ਕਿਸਾਨ ਸੁੱਕੀ ਫਸਲ ਹੀ ਮੰਡੀ ਵਿਚ ਲੈ ਕੇ ਆਉਣ
ਮਾਲੇਰਕੋਟਲਾ : ਡਿਪਟੀ ਕਮਿਸ਼ਨਰ ਡਾ ਪੱਲਵੀ ਨੇ, ਜ਼ਿਲ੍ਹਾ ਖੁਰਾਕ ਅਤੇ ਸਿਵਲ ਸਪਲਾਈਜ਼ ਵਿਭਾਗ, ਮੰਡੀ ਬੋਰਡ ਅਤੇ ਵੱਖ ਵੱਖ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਆਪੋ-ਆਪਣੇ ਅਧਿਕਾਰ ਖੇਤਰ ਦੀਆਂ ਅਨਾਜ ਮੰਡੀਆਂ ਦਾ ਲਗਾਤਾਰ ਦੌਰਾ ਕਰਨ ਦੇ ਆਦੇਸ਼ ਦਿੱਤੇ ਤਾਂ ਜੋ ਕਣਕ ਦੀ ਤੁਰੰਤ ਖਰੀਦ ਅਤੇ ਨਿਰਵਿਘਨ ਲਿਫਟਿੰਗ ਨੂੰ ਯਕੀਨੀ ਬਣਾਇਆ ਜਾ ਸਕੇ। ਵੱਖ ਵੱਖ ਖਰੀਦ ਏਜੰਸੀਆਂ ਦੇ ਨੁਮਾਇੰਦਿਆ ਨੂੰ ਸਪੱਸ਼ਟ ਕਰਦਿਆ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਨਾਜ ਦੀ ਖਰੀਦ ਵਿੱਚ ਕਿਸੇ ਵੀ ਤਰ੍ਹਾਂ ਦੀ ਬੇਲੋੜੀ ਦੇਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਫਸਲ ਦੇ ਮੰਡੀ ਵਿੱਚ ਆਉਂਦੇ ਸਾਰ ਹੀ ਖ਼ਰੀਦਣ ਲਈ ਸਮੁੱਚੀ ਸਰਕਾਰੀ ਮਸ਼ੀਨਰੀ ਨੂੰ ਸ਼ਾਮਲ ਕਰਕੇ ਵਿਸਤ੍ਰਿਤ ਪ੍ਰਬੰਧ ਕੀਤੇ ਜਾਣ। ਕਿਸਾਨਾਂ ਨੂੰ ਮੰਡੀਆਂ ਵਿੱਚ ਕਿਸੇ ਕਿਸਮ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ। ਡਿਪਟੀ ਕਮਿਸ਼ਨਰ ਨੇ ਖਰੀਦ ਪ੍ਰਬੰਧਾ ਦੀ ਸਮੀਖਿਆ ਕਰਦਿਆ ਕਿਹਾ ਕਿ ਕਣਕ ਦੀ ਖਰੀਦ ਲਈ ਬਾਰਦਾਨਾ ਦਾ ਪ੍ਰਬੰਧ ਕਰ ਲਿਆ ਗਿਆ ਹੈ ਅਤੇ ਸਟੋਰੇਜ ਦੀ ਵੀ ਵਿਵਸਥਾ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੀ ਹਰ ਇੱਕ ਮੰਡੀ ਵਿੱਚ ਖਰੀਦ ਏਜੰਸੀਆਂ ਵੱਲੋਂ ਖਰੀਦੀ ਗਈ ਕਣਕ ਨੂੰ 72 ਘੰਟਿਆਂ ਦੇ ਅੰਦਰ-ਅੰਦਰ ਮੰਡੀ ਵਿਚੋਂ ਚੁੱਕਕੇ ਭੰਡਾਰ ਕਰਨ ਵਾਲੀ ਥਾਂ ਤੇ ਸਟੋਰ ਕਰਨ ਲਈ ਸਰਕਾਰ ਵੱਲੋਂ ਲੇਬਰ, ਲੇਬਰ-ਕਾਰਟੇਜ, ਟਰਾਂਸਪੋਰਟੇਸ਼ਨ ਦੇ ਟੈਂਡਰ ਪਹਿਲਾਂ ਹੀ ਵਿਵਸਥਿਤ ਕੀਤੀ ਜਾ ਚੁੱਕੀ ਹੈ।