ਪਟਿਆਲਾ : ਲੋਕ ਸਭਾ ਸੀਟ ਪਟਿਆਲਾ ਤੋਂ ਭਾਜਪਾ ਦੇ ਉਮੀਦਵਾਰ ਪ੍ਰਨੀਤ ਕੌਰ ਨੇ ਕਿਹਾ ਕਿ ਆਪਣੀਆਂ ਮੰਗਾਂ ਲਈ ਵਿਰੋਧ ਪ੍ਰਦਰਸ਼ਨ ਕਰਨਾ ਕਿਸਾਨਾਂ ਦਾ ਜਮਹੂਰੀ ਹੱਕ ਹੈ। ਉਨ੍ਹਾਂ ਕਿਹਾ ਕਿ ਕਿਸਾਨ ਆਪਣੀਆਂ ਮੰਗਾਂ ਰੱਖ ਰਹੇ ਹਨ ਜਦੋਂ ਕਿ ਉਹ ਆਪਣੀ ਪਾਰਟੀ ਦੀਆਂ ਨੀਤੀਆਂ ਤੇ ਕੀਤੇ ਕੰਮ ਲੈ ਕੇ ਲੋਕਾਂ ’ਚ ਜਾ ਰਹੇ ਹਨ।ਪ੍ਰਨੀਤ ਕੌਰ ਨੇ ਕਿਹਾ ਕਿ ਉਹ ਕਈ ਵਾਰ ਕਿਸਾਨਾਂ ਦੇ ਮਸਲਿਆਂ ਸਬੰਧੀ ਕੇਂਦਰ ਸਰਕਾਰ ਨਾਲ ਗੱਲਬਾਤ ਕਰ ਚੁੱਕੇ ਹਨ ਤੇ ਅੱਗੇ ਵੀ ਕਿਸਾਨਾਂ ਦੀਆਂ ਮੰਗਾਂ ਕੇਂਦਰ ਸਰਕਾਰ ਤੱਕ ਪਹੁਚਾਉਂਦੇ ਰਹਿਣਗੇ। ਇਥੇ ਭਾਜਪਾ ਦੇ ਜ਼ਿਲ੍ਹਾ ਦਫ਼ਤਰ ’ਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪ੍ਰਨੀਤ ਕੌਰ ਨੇ ਕਿਹਾ ਕਿ ਹੁਣ ਚੋਣ ਜ਼ਾਬਤੇ ਦੌਰਾਨ ਕੋਈ ਵੀ ਮੰਗ ਨਹੀਂ ਮੰਨੀ ਜਾ ਸਕਦੀ, ਸਗੋਂ ਚੋਣਾਂ ਤੋਂ ਬਾਅਦ ਹੀ ਇਨ੍ਹਾਂ ਦੀਆਂ ਮੰਗਾਂ ਦਾ ਕੁਝ ਹੋ ਸਕਦਾ ਹੈ। ਕਿਸਾਨਾਂ ਨਾਲ ਗੱਲਬਾਤ ਜਾਰੀ ਰਹੇਗੀ ਅਤੇ ਸਿੱਟਾ ਵੀ ਗੱਲਬਾਤ ਕਰ ਕੇ ਹੀ ਨਿਕਲੇਗਾ। ਪ੍ਰਨੀਤ ਕੌਰ ਨੇ ਕਿਹਾ ਕਿ ਕਿਸਾਨ ਇਕੱਠੇ ਹੋ ਕੇ ਆਪਣੀ ਗੱਲ ਰੱਖਣ ਅਤੇ ਉਹ ਜਿੱਥੇ ਕਿਸਾਨ ਕਹਿਣਗੇ ਉਨ੍ਹਾਂ ਦੀ ਗੱਲ ਰੱਖਣ ਨੂੰ ਤਿਆਰ ਹਨ।ਉਨ੍ਹਾਂ ਕਿਹਾ ਕਿ ਕੇਜਰੀਵਾਲ ਦੀ ਗ੍ਰਿਫਤਾਰੀ ’ਚ ਕੋਈ ਵੀ ਗੱਲ ਰਾਜਨੀਤੀ ਤੋਂ ਪੇ੍ਰਿਤ ਨਹੀਂ ਹੈ ਕਿਉਂਕਿ ਦਿੱਲੀ ਸ਼ਰਾਬ ਘੁਟਾਲੇ ’ਚ ਮਾਣਯੋਗ ਹਾਈ ਕੋਰਟ ਦੀਆਂ ਟਿੱਪਣੀਆਂ ਨੇ ਸਾਬਿਤ ਕਰ ਦਿੱਤਾ ਹੈ ਕਿ ਇਸ ਘੁਟਾਲੇ ’ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਮੁੱਖ ਭੂਮਿਕਾ ਸੀ ਅਤੇ ਇਹ ਪਾਲਿਸੀ ਉਨ੍ਹਾਂ ਦੀ ਦੇਖਰੇਖ ਹੇਠ ਬਣਾਈ ਗਈ ਸੀ। ਜਿਹੜਾ ਕੇਜਰੀਵਾਲ ਕੱਟੜ ਇਮਾਨਦਾਰ ਬਣਨ ਦਾ ਦਿਖਾਵਾ ਕਰਦਾ ਸੀ ਉਸਦਾ ਸਾਰਾ ਸੱਚ ਲੋਕਾਂ ਦੇ ਸਾਹਮਣੇ ਆ ਚੁੱਕਿਆ ਹੈ।