ਸੁਨਾਮ : ਬਲਾਕ ਕਾਂਗਰਸ ਕਮੇਟੀ ਸੁਨਾਮ ਦੇ ਪ੍ਰਧਾਨ ਅਤੇ ਕੌਂਸਲਰ ਮਨਪ੍ਰੀਤ ਸਿੰਘ ਮਨੀ ਵੜ੍ਹੈਚ ਨੇ ਆਪਣੇ ਸਾਥੀਆਂ ਸਮੇਤ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਦਕਰ ਦੇ 134ਵੇਂ ਜਨਮ ਦਿਹਾੜੇ ਮੌਕੇ ਵਾਲਮੀਕਿ ਨਗਰ ਵਿਖੇ ਸਥਾਪਿਤ ਬਾਬਾ ਸਾਹਿਬ ਦੀ ਪ੍ਰਤਿਮਾ ਤੇ ਫੁੱਲ ਅਰਪਣ ਕਰਕੇ ਸ਼ਰਧਾਂਜਲੀ ਭੇਂਟ ਕੀਤੀ। ਇਸ ਮੌਕੇ ਕਾਂਗਰਸੀ ਆਗੂ ਮਨੀ ਵੜ੍ਹੈਚ ਨੇ ਕਿਹਾ ਕਿ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਨੇ ਦਬੇ ਕੁਚਲੇ ਸਮਾਜ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਅਤੇ ਬਣਦੇ ਹੱਕ ਦਿਵਾਉਣ ਲਈ ਮੋਹਰੀ ਫਰਜ਼ ਅਦਾ ਕੀਤਾ। ਉਨ੍ਹਾਂ ਕਿਹਾ ਕਿ ਸਮੇਂ ਸਮੇਂ ਦੀਆਂ ਸਰਕਾਰਾਂ ਵੱਲੋਂ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਵੱਲੋਂ ਬਣਾਏ ਸੰਵਿਧਾਨ ਤੇ ਅਮਲ ਕਰਕੇ ਬਣਦੇ ਹੱਕ ਦਿੱਤੇ ਲੇਕਿਨ ਸੂਬੇ ਦੀ ਮੌਜੂਦਾ ਭਗਵੰਤ ਮਾਨ ਸਰਕਾਰ ਡਾਕਟਰ ਅੰਬੇਦਕਰ ਦੇ ਸੁਪਨਿਆਂ ਨੂੰ ਅਣਗੌਲਿਆਂ ਕਰ ਰਹੀ ਹੈ। ਮਨੀ ਵੜ੍ਹੈਚ ਨੇ ਕਿਹਾ ਕਿ ਭੀਮ ਰਾਓ ਅੰਬੇਦਕਰ ਨੇ ਦੇਸ਼ ਦੀ ਜਵਾਨੀ ਨੂੰ ਨਸ਼ਿਆਂ ਤੋਂ ਦੂਰ ਰਹਿੰਦੇ ਹੋਏ ਆਪਣੇ ਦੇਸ਼ ਨੂੰ ਬਿਹਤਰ ਬਣਾਉਣ ਲਈ ਇੱਕ ਚੰਗ਼ਾ ਢਾਂਚਾ ਸਿਰਜਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਦੇਸ ਰਾਜ ਸਿੱਖਣ, ਕਿਰਨਦੀਪ ਸਹੋਤਾ, ਸਾਹਿਲ, ਅਜੇ ਕਾਂਗੜਾ, ਹਨੀ ਸਿੱਖਣ, ਕਰਮਜੀਤ ਕੌਰ ਮਾਡਲ ਟਾਊਨ, ਸੰਦੀਪ ਕੌਰ, ਸ਼ਸ਼ੀ ਬਾਲਾ, ਦੀਪਕ ਅਗਰਵਾਲ ਆਦਿ ਹਾਜ਼ਰ ਸਨ।