ਡਿਪਟੀ ਕਮਿਸ਼ਨਰ ਹਦਾਇਤ ਕਰਦਿਆ ਕਿਹਾ ਕਿ ਮੰਡੀਆਂ ਵਿੱਚ ਸਫਾਈ, ਛਾਂ, ਅਤੇ ਪੀਣ ਦੇ ਪਾਣੀ ਦੇ ਢੁਕਵੇਂ ਪ੍ਰਬੰਧ ਕੀਤੇ ਜਾਣ। ਉਨ੍ਹਾਂ ਹੋਰ ਕਿਹਾ ਕਿ ਕਿਸਾਨਾਂ ਦੀ ਮੰਡੀਆਂ ਵਿੱਚ ਪੁਜੀ ਫਸਲ ਨੂੰ ਬਰਸਾਤ ਤੋਂ ਬਚਾਉਣ ਲਈ ਤਰਪਾਲਾਂ ਦੇ ਪੁਖੱਤਾ ਪ੍ਰਬੰਧ ਕੀਤੇ ਜਾਣ। ਕਿਸਨਾਂ ਨੂੰ ਮੰਡੀ ਵਿੱਚ ਮੁਸ਼ਕਿਲ ਨਾ ਆਉਣ ਦਿੱਤੀ ਜਾਵੇ ਅਤੇ ਕਣਕ ਦੀ ਲਿਫਟਿੰਗ ਅਤੇ ਅਦਾਇਗੀ ਨਿਰਧਾਰਿਤ ਸਮੇਂ ਸੀਮਾਂ ਤਹਿਤ ਕਰਨ ਨੂੰ ਯਕੀਨੀ ਬਣਾਇਆ ਜਾਵੇ । ਉਹਨਾਂ ਕਿਹਾ ਕਿ ਕਣਕ ਖਰੀਦ ਦੇ ਕੰਮ ਵਿੱਚ ਕਿਸੇ ਪ੍ਰਕਾਰ ਦਾ ਢਿਲ ਕਰਨ ਤੇ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਇਸ ਮੌਕੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਸੁੱਕੀ ਫਸਲ ਹੀ ਮੰਡੀ ਵਿਚ ਲੈ ਕੇ ਆਉਣ ਤਾਂ ਜੋ ਉਨ੍ਹਾਂ ਨੂੰ ਫਸਲ ਵੇਚਣ ਵਿਚ ਕੋਈ ਦਿੱਕਤ ਨਾ ਆਵੇ। ਇਸ ਮੌਕੇ ਜ਼ਿਲ੍ਹਾ ਮੰਡੀ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਖਰੀਦ ਕੇਂਦਰਾਂ ਤੇ ਸਰਕਾਰੀ ਖਰੀਦ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਨਿਰਵਿਘਨ ਖਰੀਦ ਲਈ ਏਂਜਸੀਆਂ ਵੀ ਖਰੀਦ ਲਈ ਤਿਆਰ ਹਨ।ਇਸ ਮੌਕੇ ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈ ਅਫ਼ਸਰ ਸ੍ਰੀਮਤੀ ਡੇਜੀ ਖੋਸਲਾ, ਡੀ.ਐਮ. ਵੇਅਰਹਾਊਸ ਸ੍ਰੀ ਗਗਨਦੀਪ ਸਿੰਘ, ਡੀ.ਐਮ. ਪਨਸਪ ਸ੍ਰੀ ਮਨਪ੍ਰੀਤ ਸਿੰਘ, ਮੈਨੇਜਰ ਮਾਰਕਫੈਂਡ ਸ੍ਰੀਮਤੀ ਰਵਿੰਦਰ ਕੌਰ ਤੋਂ ਇਲਾਵਾ ਮਾਰਕੀਟ ਕਮੇਟੀ ਦੇ ਅਧਿਕਾਰੀ ਮੌਜੂਦ ਸਨ।