ਪਟਿਆਲਾ : ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਦਿਸ਼ਾ ਨਿਰਦੇਸ਼ਾਂ ’ਤੇ ਪੰਥਕ ਢਾਡੀ ਭਾਈ ਸ਼ੇਰ ਸਿੰਘ ਨਮੋਲ ਨੂੰ ਸਹਾਇਤਾ ਰਾਸ਼ੀ ਭੇਜੀ ਗਈ। ਇਸ ਸਬੰਧੀ ਜਾਣਕਾਰੀ ਸ਼ੋ੍ਮਣੀ ਕਮੇਟੀ ਮੈਂਬਰ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ ਅਤੇ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਭਾਈ ਸ਼ੇਰ ਸਿੰਘ ਨਮੋਲ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਜ਼ਿੰਦਗੀ ਮੌਤ ਦੀ ਲੜਾਈ ਨਾਲ ਜੂਝ ਰਿਹਾ ਹੈ, ਜਿਨ੍ਹਾਂ ਦੇ ਪਰਿਵਾਰ ਵੱਲੋਂ ਸ਼ੋ੍ਮਣੀ ਕਮੇਟੀ ਤੱਕ ਇਲਾਜ ਲਈ ਸਹਾਇਤਾ ਰਾਸ਼ੀ ਦੀ ਮੰਗ ਕੀਤੀ ਗਈ ਸੀ, ਜਿਸ ਨੂੰ ਪ੍ਰਵਾਨ ਕਰਦਿਆਂ ਸ਼ੋ੍ਮਣੀ ਕਮੇਟੀ ਨੇ ਭਾਈ ਸ਼ੇਰ ਸਿੰਘ ਨੂੰ ਇਲਾਜ ਲਈ ਇਕ ਲੱਖ ਰੁਪਏ ਤੱਕ ਦੀ ਸਹਾਇਤਾ ਰਾਸ਼ੀ ਭੇਜੀ ਹੈ। ਜਥੇਦਾਰ ਕਰਤਾਰਪੁਰ ਨੇ ਦੱਸਿਆ ਕਿ ਰਾਜਿੰਦਰਾ ਹਸਪਤਾਲ ਦੇ ਵਾਰਡ ਨੰ: 5 ਵਿਚ ਜੇਰੇ ਇਲਾਜ ਭਾਈ ਸ਼ੇਰ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਪ੍ਰਮਾਤਮਾ ਅੱਗੇ ਜਿਥੇ ਉਨ੍ਹਾਂ ਦੀ ਸਿਹਤਯਾਬੀ ਨੂੰ ਲੈ ਕੇ ਅਰਦਾਸ ਕੀਤੀ ਗਈ ਹੈ, ਉਥੇ ਸ਼ੋ੍ਮਣੀ ਕਮੇਟੀ ਵੱਲੋਂ ਭੇਜੀ ਸਹਾਇਤਾ ਰਾਸ਼ੀ ਪਰਿਵਾਰ ਤੱਕ ਪਹੁੰਚਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੰਥਕ ਸਫਾਂ ਵਿਚ ਆਪਣਾ ਯੋਗਦਾਨ ਪਾਉਣ ਵਾਲੇ ਭਾਈ ਸ਼ੇਰ ਸਿੰਘ ਨਮੋਲ ਦੀਆਂ ਸੇਵਾਵਾਂ ਨੂੰ ਅਣਡਿੱਠ ਕਰਕੇ ਨਹੀਂ ਵੇਖਿਆ ਜਾ ਸਕਦਾ। ਇਸ ਦੌਰਾਨ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਸ਼ੋ੍ਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਪੰਥ ਦਰਦੀਆਂ ਨੂੰ ਅਪੀਲ ਕੀਤੀ ਹੈ ਕਿ ਭਾਈ ਸ਼ੇਰ ਸਿੰਘ ਨਮੋਲ ਦੇ ਇਲਾਜ ਲਈ ਅੱਗੇ ਆਉਣ ਤੇ ਆਪਣਾ ਵੱਡਮੁੱਲਾ ਯੋਗਦਾਨ ਦੇਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼ੋ੍ਮਣੀ ਕਮੇਟੀ ਦੇ ਸੁਪਰਵਾਈਜਰ ਸ. ਜੋਗਾ ਸਿੰਘ ਅਤੇ ਸਟਾਫ ਮੈਂਬਰ ਸ਼ਾਮਲ ਸਨ।