ਖੰਨਾ : ਪੰਥ ਖਾਲਸਾ ਸਾਜਨਾ ਦਿਵਸ ਵਿਸਾਖੀ ਦੀ ਖੁਸ਼ੀ ਵਿੱਚ ਵਾਰਡ ਨੰ.2 ਗੁਰੂ ਨਾਨਕ ਨਗਰ ਦੇ ਗੁਰਦੁਆਰਾ ਸਿੰਘ ਸਭਾ ਸਾਹਿਬ ਦੇ ਪ੍ਰਬੰਧਕਾਂ ਅਤੇ ਸਮੂਹ ਇਲਾਕਾਵਾਸੀਆਂ ਦੇ ਸਹਿਯੋਗ ਦੇ ਨਾਲ ਬੀਤੀ ਰਾਤ ਵਿਸ਼ਾਲ ਧਾਰਮਿਕ ਦੀਵਾਨ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਚ ਸੰਗਤਾਂ ਨੇ ਹਾਜਰੀ ਭਰੀ। ਇਹ ਸਮਾਗਮ ਰਾਤ 10 ਵਜੇ ਤੱਕ ਚੱਲਿਆ ਜਿਸ ਵਿੱਚ ਸੰਤ ਬਾਬਾ ਬੇਅੰਤ ਸਿੰਘ ਜੀ ਪੰਜਰੁਖਾ ਵਾਲਿਆਂ ਅਤੇ ਉਨ੍ਹਾਂ ਦੇ ਸਮੂਹ ਜਥੇ ਨੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਵਲੋਂ ਸਾਜੇ ਗਏ ਪੰਥ ਖਾਲਸਾ ਸਾਜਨੀ ਦਿਵਸ ਦਾ ਪੂਰਾ ਇਤਿਹਾਸ ਸੰਗਤਾਂ ਦੇ ਨਾਲ ਸਾਂਝਾ ਕੀਤਾ ਅਤੇ ਗੁਰੂ ਸਾਹਿਬ ਜੀ ਵਲੋਂ ਪਾਹੁਲ ਖੰਡੇ ਦੀ ਧਾਰ ਵਿੱਚੋਂ ਸਜਾਏ ਪੰਜ ਸਿੰਘ ਸਾਹਿਬਾਨਾਂ ਦੇ ਜੀਵਨ ਬਾਰੇ ਵੀ ਚਾਨਣਾਂ ਪਾਇਆ।
ਭਾਈ ਬੇਅੰਤ ਸਿੰਘ ਜੀ ਨੇ ਦੱਸਿਆ ਕਿ ਦਸਮ ਪਿਤਾ ਜੀ ਨੇ ਮਾਨਵਤਾ ਦੀ ਰੱਖਿਆ ਵਾਸਤੇ ਇਕ ਵੱਖਰੀ ਕੌਮ ਬਣਾਈ ਜੋ ਧਰਮ ਅਤੇ ਮਾਨਵਤਾ ਦੀ ਰੱਖਿਆ, ਜੁਲਮ ਦਾ ਮੂੰਹ ਮੋੜਨ ਦੇ ਨਾਲ-ਨਾਲ ਮੀਰੀ ਅਤੇ ਪੀਰੀ ਦੇ ਸਿਧਾਂਤ ਨਾਲ ਲੈਸ ਹੈ। ਭਾਈ ਸਾਹਿਬ ਦੀ ਕਥਾ ਸੁਣਕੇ ਪੰਡਾਲ ਬੋਲੇ ਸੋ ਨਿਹਾਲ ਦੇ ਜੈਕਾਰÇਆਂ ਨਾਲ ਗੂੰਜ ਉਠਿਆ। ਅਖੀਰ ਵਿੱਚ ਸ਼੍ਰੀ ਆਨੰਦ ਸਾਹਿਬ ਦੇ ਪਾਠ ਉਪਰੰਤ ਅਰਦਾਸ ਹੋਈ ਜਿਸ ਵਿੱਚ ਹੈਡ ਗ੍ਰੰਥੀ ਭਾਈ ਗੁਰਵਿੰਦਰ ਸਿੰਘ ਜੀ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਸਭਨਾ ਲਈ ਗੁਰੂ ਦਾ ਅਤੁੱਟ ਲੰਗਰ ਵੀ ਬਰਤਾਇਆ ਗਿਆ। ਇਸ ਮੌਕੇ ਤੇ ਸਮਾਗਮ ਵਿੱਚ ਗੁਰਦੁਆਰਾ ਭਾਟ ਸਿੰਘ ਸਭਾ, ਨਿਉ ਜੈ ਮਾਂ ਅੰਬੇ ਕਲੱਬ ਖੰਨਾ, ਭਾਟ ਸਿੱਖ ਐਂਡ ਯੂਕੇ ਕਲੱਬ ਦੇ ਪ੍ਰਬੰਧਕਾਂ ਨੂੰ ਸਿਰੋਪਾਓ ਪ੍ਰਦਾਨ ਕਰਕੇ ਸਨਮਾਨ ਕੀਤਾ ਗਿਆ। ਸਮਾਗਮ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁੱਦੇਦਾਰਾਂ ਅਤੇ ਇਲਾਕਾ ਵਾਸੀਆਂ ਨੂੰ ਪ੍ਰਬੰਧਕ ਵਲੋਂ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਤੇ ਸੁਰਜੀਤ ਸਿੰਘ, ਸਨਦੀਪ ਸਿੰਘ, ਮਨਦੀਪ ਸਿੰਘ, ਜਰਨੈਲ ਸਿੰਘ, ਸਰੂਪ ਸਿੰਘ, ਸਤਿਗੁਰ ਸਿੰਘ, ਰਵੀ ਸੇਠੀ, ਚਰਨ ਸਿੰਘ, ਹਰਪ੍ਰੀਤ ਸਿੰਘ, ਕਿੰਮੀ, ਬੀਬੀ ਕੁਲਵੰਤ ਕੌਰ, ਮਨਜੀਤ ਕੌਰ, ਜਸਪ੍ਰੀਤ ਕੌਰ ਸਮੇਤ ਵੱਡੀ ਗਿਣਤੀ ਚ ਇਲਾਕਾ ਵਾਸੀ ਮੌਜੂਦ ਸਨ।