ਇਹ ਆਮ ਆਦਮੀ ਪਾਰਟੀ ਦੇ ਮੂੰਹ ’ਤੇ ਕਰਾਰੀ ਚਪੇੜ ਹੈ ਜੋ ਇਹ ਕਹਿ ਰਹੀ ਹੈ ਕਿ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਰਾਜਨੀਤੀ ਤੋਂ ਪੇ੍ਰਰਿਤ ਹੈ। ਲੋਕਾਂ ਨੂੰ ਸਬਜਬਾਗ ਦਿਖਾ ਕੇ ਜਿਆਦਾ ਟਾਈਮ ਮੁਰਖ ਨਹੀਂ ਬਣਾਇਆ ਜਾ ਸਕਦਾ ਅਤੇ ਲੋਕਾਂ ਨੂੰ ਭਰਮਾਉਣਾ ਬੰਦ ਕਰਨ ਆਮ ਆਦਮੀ ਕਹਾਉਣ ਵਾਲੇ। ਉਨ੍ਹਾਂ ਕਿਹਾ ਕਿ ਇਹ ਸ਼ਰਮਨਾਕ ਹੈ ਕਿ ਦਿੱਲੀ ਦਾ ਅਕਸ ਵੀ ਸ਼ਰਾਬ ਕਾਰਨ ਵਿਸ਼ਵ ਪੱਧਰ ’ਤੇ ਖਰਾਬ ਹੋਇਆ ਹੈ ਅਤੇ ਹੁਣ ਜਦੋਂ ਕਿ ਅਦਾਲਤ ਨੇ ਵੀ ਉਨ੍ਹਾਂ ਦੀ ਭੂਮਿਕਾ ਨੂੰ ਬਰਕਰਾਰ ਰੱਖਿਆ ਹੈ, ਇਸ ਲਈ ਅਰਵਿੰਦ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ।
ਆਪਣੀ ਪਿਛਲੀ ਟਰਮ ਦੀ ਕਾਰਗੁਜਾਰੀ ’ਤੇ ਪ੍ਰਨੀਤ ਕੌਰ ਨੇ ਆਖਿਆ ਕਿ ਉਹ ਭਾਜਪਾ ਦੀਆਂ ਕੇਂਦਰੀ ਨੀਤੀਆਂ ਤੇ ਲੋਕ ਮੁੱਦੇ ਲੈ ਕੇ ਚੋਣ ਮੈਦਾਨ ’ਚ ਉਤਰੇਗੀ। ਉਨ੍ਹਾਂ ਕਿਹਾ ਕਿ ਪਟਿਆਲਾ ਜ਼ਿਲ੍ਹੇ ’ਚ ਸਭ ਤੋਂ ਵੱਡਾ ਮੁੱਦਾ ਘੱਗਰ ਦਰਿਆ ਦਾ ਹੈ, ਜਿਸ ਸਬੰਧੀ ਉਹ ਕੇਂਦਰ ਸਰਕਾਰ ਤੋਂ 1400 ਕਰੋੜ ਰੁਪਏ ਪਾਸ ਕਰਵਾ ਕੇ ਲਿਆਏ ਹਨ।ਇਸ ਮੌਕੇ ਭਾਜਪਾ ਮਹਿਲਾ ਮੋਰਚਾ ਦੇ ਸੂਬਾ ਪ੍ਰਧਾਨ ਜੈਇੰਦਰ ਕੌਰ, ਸਾਬਕਾ ਮੇਅਰ ਤੇ ਸ਼ਹਿਰੀ ਪ੍ਰਧਾਨ ਸੰਜੀਵ ਸਰਮਾ ਬਿੱਟੂ, ਸਾਬਕਾ ਚੇਅਰਮੈਨ ਕੇ.ਕੇ. ਸ਼ਰਮਾਂ, ਕੇ.ਕੇ. ਮਲਹੋਤਰਾ ਸਮੇਤ ਹੋਰ ਵੀ ਹਾਜ਼ਰ ਸਨ।