ਪਟਿਆਲਾ : ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਵੱਲੋਂ ਬੀਤੇ ਦਿਨੀਂ ਇਕ ਰੈਲੀ ਵਿੱਚ ਬੋਲਦੇ ਹੋਏ ਸਵਰਨਕਾਰ ਅਤੇ ਤਰਖਾਨ ਬਰਾਦਰੀ ਸੰਬੰਧੀ ਬੋਲੀ ਗਈ ਮਾੜੀ ਸ਼ਬਦਾਬਲੀ ਦੇ ਕਾਰਨ ਉਸਦੇ ਖਿਲਾਫ ਸ਼ੁਰੂ ਹੋਇਆ ਰੋਸ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਇਸੇ ਤਹਿਤ ਸਵਰਨਕਾਰ ਸੰਘ ਤਹਿਸੀਲ ਪਟਿਆਲਾ ਦੀ ਇੱਕ ਵਿਸ਼ੇਸ਼ ਮੀਟਿੰਗ ਸ਼ਹਿਰੀ ਪ੍ਰਧਾਨ ਪਰਵੀਨ ਕੁਮਾਰ ਲੱਕੀ ਦੀ ਅਗੁਵਾਈ ਵਿਚ ਇਥੇ ਹੋਈ, ਜਿਸ ਵਿਚ ਟਰਾਂਪੋਰਟ ਮੰਤਰੀ ਲਾਲਜੀਤ ਭੁੱਲਰ ਵੱਲੋਂ ਸਤਿਕਾਰਯੋਗ ਸਵਰਨਕਾਰ ਬਰਾਦਰੀ ਸਮੇਤ ਹੋਰ ਜਾਤਿ ਬਾਰੇ ਬੋਲੀ ਗਈ ਮਾੜੀ ਸ਼ਬਦਾਬਲੀ ਦੀ ਕੜੀ ਨਿੰਦਾ ਕੀਤੀ ਗਈ। ਇਸ ਕਾਰਨ ਸਮੂਹ ਸਵਰਨਕਾਰ ਭਾਈਚਾਰੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇੱਕ ਸਿਆਸੀ ਵਿਅਕਤੀ, ਉਹ ਵੀ ਮੰਤਰੀ ਦੇ ਅਹੁਦੇ ਉਤੇ ਹੁੰਦੇ ਹੋਏ ਇਸ ਤਰ੍ਹਾਂ ਲਾਪਰਵਾਹੀ ਨਾਲ ਕਿਸੇ ਜਾਤਿ ਬਾਰੇ ਬੋਲੇ, ਇਹ ਕਿਹੋ ਜਿਹੀ ਮਾੜੀ ਰਾਜਨੀਤੀ ਹੈ।
ਸਮੂਹ ਸਵਰਨਕਾਰ ਭਾਈਚਾਰੇ ਨੇ ਸਰਵਸੰਮਤੀ ਨਾਲ ਫੈਸਲਾ ਕੀਤਾ ਕਿ ਉਸ ਮਾਮਲੇ ਉਤੇ ਅੱਗੇ ਦੀ ਕਾਰਵਾਈ ਸਵਰਨਕਾਰ ਸੰਘ ਪੰਜਾਬ ਦੇ ਪ੍ਰਧਾਨ ਸ਼੍ਰੀ ਕਰਤਾਰ ਸਿੰਘ ਜੌੜਾ ਅਤੇ ਜਿਲ੍ਹਾ ਪ੍ਰਧਾਨ ਭੀਮ ਸੈਨ ਵਰਮਾ ਦੇ ਹੁਕਮਾਂ ਮੁਤਾਬਿਕ ਕੀਤੀ ਜਾਵੇਗੀ। ਇਸ ਮੀਟਿੰਗ ਵਿੱਚ ਜਰਨਲ ਸਕੱਤਰ ਅਸ਼ੋਕ ਕੁਮਾਰ ਵਰਮਾ ਭੱਪ, ਕੈਸ਼ੀਅਰ ਤਵਿੰਦਰ ਕੁਮਾਰ, ਤਰਲੋਚਨ ਸਿੰਘ, ਜਸਪਾਲ ਸਿੰਘ, ਪਵਨ ਕੁਮਾਰ, ਕੁਲਵੰਤ ਸਿੰਘ ਬਬਲੂ, ਵਰਿੰਦਰ ਵਰਮਾ ਡਿੰਪੀ, ਸਚਿਨ ਵਰਮਾ, ਕਿਸ਼ਨ ਲਾਲ ਤੇ ਹੋਰ ਸਵਰਨਕਾਰ ਮੌਜੂਦ ਸਨ। ਜ਼ਿਕਰਯੋਗ ਹੈ ਕਿ ਬੀਤੇ ਦਿਨ ਰਾਮਗੜ੍ਹੀਆ ਅਕਾਲ ਜਥੇਬੰਦੀ ਵੱਲੋਂ ਵੀ ਇਸੇ ਮਾਮਲੇ ਨੂੰ ਲੈਕੇ ਡਿਪਟੀ ਕਮਿਸ਼ਨਰ ਪਟਿਆਲਾ ਰਾਹੀਂ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਗਈ ਹੈ।