰਮਲ ਬਿਜਲੀ ਨਵੀਨੀਕਰਨ ਲਈ 53 ਕਰੋੜ ਰੁਪਏ ਦੀ ਰਾਸ਼ੀ ਮੰਨਜੂਰ ਕਰਵਾਈ ਗਈ ਹੈ, ਜਿਸ ਨਾਲ ਜ਼ਿਲ੍ਹੇ ਦੇ ਲੋਕਾਂ ਦੀਆਂ ਬਿਜਲੀ ਨਾਲ ਸਬੰਧਤ ਸਾਰੀਆਂ ਮੁਸ਼ਕਿਲਾ ਹੱਲ ਹੋ ਜਾਵੇਗਾ | ਜਿੱਥੇ ਲੰਬੇ ਲੰਬੇ ਬਿਜਲੀ ਦੇ ਕੱਟਾਂ ਤੋਂ ਛੁਟਕਾਰਾ ਮਿਲੇਗਾ, ਉੱਥੇ ਹੀ ਸਪਾਰਕਿੰਗ ਕਰਕੇ ਹੋਣ ਵਾਲੇ ਹਾਦਸਿਆਂ ਤੋਂ ਵੀ ਬਚਾਅ ਹੋਵੇਗਾ | ਬਿਨ੍ਹਾਂ ਪੱਖਪਾਤ ਤੋਂ ਧਰਮਸ਼ਾਲਾਵਾਂ, ਕਬਰਸਤਾਨਾਂ, ਸ਼ਮਸ਼ਾਨ ਘਾਟ, ਗਊਸ਼ਾਲਾਵਾਂ, ਖੇਡ ਮੈਦਾਨ ਦੇ ਨਿਰਮਾਣ, ਪੀਣ ਵਾਲੇ ਪਾਣੀ ਦਾ ਪ੍ਰਬੰਧ, ਛੱਪੜਾ ਨੂੰ ਪੱਕਾ ਕਰਵਾਉਣ, ਬੱਸ ਅੱਡਿਆਂ ਦੀ ਉਸਾਰੀ ਸਮੇਤ ਹੋਰਨਾਂ ਅਨੇਕਾਂ ਵਿਕਾਸ ਕਾਰਜਾਂ ਲਈ ਗ੍ਰਾਂਟਾ ਦੇ ਖੁੱਲੇ ਗੱਫੇ ਵੰਡੇ ਗਏ ਹਨ | ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਪਿੰਡ ਪਿੰਡ ਜਾ ਕੇ ਖੇਡ ਕਿੱਟਾਂ ਅਤੇ ਜਿੰਮ ਦਿੱਤੇ ਗਏ ਹਨ | ਜ਼ਿਲ੍ਹੇ ਦੇ ਵੱਡੀ ਗਿਣਤੀ ਅੰਗਹੀਣਾ ਨੂੰ ਨਕਲੀ ਅੰਗ, ਮੋਟਰਰਾਈਜਡ ਟ੍ਰਾਈਸਾਈਕਲਾਂ ਸਮੇਤ ਹੋਰ ਉਪਕਰਨ ਵੰਡੇ ਗਏ ਹਨ | ਇਸ ਤੋਂ ਇਲਾਵਾ ਲੋਕਾਂ ਨਾਲ ਸਰਕਾਰ ਵੱਲੋਂ ਕੀਤੀ ਜਾਣ ਵਾਲੀ ਹਰ ਧੱਕੇਸ਼ਾਹੀ ਵਿਰੁੱਧ ਹਮੇਸ਼ਾ ਆਵਾਜ ਬੁਲੰਦ ਕੀਤੀ ਗਈ ਹੈ | ਸਿੱਖ ਤੇ ਮੁਸਲਮਾਨਾਂ ਸਮੇਤ ਸਮੁੱਚੇ ਘੱਟ ਗਿਣਤੀ ਵਰਗਾਂ ਦੇ ਹੱਕ ਵਿੱਚ ਸਮੇਂ- ਸਮੇਂ 'ਤੇ ਆਵਾਜ ਉਠਾ ਕੇ ਬਰਾਬਰ ਦੇ ਹੱਕ ਦੇਣ ਦੀ ਮੰਗ ਕੀਤੀ ਗਈ ਹੈ | ਸ. ਮਾਨ ਨੇ ਦੱਸਿਆ ਕਿ ਜਲਦੀ ਹੀ ਮਾਲੇਰਕੋਟਲਾ ਵਿਖੇ ਮਹਰੂਮ ਨਵਾਬ ਸ਼ੇਰ ਮੁਹੰਮਦ ਖਾਨ ਦੀ ਯਾਦ ਨੂੰ ਤਾਜਾ ਰੱਖਣ ਲਈ ਇੱਕ ਚੌਕ ਬਣਾਇਆ ਜਾ ਰਿਹਾ ਹੈ, ਜਿਸਨੂੰ ਜਲਦੀ ਹੀ ਕੰਮ ਮੁਕੰਮਲ ਕਰਵਾ ਕੇ ਮਾਲੇਰਕੋਟਲਾ ਨਿਵਾਸੀਆਂ ਦੇ ਸੁਪਰਦ ਕਰ ਦਿੱਤਾ ਜਾਵੇਗਾ | ਇਸ ਚੌਕ ਦੇ ਨਿਰਮਾਣ ਨਾਲ ਜਿੱਥੇ ਹਮੇਸ਼ਾ ਨਵਾਬ ਸ਼ੇਰ ਮੁਹੰਮਦ ਖਾਨ ਦੀ ਯਾਦ ਤਾਜਾ ਬਣੀ ਰਹੇਗੀ, ਉੱਥੇ ਹੀ ਚੌਕ ਨਾ ਹੋਣ ਕਰਕੇ ਹੋਣ ਵਾਲੇ ਹਾਦਸਿਆਂ ਤੋਂ ਵੀ ਬਚਾਅ ਹੋਵੇਗਾ | ਸ. ਮਾਨ ਨੇ ਕਿਹਾ ਕਿ ਉਨ੍ਹਾਂ ਨੇ ਪਿਛਲੇ ਡੇਢ ਸਾਲ ਦੇ ਕਾਰਜਕਾਲ ਦੌਰਾਨ ਹਲਕੇ ਦੇ ਵਿਕਾਸ ਅਤੇ ਖੁਸ਼ਹਾਲੀ ਲਈ ਹਰ ਸੰਭਵ ਕੋਸ਼ਿਸ਼ ਕੀਤੀ ਹੈ | ਸਮੇਂ ਤੇ ਪੈਸੇ ਦੀ ਘਾਟ ਕਰਕੇ ਜੋ ਕੰਮ ਅਧੂਰੇ ਰਹਿ ਗਏ ਹਨ, ਉਨ੍ਹਾਂ ਨੂੰ ਆਉਣ ਵਾਲੇ ਸਮੇਂ ਵਿੱਚ ਪਹਿਲ ਦੇ ਆਧਾਰ 'ਤੇ ਪੂਰਾ ਕੀਤਾ ਜਾਵੇਗਾ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਹਰਦੇਵ ਸਿੰਘ ਪੱਪੂ ਕਲਿਆਣ, ਯੂਥ ਆਗੂ ਸੁਖਵਿੰਦਰ ਸਿੰਘ ਬਿਸ਼ਨਗੜ੍ਹ, ਗੁਰਵਿੰਦਰ ਸਿੰਘ, ਮੋਰ ਸਿੰਘ, ਗੁਰਮੁੱਖ ਸਿੰਘ ਸਰਪੰਚ, ਸਰਪੰਚ ਬਲਵੀਰ ਸਿੰਘ ਮਹੋਲੀ ਖੁਰਦ, ਤਰਕਸ਼ਦੀਪ ਸਿੰਘ ਥਿੰਦ, ਅਵਤਾਰ ਸਿੰਘ ਚੱਕ, ਮਿੰਦਰ ਸਿੰਘ ਥਿੰਦ ਬਿਸ਼ਨਗੜ੍ਹ, ਦਿਲਵਰ ਖਾਂ ਬਿਸ਼ਨਗੜ੍ਹ, ਪਿ੍ਤਪਾਲ ਸਿੰਘ ਬਾਪਲਾ, ਨਗਾਈਆ ਸਿੰਘ ਸੰਦੋੜ, ਸੁਖਵਿੰਦਰ ਸਿੰਘ ਝੁਨੇਰ, ਨਿੰਦਾ ਉਂਪਲ, ਹੈਪੀ ਥਿੰਦ, ਹੈਦਰ ਢੱਡੇਆਣਾ, ਲਾਲੂ ਬਾਬਾ ਦਹਿਲੀਜ ਕਲਾਂ, ਮਿੱਠੂ ਖਾਂ, ਹਰਪ੍ਰੀਤ ਉੱਪਲ, ਉਪਿੰਦਰਪ੍ਰਤਾਪ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਆਗੂ ਅਤੇ ਵਰਕਰ ਹਾਜਰ ਸਨ |